ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਨੌਜਵਾਨਾਂ ਨੂੰ 61000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲੀਆਂ

ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਕਾਬਲੀਅਤ ਤੇ ਯੋਗਤਾ ਦੀ ਕਦਰ ਨਹੀਂ ਕੀਤੀ ਸਗੋਂ ਇਨ੍ਹਾਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜਿਆਂ ਅਤੇ ਚਹੇਤਿਆਂ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ। ਇਨ੍ਹਾਂ ਸਰਕਾਰਾਂ ਨੇ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਵਿੱਚ ਭਟਕਦੇ ਨੌਜਵਾਨਾਂ ਦਾ ਦੁੱਖ-ਦਰਦ ਨਹੀਂ ਸਮਝਿਆ। ਅਸੀਂ ਚਾਰ ਸਾਲਾਂ ਵਿੱਚ ਪੰਜਾਬ ਦੇ ਹਰੇਕ ਪਿੰਡ, ਸ਼ਹਿਰ ਤੇ ਕਸਬੇ ਦੇ ਨੌਜਵਾਨ ਨੂੰ ਕਾਬਲੀਅਤ ਅਤੇ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਤਾਂ ਕਿ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ।

Share:

ਪੰਜਾਬ ਸਰਕਾਰ ਦੇ ‘ਮਿਸ਼ਨ ਰੋਜ਼ਗਾਰ’ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਟੈਗੋਰ ਥੀਏਟਰ ਵਿਖੇ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਨਾਲ ਪੰਜਾਬ ਵਿੱਚ ਪਹਿਲੀ ਵਾਰ ਚਾਰ ਸਾਲਾਂ ਵਿੱਚ ਨੌਜਵਾਨਾਂ ਨੂੰ 61,000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲਣ ਦਾ ਨਵਾਂ ਰਿਕਾਰਡ ਕਾਇਮ ਹੋਇਆ ਹੈ।

ਇਹਨਾ ਉਮੀਦਵਾਰਾਂ ਵਿੱਚ 385 ਸਪੈਸ਼ਲ ਐਜੂਕੇਟਰ ਟੀਚਰ, 157 ਪ੍ਰਾਇਮਰੀ ਟੀਚਰ, 8 ਪ੍ਰਿੰਸੀਪਲ ਅਤੇ ਤਰਸ ਦੇ ਆਧਾਰ ’ਤੇ ਭਰਤੀ ਹੋਏ 56 ਮੁਲਾਜ਼ਮ ਹਨ।

ਨਵ-ਨਿਯੁਕਤ ਉਮੀਦਵਾਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਗਈਆਂ ਹਨ ਅਤੇ ਕਦੇ ਵੀ ਕਿਸੇ ਨਿਯੁਕਤੀ ਨੂੰ ਅਦਾਲਤੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਪ੍ਰੈਲ, 2022 ਤੋਂ ਸਰਕਾਰੀ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ 61281 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਅੱਜ ਵੀ ਉਹ ਸਮਾਂ ਯਾਦ ਹੈ ਕਿ ਜਦੋਂ ਨੌਜਵਾਨ ਨਿਯੁਕਤੀ ਪੱਤਰ ਦੀ ਆਸ ਵਿੱਚ ਸਾਲਾਂਬੱਧੀ ਡਾਕੀਏ ਨੂੰ ਉਡੀਕਦੇ ਰਹਿੰਦੇ ਸਨ ਪਰ ਹੁਣ ਉਹ ਦੌਰ ਖਤਮ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਖੁਦ ਨਿਯੁਕਤੀ ਪੱਤਰ ਵੰਡ ਕੇ ਸਤਿਕਾਰ ਦੇ ਰਹੀ ਹੈ।

ਪਿਛਲੀਆਂ ਸਰਕਾਰਾਂ ਨੇ ਕਾਬਲੀਅਤ ਤੇ ਯੋਗਤਾ ਦੀ ਕਦਰ ਨਹੀਂ ਕੀਤੀ

ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਕਾਬਲੀਅਤ ਤੇ ਯੋਗਤਾ ਦੀ ਕਦਰ ਨਹੀਂ ਕੀਤੀ ਸਗੋਂ ਇਨ੍ਹਾਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜਿਆਂ ਅਤੇ ਚਹੇਤਿਆਂ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ। ਇਨ੍ਹਾਂ ਸਰਕਾਰਾਂ ਨੇ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਵਿੱਚ ਭਟਕਦੇ ਨੌਜਵਾਨਾਂ ਦਾ ਦੁੱਖ-ਦਰਦ ਨਹੀਂ ਸਮਝਿਆ। ਅਸੀਂ ਚਾਰ ਸਾਲਾਂ ਵਿੱਚ ਪੰਜਾਬ ਦੇ ਹਰੇਕ ਪਿੰਡ, ਸ਼ਹਿਰ ਤੇ ਕਸਬੇ ਦੇ ਨੌਜਵਾਨ ਨੂੰ ਕਾਬਲੀਅਤ ਅਤੇ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਤਾਂ ਕਿ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਰਵਾਇਤੀ ਪਾਰਟੀਆਂ ਦੇ ਸਿਆਸਤਦਾਨ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਚਹੇਤਿਆਂ ਨੂੰ ਹੀ ਪੰਜਾਬ ਸਮਝਦੇ ਸਨ ਪਰ ਮੇਰੇ ਲਈ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ।”

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਪੈਸ਼ਲ ਐਜੂਕੇਟਰ ਟੀਚਰਾਂ ਦਾ ਵੱਖਰਾ ਕਾਡਰ ਬਣਾਇਆ ਗਿਆ ਹੈ ਜਿਸ ਤਹਿਤ ਅੱਜ 385 ਸਪੈਸ਼ਲ ਐਜੂਕੇਟਰ ਟੀਚਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਵੇਂ ਹੁਨਰ ਸਿੱਖਣ ਲਈ ਵੱਡਾ ਲਾਭ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਇਸ ਵੇਲੇ ਵਿਸ਼ੇਸ਼ ਲੋੜਾਂ ਵਾਲੇ ਤਕਰੀਬਨ 48000 ਬੱਚੇ ਪੜ੍ਹ ਰਹੇ ਹਨ।

ਸਪੈਸ਼ਲ ਐਜੂਕੇਟਰ ਟੀਚਰਾਂ ਨੂੰ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਤੁਹਾਡੀ ਡਿਊਟੀ ਸਿਰਫ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਸਗੋਂ ਮਾਨਵਤਾ ਦੀ ਸੇਵਾ ਪ੍ਰਤੀ ਜ਼ਿੰਮੇਵਾਰੀ ਹੈ। ਤੁਸੀਂ ਇਨ੍ਹਾਂ ਬੱਚਿਆਂ ਦੇ ਭਵਿੱਖ ਲਈ ਮਾਪਿਆਂ ਨਾਲੋਂ ਵੀ ਵੱਧ ਭੂਮਿਕਾ ਅਦਾ ਕਰਨੀ ਹੈ। ਮੈਨੂੰ ਤੁਹਾਡੇ ਤੋਂ ਆਸ ਹੈ ਕਿ ਤੁਸੀਂ ਇਸ ਨੇਕ ਕਾਰਜ ਲਈ ਸਮਰਪਿਤ ਹੋ ਕੇ ਕੰਮ ਕਰੋਗੇ।”

ਚੰਗੇ ਭਵਿੱਖ ਦੀ ਡੋਰ ਅਧਿਆਪਕ ਦੇ ਹੱਥ ਹੁੰਦੀ ਹੈ

ਨਵ-ਨਿਯੁਕਤ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਚੰਗੇ ਭਵਿੱਖ ਦੀ ਡੋਰ ਅਧਿਆਪਕ ਦੇ ਹੱਥ ਹੁੰਦੀ ਹੈ ਅਤੇ ਇਕ ਅਧਿਆਪਕ ਦਾ ਫਰਜ਼ ਆਪਣੇ ਵਿਦਿਆਰਥੀਆਂ ਦੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਹੀ  ਵਿਦਿਆਰਥੀ ਦੇ ਦਿਮਾਗ ਨੂੰ ਡਾਕਟਰ, ਇੰਜੀਨੀਅਰ ਅਤੇ ਕਲਾਕਾਰ ਲਈ ਉਸੇ ਤਰ੍ਹਾਂ ਢਾਲਦਾ ਹੈ, ਜਿਵੇਂ ਇਕ ਮੂਰਤੀਕਾਰ ਆਪਣੀਆਂ ਕਲਾਕ੍ਰਿਤਾਂ ਨੂੰ ਆਕਾਰ ਦਿੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਅਧਿਆਪਕ ਦਾ ਬੱਚੇ ਦੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਨਿਰਮਲ ਮਨ ’ਤੇ ਕੁਝ ਵੀ ਉਕਰ ਦਿਓ, ਸਾਰੀ ਜ਼ਿੰਦਗੀ ਮਿਟਦਾ ਨਹੀਂ।”

ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨੇ ਸਿੰਗਾਪੁਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕੀਤੀ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਅਧਿਆਪਕ ਹਨ।  ਉਨ੍ਹਾਂ ਕਿਹਾ ਕਿ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨੇ ਸਿੰਗਾਪੁਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕੀਤੀ ਹੈ, 249 ਮੁੱਖ ਅਧਿਆਪਕਾਂ ਨੇ ਆਈ.ਆਈ.ਐਮ. ਅਹਿਮਦਾਬਾਦ ਵਿੱਚ ਐਡਵਾਂਸਡ ਕੋਚਿੰਗ ਪ੍ਰਾਪਤ ਕੀਤੀ ਹੈ ਅਤੇ 216 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਹਨ, ਜਿਨ੍ਹਾਂ ਦੀ ਚਰਚਾ ਹੁਣ ਦੇਸ਼ ਭਰ ਵਿੱਚ ਹੋ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ 118 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਗ਼ਰੀਬ ਬੱਚਿਆਂ ਦੇ ਸੁਨਹਿਰੇ ਭਵਿੱਖ ਵੱਲ ਸ਼ਾਨਦਾਰ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਖਾਸ ਕਰਕੇ ਲੜਕੀਆਂ ਲਈ ਮੁਫ਼ਤ ਸਕੂਲ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੋਈ ਵੀ ਲੜਕੀ ਸਿੱਖਿਆ ਤੋਂ ਵਾਂਝੀ ਨਾ ਰਹੇ।

2022 ਵਿੱਚ ਸਰਕਾਰੀ ਸਕੂਲਾਂ ਦੇ 28 ਲੱਖ ਬੱਚਿਆਂ ਵਿੱਚੋਂ ਚਾਰ ਲੱਖ ਬੱਚੇ ਜ਼ਮੀਨ ’ਤੇ ਬੈਠ ਕੇ ਪੜ੍ਹਦੇ ਸਨ

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਦੇ ਹਰੇਕ ਸਕੂਲ ਵਿੱਚ ਹੁਣ ਸਿੱਖਿਆ ਕ੍ਰਾਂਤੀ ਦਾ ਸਾਫ ਅਸਰ ਦੇਖਿਆ ਜਾ ਸਕਦਾ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਇਕ ਵੀ ਸਰਕਾਰੀ ਸਕੂਲ ਅਜਿਹਾ ਨਹੀਂ, ਜਿੱਥੇ ਕੋਈ ਬੱਚਾ ਜ਼ਮੀਨ ’ਤੇ ਬੈਠ ਕੇ ਤਾਲੀਮ ਹਾਸਲ ਕਰਦਾ ਹੋਵੇ। ਸਾਲ 2022 ਵਿੱਚ ਸਰਕਾਰੀ ਸਕੂਲਾਂ ਦੇ 28 ਲੱਖ ਬੱਚਿਆਂ ਵਿੱਚੋਂ ਚਾਰ ਲੱਖ ਬੱਚੇ ਜ਼ਮੀਨ ’ਤੇ ਬੈਠ ਕੇ ਪੜ੍ਹਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਲਈ ਬੱਸਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਅਤੇ 10,000 ਵਿਦਿਆਰਥਣਾਂ ਸਫਰ ਕਰਦੀਆਂ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸਰਕਾਰੀ ਸਕੂਲਾਂ ਦੀ ਸੁਰੱਖਿਆ ਲਈ ਸਾਬਕਾ ਫੌਜੀ ਸਕਿਉਰਟੀ ਗਾਰਡ ਵਜੋਂ ਭਰਤੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਪ੍ਰਿੰਸੀਪਲ ਨਿਯੁਕਤ ਕੀਤੇ ਜਾ ਚੁੱਕੇ ਹਨ। ਸ੍ਰੀ ਬੈਂਸ ਨੇ ਮੁੱਖ ਮੰਤਰੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਇਤਿਹਾਸਕ ਮੌਕੇ ਨੂੰ ਵਿਆਪਕ ਪੱਧਰ ਉਤੇ ਮਨਾਉਣ ਅਤੇ ਸ਼ਹੀਦੀ ਸਭਾ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ।

ਇਸ ਮੌਕੇ ਨਵ-ਨਿਯੁਕਤ ਨੌਜਵਾਨਾਂ ਨੇ ਮੁੱਖ ਮੰਤਰੀ ਨਾਲ ਦਿਲ ਦੇ ਵਲਵਲੇ ਸਾਂਝੇ ਕੀਤੇ। ਮਲੋਟ ਤੋਂ ਨੌਜਵਾਨ ਨਿਤਿਨ ਨੇ ਦੱਸਿਆ ਕਿ ਅੱਜ ਉਸ ਦੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੋਇਆ ਹੈ ਕਿਉਂਕਿ ਉਹ ਸਾਲ 2025 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋਇਆ ਸੀ ਪਰ ਉਸ ਨੇ ਜੁਆਇਨ ਨਹੀਂ ਕੀਤਾ ਅਤੇ ਅਧਿਆਪਕ ਬਣਨ ਲਈ ਮਿਹਨਤ ਕੀਤੀ। ਉਸ ਨੇ ਅੱਜ ਅਧਿਆਪਕ ਦੀ ਨੌਕਰੀ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।

ਗੁਰਦਾਸਪੁਰ ਤੋਂ ਨਵ-ਨਿਯੁਕਤ ਅਧਿਆਪਕਾ ਨਵਪ੍ਰੀਤ ਕੌਰ ਨੇ ਕਿਹਾ ਕਿ ਉਹ ਭਾਵੇਂ ਪ੍ਰਾਈਵੇਟ ਸਕੂਲ ਵਿੱਚ ਸਪੈਸ਼ਲ ਐਜੂਕੇਟਰ ਸੀ ਅਤੇ ਹੁਣ ਪੰਜਾਬ ਸਰਕਾਰ ਵਿੱਚ ਸਪੈਸ਼ਲ ਐਜੂਕੇਟਰ ਨਿਯੁਕਤ ਹੋ ਕੇ ਸਰਕਾਰ ਦੀ ਟੀਮ ਦਾ ਹਿੱਸਾ ਬਣ ਕੇ ਉਸ ਦਾ ਸੁਪਨਾ ਪੂਰਾ ਹੋਇਆ ਹੈ। ਉਸ ਨੇ ਮੈਰਿਟ ਦੇ ਆਧਾਰ ਉਤੇ ਨੌਕਰੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

12 ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ

ਫਾਜਿਲਕਾ ਦੀ ਨਵ-ਨਿਯੁਕਤ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਉਹ 12 ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੀ ਸੀ ਅਤੇ ਹੁਣ ਸਰਕਾਰੀ ਨੌਕਰੀ ਮਿਲਣ ਨਾਲ ਉਸ ਦੀ ਉਡੀਕ ਖਤਮ ਹੋਈ ਹੈ ਜਿਸ ਲਈ ਉਹ ਸਰਕਾਰ ਦੀ ਸ਼ੁਕਰਗੁਜ਼ਾਰ ਹੈ। ਪਟਿਆਲਾ ਤੋਂ ਨਵ-ਨਿਯੁਕਤ ਅਧਿਆਪਕਾ ਸ਼ਿਲਪਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਅਨਿੰਦਿਤਾ ਮਿੱਤਰਾਡਾਇਰੈਕਟਰ ਉਚੇਰੀ ਸਿੱਖਿਆ ਐਚ.ਐਸ ਬਰਾੜ, ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ