menu-icon
Punjabi Story Line
  • Home
  • News
  • Crime
  • ਕੈਨੇਡਾ 'ਚ ਪੰਜਾਬਣ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਨੇ ਗਲਾ ਘੁੱਟ ਕੇ ਮਾਰਿਆ; ਪਿਤਾ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਬੇਟੀ ਨੂੰ ਵਿਦੇਸ਼

ਕੈਨੇਡਾ 'ਚ ਪੰਜਾਬਣ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਨੇ ਗਲਾ ਘੁੱਟ ਕੇ ਮਾਰਿਆ; ਪਿਤਾ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਬੇਟੀ ਨੂੰ ਵਿਦੇਸ਼

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਇੱਕ ਪੰਜਾਬੀ ਕੁੜੀ ਦੀ ਉਸ ਦੇ ਲਿਵ-ਇਨ ਪਾਰਟਨਰ ਨੇ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਝਗੜੇ ਦੌਰਾਨ ਮੁਲਜ਼ਮ ਨੇ 23-ਸਾਲਾ ਕੁੜੀ ਦਾ ਗਲਾ ਘੁੱਟ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮ੍ਰਿਤਕਾ ਦੇ ਪਿਤਾ ਨੇ ਕਰੀਬ 5 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ।

Date Updated Last Updated : 24 July 2026, 11:34 AM IST
Share:

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਰਹਿਣ ਵਾਲੀ ਲੁਧਿਆਣਾ ਦੀ ਰਹਿਣ ਵਾਲੀ ਦਮਨਪ੍ਰੀਤ ਕੌਰ (23) ਦੀ ਮੌਤ ਨੇ ਉਸ ਦੇ ਪਰਿਵਾਰ ਨੂੰ ਸੋਗ ਦੀ ਗਹਿਰਾਈ ਵਿੱਚ ਧੱਕ ਦਿੱਤਾ ਹੈ। ਪੁਲਿਸ ਅਨੁਸਾਰ, 9 ਜੁਲਾਈ ਨੂੰ ਸ਼ਾਮ ਵੇਲੇ ਉਸ ਦੇ ਘਰੋਂ ਐਮਰਜੈਂਸੀ ਕਾਲ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੈਰਾਮੈਡੀਕਲ ਟੀਮ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲੱਭਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 12 ਜੁਲਾਈ ਨੂੰ ਉਸ ਨੇ ਸਾਹ ਛੱਡ ਦਿੱਤਾ।

ਪੋਸਟਮਾਰਟਮ ਤੋਂ ਬਾਅਦ ਖੁਲਾਸਾ ਹੋਇਆ ਕਤਲ

14 ਜੁਲਾਈ ਨੂੰ ਮੈਡੀਕਲ ਐਗਜ਼ਾਮੀਨਰ ਵੱਲੋਂ ਕੀਤੀ ਗਈ ਪੋਸਟਮਾਰਟਮ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਦਮਨਪ੍ਰੀਤ ਦੀ ਮੌਤ ਕੁਦਰਤੀ ਨਹੀਂ, ਸਗੋਂ ਗਲਾ ਘੁੱਟਣ ਕਾਰਨ ਹੋਈ। ਇਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਜਾਂਚ ਤੇਜ਼ ਕਰ ਦਿੱਤੀ।

22 ਜੁਲਾਈ ਨੂੰ ਮੁਲਜ਼ਮ ਗ੍ਰਿਫ਼ਤਾਰ

ਐਡਮਿੰਟਨ ਪੁਲਿਸ ਦੀ ਹੋਮੀਸਾਈਡ ਯੂਨਿਟ ਨੇ 22 ਜੁਲਾਈ ਨੂੰ ਦਮਨਪ੍ਰੀਤ ਦੇ ਲਿਵ-ਇਨ ਪਾਰਟਨਰ ਰਿਤੇਸ਼ ਕੁਮਾਰ (22) ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਮੂਲ ਰੂਪ ਵਿੱਚ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਇਹ ਮਾਮਲਾ ਘਰੇਲੂ ਹਿੰਸਾ ਜਾਂ ਪਾਰਟਨਰ ਹਿੰਸਾ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਸ਼ੱਕੀ ਵਿਅਕਤੀ ਦੀ ਭਾਲ ਨਹੀਂ ਕੀਤੀ ਜਾ ਰਹੀ। ਮੁਲਜ਼ਮ 'ਤੇ ਦੂਜੇ ਡਿਗਰੀ ਦੇ ਕਤਲ (ਸੈਕੰਡ-ਡਿਗਰੀ ਮਰਡਰ) ਦੇ ਦੋਸ਼ ਲਗਾਏ ਗਏ ਹਨ ਅਤੇ ਅਗਲੀਆਂ ਸੁਣਵਾਈਆਂ ਵਿੱਚ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।

ਪਿਤਾ ਨੇ ਜ਼ਮੀਨ ਵੇਚ ਕੇ ਭੇਜਿਆ ਸੀ

ਦਮਨਪ੍ਰੀਤ ਦੇ ਪਿਤਾ, ਜੋ ਇੱਕ ਗੁਰਦੁਆਰੇ ਵਿੱਚ ਪਾਠੀ ਹਨ, ਨੇ ਕਰੀਬ 5 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ। ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਨੌਕਰੀ ਕਰ ਰਹੀ ਸੀ। 2021 ਵਿੱਚ ਪੜ੍ਹਾਈ ਦੌਰਾਨ ਉਸ ਦੀ ਮੁਲਾਕਾਤ ਰਿਤੇਸ਼ ਨਾਲ ਹੋਈ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਦੋਸਤੀ ਹੋਈ ਅਤੇ ਫਿਰ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗੇ।

ਸ਼ਰੀਰ ਪੰਜਾਬ ਲਿਆਉਣ ਲਈ ਫੰਡ ਇਕੱਠਾ ਕੀਤਾ ਜਾ ਰਿਹਾ

ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ, ਦਮਨਪ੍ਰੀਤ ਦੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ, ਇਸ ਲਈ ਉਸ ਦੀ ਲਾਸ ਨੂੰ ਭਾਰਤ ਭੇਜਣ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਲਈ ਗੋ-ਫੰਡ-ਮੀ ਵਰਗੇ ਪਲੇਟਫਾਰਮਾਂ ਰਾਹੀਂ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਲਾਸ ਕਦੋਂ ਭਾਰਤ ਪਹੁੰਚੇਗੀ। ਇਸ ਤੋਂ ਇਲਾਵਾ, ਭਾਰਤ ਸਰਕਾਰ ਜਾਂ ਭਾਰਤੀ ਦੂਤਾਵਾਸ ਵੱਲੋਂ ਪਰਿਵਾਰ ਨੂੰ ਹੁਣ ਤੱਕ ਕੋਈ ਸਹਾਇਤਾ ਮੁਹੱਈਆ ਕਰਵਾਈ ਗਈ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੋਵਾਂ ਵਿਚਾਲੇ ਝਗੜੇ ਦਾ ਕਾਰਨ ਵੀ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।

Recent News