IPL ਵਿੱਚ ਅੱਜ PBKS ਅਤੇ DC ਵਿੱਚ ਗਹਿਗੱਚ ਮੁਕਾਬਲਾ, ਸੀਜ਼ਨ ਵਿੱਚ ਪਹਿਲੀ ਵਾਰ ਇੱਕ ਦੂਜੇ ਦੇ ਸਾਹਮਣੇ

ਮੈਚ ਤੋਂ ਪਹਿਲਾਂ ਧਰਮਸ਼ਾਲਾ ਦਾ ਮੌਸਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਇੱਥੇ ਮੀਂਹ ਪੈਣ ਦੀ 65% ਸੰਭਾਵਨਾ ਹੈ। ਬੱਦਲਵਾਈ ਵਾਲੀਆਂ ਸਥਿਤੀਆਂ ਕਾਰਨ, ਨਮੀ 71% ਤੱਕ ਪਹੁੰਚ ਸਕਦੀ ਹੈ, ਜਦੋਂ ਕਿ ਤਾਪਮਾਨ 16 ਤੋਂ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਹਵਾ ਦੀ ਗਤੀ ਲਗਭਗ 8 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜੋ ਪਿੱਚ 'ਤੇ ਤੇਜ਼ ਗੇਂਦਬਾਜ਼ਾਂ ਨੂੰ ਕੁਝ ਮਦਦ ਪ੍ਰਦਾਨ ਕਰ ਸਕਦੀ ਹੈ।

Share:

IPL 2025 : ਇੰਡੀਅਨ ਪ੍ਰੀਮੀਅਰ ਲੀਗ 2025 ਵਿੱਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਇਹ ਮੈਚ 'ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਧਰਮਸ਼ਾਲਾ ਸਟੇਡੀਅਮ' ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ। 2023 ਵਿੱਚ, ਦਿੱਲੀ ਨੇ ਇਸ ਮੈਦਾਨ 'ਤੇ ਪੰਜਾਬ ਨੂੰ 15 ਦੌੜਾਂ ਨਾਲ ਹਰਾਇਆ ਸੀ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪੰਜਾਬ ਨੇ ਆਪਣੇ ਪਿਛਲੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 37 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ, ਦਿੱਲੀ ਦਾ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ਮੀਂਹ ਕਾਰਨ ਬੇਸਿੱਟਾ ਰਿਹਾ। ਦੋਵੇਂ ਟੀਮਾਂ ਇਸ ਸਮੇਂ ਪਲੇਆਫ ਦੀ ਦੌੜ ਵਿੱਚ ਹਨ। ਸ਼੍ਰੇਅਸ ਅਈਅਰ ਦੀ ਟੀਮ 11 ਮੈਚਾਂ ਵਿੱਚ 7 ਜਿੱਤਾਂ ਅਤੇ 15 ਅੰਕਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ, ਜਦੋਂ ਕਿ ਅਕਸ਼ਰ ਪਟੇਲ ਦੀ ਟੀਮ 11 ਮੈਚਾਂ ਵਿੱਚ 6 ਜਿੱਤਾਂ ਅਤੇ 13 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਪੰਜਾਬ ਨੂੰ ਪਲੇਆਫ ਵਿੱਚ ਪਹੁੰਚਣ ਲਈ ਤਿੰਨ ਵਿੱਚੋਂ ਘੱਟੋ-ਘੱਟ ਦੋ ਮੈਚ ਜਿੱਤਣੇ ਪੈਣਗੇ। ਦੂਜੇ ਪਾਸੇ, ਦਿੱਲੀ ਨੂੰ ਬਾਕੀ 3 ਮੈਚਾਂ ਵਿੱਚੋਂ ਸਾਰੇ ਜਿੱਤਣੇ ਪੈਣਗੇ।

ਦੋਵੇਂ ਟੀਮਾਂ ਬਰਾਬਰੀ 'ਤੇ  

ਆਈਪੀਐਲ ਵਿੱਚ ਹੁਣ ਤੱਕ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ 33 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਪੀਬੀਕੇਐਸ ਨੇ 17 ਅਤੇ ਡੀਸੀ ਨੇ 16 ਮੈਚ ਜਿੱਤੇ ਹਨ। ਧਰਮਸ਼ਾਲਾ ਵਿੱਚ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ 4 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਪੰਜਾਬ ਕਿੰਗਜ਼ ਨੇ ਦੋ ਅਤੇ ਦਿੱਲੀ ਕੈਪੀਟਲਜ਼ ਨੇ ਦੋ ਜਿੱਤੇ ਹਨ। ਆਈਪੀਐਲ ਦਾ 18ਵਾਂ ਸੀਜ਼ਨ ਪੰਜਾਬ ਕਿੰਗਜ਼ ਦੇ ਟਾਪ ਆਰਡਰ ਬੱਲੇਬਾਜ਼ ਲਈ ਸ਼ਾਨਦਾਰ ਰਿਹਾ ਹੈ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ। ਉਸਨੇ 170 ਦੇ ਸਟ੍ਰਾਈਕ ਰੇਟ ਨਾਲ 437 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ ਉਸਨੇ 4 ਅਰਧ ਸੈਂਕੜੇ ਵੀ ਲਗਾਏ ਹਨ। ਕਪਤਾਨ ਸ਼੍ਰੇਅਸ ਅਈਅਰ ਪੀਬੀਕੇਐਸ ਦੇ ਦੂਜੇ ਚੋਟੀ ਦੇ ਬੱਲੇਬਾਜ਼ ਹਨ। ਉਸਨੇ 4 ਅਰਧ ਸੈਂਕੜਿਆਂ ਦੀ ਮਦਦ ਨਾਲ 405 ਦੌੜਾਂ ਬਣਾਈਆਂ ਹਨ। ਓਪਨਰ ਪ੍ਰਿਯਾਂਸ਼ ਆਰੀਆ 347 ਦੌੜਾਂ ਨਾਲ ਤੀਜੇ ਸਥਾਨ 'ਤੇ ਹੈ। ਟੀਮ ਕੋਲ ਡੈਥ ਓਵਰਾਂ ਨੂੰ ਗਰਮਾਉਣ ਲਈ ਸ਼ਸ਼ਾਂਕ ਸਿੰਘ ਅਤੇ ਨੇਹਾ ਵਢੇਰਾ ਵਰਗੇ ਬੱਲੇਬਾਜ਼ ਹਨ।

ਅਰਸ਼ਦੀਪ ਸਿੰਘ ਪੰਜਾਬ ਦੇ ਸਟਾਰ ਗੇਂਦਬਾਜ਼

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪੰਜਾਬ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸਨੇ 11 ਮੈਚਾਂ ਵਿੱਚ 16 ਵਿਕਟਾਂ ਲਈਆਂ ਹਨ। ਅਰਸ਼ਦੀਪ ਨੇ 8 ਦੇ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ ਹਨ। ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਇਸ ਆਈਪੀਐਲ ਦੀ ਇੱਕੋ-ਇੱਕ ਹੈਟ੍ਰਿਕ ਲਈ ਹੈ। ਹੁਣ ਤੱਕ ਉਹ 11 ਮੈਚਾਂ ਵਿੱਚ 14 ਵਿਕਟਾਂ ਲੈ ਚੁੱਕਾ ਹੈ।

ਰਾਹੁਲ ਸ਼ਾਨਦਾਰ ਫਾਰਮ ਵਿੱਚ

ਦਿੱਲੀ ਦਾ ਕੇਐਲ ਰਾਹੁਲ ਸ਼ਾਨਦਾਰ ਫਾਰਮ ਵਿੱਚ ਹੈ। ਉਸਨੇ ਪਿਛਲੇ 10 ਮੈਚਾਂ ਵਿੱਚ 142.61 ਦੇ ਸਟ੍ਰਾਈਕ ਰੇਟ ਨਾਲ 381 ਦੌੜਾਂ ਬਣਾਈਆਂ ਹਨ। ਰਾਹੁਲ ਦੇ ਨਾਮ 3 ਅਰਧ ਸੈਂਕੜੇ ਵੀ ਹਨ। ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਨੇ 11 ਮੈਚਾਂ ਵਿੱਚ 265 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿਭਾਗ ਵਿੱਚ, ਮਿਸ਼ੇਲ ਸਟਾਰਕ ਟੀਮ ਦਾ ਸਭ ਤੋਂ ਸਫਲ ਗੇਂਦਬਾਜ਼ ਹੈ। ਉਸਨੇ ਪਿਛਲੇ 11 ਮੈਚਾਂ ਵਿੱਚ 14 ਵਿਕਟਾਂ ਲਈਆਂ ਹਨ। ਸਟਾਰਕ ਤੋਂ ਬਾਅਦ, ਅਗਲਾ ਨੰਬਰ ਆਉਂਦਾ ਹੈ ਚਾਈਨਾਮੈਨ ਸਪਿਨਰ ਕੁਲਦੀਪ ਯਾਦਵ ਦਾ। ਉਸਨੇ 11 ਮੈਚਾਂ ਵਿੱਚ 12 ਵਿਕਟਾਂ ਲਈਆਂ ਹਨ।

ਦੋਵਾਂ ਟੀਮਾਂ ਦੀ ਸੰਭਾਵੀ ਪਲੇਇੰਗ-12

ਪੰਜਾਬ ਕਿੰਗਜ਼: ਸ਼੍ਰੇਅਸ ਅਈਅਰ (ਕਪਤਾਨ), ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ, ਜੋਸ਼ ਇੰਗਲਿਸ (ਵਿਕਟਕੀਪਰ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਉਮਰਜ਼ਈ, ਮਾਰਕੋ ਜੈਨਸਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਵਿਜੇ ਕੁਮਾਰ ਵੈਸ਼ਾਖ।
ਦਿੱਲੀ ਕੈਪੀਟਲਜ਼: ਅਕਸ਼ਰ ਪਟੇਲ (ਕਪਤਾਨ), ਕਰੁਣ ਨਾਇਰ, ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ, ਕੇਐੱਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਟ੍ਰਿਸਟਨ ਸਟੱਬਸ, ਵਿਪਰਾਜ ਨਿਗਮ, ਆਸ਼ੂਤੋਸ਼ ਸ਼ਰਮਾ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ ਅਤੇ ਮੋਹਿਤ ਸ਼ਰਮਾ।
 

ਇਹ ਵੀ ਪੜ੍ਹੋ