Patiala : ਅੰਗੀਠੀ ਬਣੀ ਕਾਲ, 2 ਮਾਸੂਮ ਬੱਚਿਆਂ ਸਮੇਤ ਪਰਿਵਾਰ ਦੇ 4 ਜੀਆਂ ਦੀ ਮੌਤ 

ਠੰਡ ਤੋਂ ਬਚਾਅ ਲਈ ਕਮਰੇ ਅੰਦਰ ਅੰਗੀਠੀ ਬਾਲੀ ਹੋਈ ਸੀ। ਸਾਹ ਘੁੱਟਣ ਨਾਲ ਪੂਰੇ ਪਰਿਵਾਰ ਨੇ ਜਾਨ ਗੁਆ ਲਈ। ਮੂਲ ਰੂਪ ਨਾਲ ਬਿਹਾਰ ਨਾਲ ਸਬੰਧਤ ਇਹ ਪਰਿਵਾਰ ਪਟਿਆਲਾ ਰਹਿੰਦਾ ਸੀ। 

Share:

ਹਾਈਲਾਈਟਸ

  • ਠੰਡ ਤੋਂ ਬਚਣ ਲਈ ਆਪਣੇ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ
  • ਪੁਲਿਸ ਨੇ ਕਮਰੇ ਦਾ ਤਾਲਾ ਤੋੜ ਕੇ ਅੰਦਰ ਜਾ ਕੇ ਦੇਖਿਆ

ਕ੍ਰਾਇਮ ਨਿਊਜ਼। ਪਟਿਆਲਾ ਦੀ ਮਾਰਕਲ ਕਲੋਨੀ ਵਿੱਚ ਠੰਡ ਤੋਂ ਬਚਣ ਲਈ ਆਪਣੇ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ  ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ, ਪਤਨੀ ਅਤੇ ਦੋ ਛੋਟੇ ਬੱਚੇ ਸ਼ਾਮਲ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਾਹਬਾਜ਼ ਖਾਨ (29), ਉਸਦੀ ਪਤਨੀ ਜ਼ਰੀਨਾ ਖਾਨ (25), ਪੰਜ ਸਾਲ ਦੀ ਬੇਟੀ ਰੁਕਈਆ ਅਤੇ ਤਿੰਨ ਸਾਲ ਦਾ ਬੇਟਾ ਅਰਮਾਨ ਸ਼ਾਮਲ ਹਨ। ਸਾਰੇ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਸਨ। 

ਕਮਰੇ ਚੋਂ ਆਵਾਜ਼ ਨਹੀਂ ਆਈ ਤਾਂ ਹੋਇਆ ਸ਼ੱਕ 

ਥਾਣਾ ਕੋਤਵਾਲੀ ਦੀ ਪੁਲਿਸ ਅਨੁਸਾਰ ਸ਼ਾਹਬਾਜ਼ ਖਾਨ ਪਟਿਆਲਾ ਦੀ ਮਾਰਕਲ ਕਲੋਨੀ ਵਿੱਚ ਕਿਰਾਏ ’ਤੇ ਕਮਰਾ ਲੈ ਕੇ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿੰਦਾ ਸੀ। ਉਹ ਦੁਕਾਨਾਂ ਵਿੱਚ ਪਾਣੀ ਵਾਲੇ ਕੈਂਪਰਾਂ ਦੀ ਸਪਲਾਈ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਪਰਤ ਕੇ ਪਰਿਵਾਰ ਨਾਲ ਰਾਤ ਦਾ ਖਾਣਾ ਖਾ ਕੇ ਸ਼ਾਹਬਾਜ ਸੌਂ ਗਿਆ। ਠੰਡ ਤੋਂ ਬਚਾਅ ਲਈ ਕਮਰੇ ਅੰਦਰ ਅੰਗੀਠੀ ਬਾਲੀ ਹੋਈ ਸੀ। ਜਦੋਂ ਸਾਹਮਣੇ ਵਾਲੇ ਕਮਰੇ ਵਿੱਚ ਕਿਰਾਏ ’ਤੇ ਰਹਿ ਰਹੇ ਪਰਿਵਾਰ ਨੂੰ ਕਾਫ਼ੀ ਦੇਰ ਤੱਕ ਸ਼ਾਹਬਾਜ਼ ਖ਼ਾਨ ਦੇ ਕਮਰੇ ਵਿੱਚੋਂ ਕੋਈ ਆਵਾਜ਼ ਜਾਂ ਕੋਈ ਹਿਲਜੁਲ ਨਜ਼ਰ ਨਹੀਂ ਆਈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ।

ਪੁਲਿਸ ਨੇ ਆ ਕੇ ਤੋੜਿਆ ਤਾਲਾ 

ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਕਮਰੇ ਦਾ ਤਾਲਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਪਰਿਵਾਰ ਦੇ ਚਾਰੇ ਮੈਂਬਰ ਬੇਹੋਸ਼ ਪਏ ਸਨ। ਉਨ੍ਹਾਂ ਨੂੰ ਤੁਰੰਤ  ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ