Ludhiana 'ਚ SAD ਨੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਬਣਾਇਆ ਉਮੀਦਵਾਰ, 2004 ਤੋਂ ਬਾਅਦ ਇੱਥੋਂ ਨਹੀਂ ਜਿੱਤਿਆ ਸ਼੍ਰੋਮਣੀ ਅਕਾਲੀ ਦਲ

ਸੁਖਬੀਰ ਬਾਦਲ ਨੇ ਦੋ ਵਾਰ ਕੌਂਸਲਰ ਅਤੇ ਇੱਕ ਵਾਰ ਵਿਧਾਇਕ ਰਹਿ ਚੁੱਕੇ ਰਣਜੀਤ ਸਿੰਘ ਢਿੱਲੋਂ 'ਤੇ ਆਪਣਾ ਦਾਅ ਲਗਾ ਦਿੱਤਾ ਹੈ। ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ 'ਤੇ ਪਿਛਲੇ 15 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪਛੜਦਾ ਜਾ ਰਿਹਾ ਹੈ। ਇਸ ਵਾਰ ਢਾਈ ਸਾਲ ਪਹਿਲਾਂ ਵਿਪਨ ਸੂਦ ਕਾਕਾ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਆਖਰੀ ਸਮੇਂ ਕਾਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਖਰਾਬ ਸਿਹਤ ਦਾ ਕਾਰਨ ਦੱਸਦਿਆਂ ਜਵਾਬ ਦਿੱਤਾ।

Share:

ਪੰਜਾਬ ਨਿਊਜ। ਢਿੱਲੋਂ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ। ਢਿੱਲੋਂ ਨੇ ਪਹਿਲੀ ਵਾਰ 2012 ਵਿੱਚ ਲੁਧਿਆਣਾ ਪੂਰਬੀ ਤੋਂ ਵਿਧਾਨ ਸਭਾ ਚੋਣ ਲੜੀ ਸੀ। ਢਿੱਲੋਂ ਨੇ ਕਾਂਗਰਸ ਦੇ ਗੁਰਮੇਲ ਸਿੰਘ ਪਹਿਲਵਾਨ ਨੂੰ 4,569 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਸਾਲ 2017 ਵਿੱਚ ਢਿੱਲੋਂ ਨੇ ਹਲਕਾ ਪੂਰਬੀ ਤੋਂ ਮੁੜ ਚੋਣ ਲੜੀ ਪਰ ਇਸ ਵਾਰ ਉਹ ਕਾਂਗਰਸੀ ਉਮੀਦਵਾਰ ਸੰਜੀਵ ਤਲਵਾੜ ਤੋਂ 1697 ਵੋਟਾਂ ਨਾਲ ਹਾਰ ਗਏ। ਢਿੱਲੋਂ ਨੂੰ 2022 ਵਿੱਚ 20,369 ਵੋਟਾਂ ਮਿਲੀਆਂ ਸਨ। 2022 ਵਿੱਚ ਢਿੱਲੋਂ ਦੀ ਕੁੱਲ ਜਾਇਦਾਦ 5,34,20,682 ਰੁਪਏ ਸੀ।

ਸ਼੍ਰੋਮਣੀ ਅਕਾਲੀ ਦਲ ਨੇ 2004 ਤੋਂ ਬਾਅਦ ਇੱਕ ਵਾਰ ਵੀ ਲੁਧਿਆਣਾ ਵਿੱਚ ਲੋਕ ਸਭਾ ਸੀਟ ਨਹੀਂ ਜਿੱਤੀ ਹੈ। ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ 2004 ਵਿੱਚ ਲੁਧਿਆਣਾ ਤੋਂ ਸੰਸਦ ਵਿੱਚ ਪਹੁੰਚਣ ਵਾਲੇ ਆਖਰੀ ਅਕਾਲੀ ਆਗੂ ਸਨ। ਉਨ੍ਹਾਂ ਤੋਂ ਬਾਅਦ ਅਕਾਲੀ ਦਲ ਨੇ ਕਈ ਨੇਤਾਵਾਂ ਨੂੰ ਅਜ਼ਮਾਇਆ, ਜੋ ਨੇੜਲੇ ਵਿਰੋਧੀਆਂ ਨੂੰ ਟੱਕਰ ਦੇਣ ਵਿੱਚ ਅਸਫਲ ਰਹੇ।

2017 'ਚ ਸੰਜੇ ਤਲਵਾਰ ਤੋਂ ਹਾਰੇ ਸਨ ਢਿੱਲੋਂ 

ਰਣਜੀਤ ਸਿੰਘ ਢਿੱਲੋਂ 2012 ਵਿੱਚ ਲੁਧਿਆਣਾ ਪੂਰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਤੋਂ ਪਹਿਲਾਂ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਸੰਜੇ ਤਲਵਾੜ ਤੋਂ ਹਾਰ ਗਏ ਸਨ। ਪਾਰਟੀ ਨੇ ਉਨ੍ਹਾਂ ਨੂੰ 2022 ਵਿੱਚ ਮੁੜ ਪੂਰਬੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਉਹ ਮੁੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਤੋਂ ਹਾਰ ਗਏ ਸਨ। ਉਹ ਪੰਜ ਸਾਲ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹਨ।

ਸੰਭਾਵੀ ਉਮੀਦਵਾਰ ਵਿਪਨ ਸੂਦ ਕਾਕਾ ਵੱਲੋਂ ਸਿਹਤ ਕਾਰਨਾਂ ਕਰਕੇ ਲੋਕ ਸਭਾ ਚੋਣਾਂ ਲੜਨ ਤੋਂ ਹਟਣ ਤੋਂ ਬਾਅਦ, ਪਾਰਟੀ ਨੇ ਹੋਰ ਵਿਕਲਪਾਂ ਦੀ ਤਲਾਸ਼ ਕੀਤੀ ਸੀ। ਕਾਂਗਰਸ ਨੇ ਪਿਛਲੀਆਂ ਤਿੰਨ ਵਾਰ 2009, 2014 ਅਤੇ 2019 ਲਈ ਇਸ ਲੋਕ ਸਭਾ ਸੀਟ 'ਤੇ ਕਬਜ਼ਾ ਕੀਤਾ ਹੈ।

ਮਨੀਸ਼ ਤਿਵਾਰੀ ਨੂੰ ਸ਼ਰਨਜੀਤ ਸਿੰਘ ਢਿੱਲੋਂ ਨੇ ਹਰਾਇਆ ਸੀ 

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਲੁਧਿਆਣਾ ਤੋਂ ਸੰਸਦ ਵਿੱਚ ਪਹੁੰਚਣ ਵਾਲੇ ਆਖਰੀ ਅਕਾਲੀ ਉਮੀਦਵਾਰ ਸਨ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਮਨੀਸ਼ ਤਿਵਾੜੀ (ਕਾਂਗਰਸ) ਨੂੰ 30,000 ਵੋਟਾਂ ਦੇ ਫਰਕ ਨਾਲ ਹਰਾਇਆ। ਲੋਕ ਭਲਾਈ ਪਾਰਟੀ (ਐੱਲ.ਬੀ.ਪੀ.) ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਆਪਣੀ ਕਿਸਮਤ ਅਜ਼ਮਾਈ ਸੀ, ਪਰ ਤੀਜੇ ਨੰਬਰ 'ਤੇ ਰਹੇ।

ਬਹੁਤ ਘੱਟ ਫਰਕ ਨਾਲ ਤਿਵਾਰੀ ਨੇ ਜਿੱਤੀ ਸੀ ਸੀਟ

2009 ਵਿੱਚ ਅਕਾਲੀ ਦਲ ਦੇ ਗੁਰਚਰਨ ਸਿੰਘ ਗਾਲਿਬ ਹਾਰ ਗਏ ਸਨ। 2009 ਦੀਆਂ ਲੋਕ ਸਭਾ ਚੋਣਾਂ ਵਿੱਚ SAD ਨੇ ਭਾਜਪਾ ਨਾਲ ਗਠਜੋੜ ਕਰਕੇ ਸਾਬਕਾ ਸੰਸਦ ਮੈਂਬਰ ਗੁਰਚਰਨ ਸਿੰਘ ਗਾਲਿਬ ਨੂੰ ਕਾਂਗਰਸ ਦੇ ਮਨੀਸ਼ ਤਿਵਾੜੀ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਸੀ। ਹਾਲਾਂਕਿ, ਤਿਵਾੜੀ ਨੇ ਸੀਟ ਘੱਟ ਫਰਕ ਨਾਲ ਜਿੱਤੀ ਸੀ।

ਮਨਪ੍ਰੀਤ ਇਯਾਲੀ ਨੇ ਵੀ ਅਜ਼ਮਾਈ ਸੀ ਕਿਸਮਤ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਨੂੰ 2,56,590 (23.3 ਫੀਸਦੀ ਵੋਟਾਂ) ਮਿਲੀਆਂ ਅਤੇ ਤੀਜੇ ਨੰਬਰ 'ਤੇ ਰਹੇ। ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਜੇਤੂ ਰਹੇ, ਜਦਕਿ 'ਆਪ' ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਦੂਜੇ ਨੰਬਰ 'ਤੇ ਰਹੇ।

2019 'ਚ ਇਹ ਸੀ ਮਹੇਸ਼ਇੰਦਰ ਸਿੰਘ ਦਾ ਹਾਲ 

2019 'ਚ ਅਕਾਲੀ-ਭਾਜਪਾ ਗਠਜੋੜ ਨੇ ਮਹੇਸ਼ਇੰਦਰ ਸਿੰਘ ਗਰੇਵਾਲ 'ਤੇ ਆਪਣੀ ਕਿਸਮਤ ਅਜ਼ਮਾਈ ਸੀ। ਗਰੇਵਾਲ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ (ਜੇਤੂ) ਅਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ (ਪਹਿਲੇ ਰਨਰ ਅੱਪ) ਤੋਂ ਬਾਅਦ ਤੀਜੇ ਸਥਾਨ 'ਤੇ ਖਿਸਕ ਗਏ ਹਨ। ਗਰੇਵਾਲ ਨੂੰ 2,99,435 (28.6 ਫੀਸਦੀ) ਵੋਟਾਂ ਮਿਲੀਆਂ। ਕਿਉਂਕਿ ਅਕਾਲੀ ਦਲ ਅਤੇ ਭਾਜਪਾ ਅਲੱਗ-ਅਲੱਗ ਚੋਣਾਂ ਲੜ ਰਹੇ ਹਨ, ਇਸ ਨਾਲ ਦੋਵਾਂ ਪਾਰਟੀਆਂ ਦੀਆਂ ਵੋਟਾਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ। ਇਸ ਵਾਰ ਬਿੱਟੂ ਨੇ ਕਮਲ ਨੂੰ ਫੜਿਆ ਹੈ ਅਤੇ ਉਹ ਲੁਧਿਆਣਾ ਤੋਂ ਭਾਜਪਾ ਦੀ ਸੀਟ ਤੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ (ਆਪ) ਨੇ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ