Courtesy: Credit: OpenAI
ਅਲਬਰਟਾ ਦੇ ਕੈਲਗਰੀ ਵਿੱਚ ਲਗਭਗ 1000 ਭਾਰਤੀ ਵਿਦਿਆਰਥੀ ਪਿਛਲੇ ਤਿੰਨ ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚ ਕਰੀਬ 500 ਪੰਜਾਬੀ ਵਿਦਿਆਰਥੀ ਦੱਸੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਬਾਰਿਸ਼, ਧੁੱਪ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਆਪਣੇ ਹੱਕਾਂ ਲਈ ਡਟੇ ਹੋਏ ਹਨ। 29 ਜੁਲਾਈ ਤੋਂ ਕੁਝ ਵਿਦਿਆਰਥੀਆਂ ਨੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਿਸ ਕੋਰਸ ਵਿੱਚ ਦਾਖ਼ਲਾ ਲੈਂਦੇ ਸਮੇਂ ਉਨ੍ਹਾਂ ਨੂੰ ਵਰਕ ਪਰਮਿਟ ਲਈ ਯੋਗ ਦੱਸਿਆ ਗਿਆ ਸੀ, ਹੁਣ ਉਸੇ ਨੂੰ ਨਾਨ-ਕ੍ਰੈਡਿਬਲ ਦੱਸ ਕੇ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਖਰਚ ਕੇ ਪੜ੍ਹਾਈ ਕਰਨ ਤੋਂ ਬਾਅਦ ਹੁਣ ਉਨ੍ਹਾਂ ਦਾ ਭਵਿੱਖ ਅਣਿਸ਼ਚਿਤ ਹੋ ਗਿਆ ਹੈ।
Why is the media ignoring this international student protest?
— Canada Proud (@WeAreCanProud) July 29, 2026
At Portage College in Alberta, dozens of international students are protesting, and some are going to extreme measures, to try to force the government to let them stay in the country.
The students, mostly from India,… pic.twitter.com/2hZ11amCQa
ਵਿਦਿਆਰਥੀਆਂ ਦੇ ਮੁਤਾਬਕ ਵਰਕ ਪਰਮਿਟ ਰੱਦ ਹੋਣ ਕਾਰਨ ਕਈਆਂ ਦਾ ਕਾਨੂੰਨੀ ਸਟੇਟਸ ਪ੍ਰਭਾਵਿਤ ਹੋਇਆ ਹੈ। ਇਸ ਨਾਲ ਨਾ ਸਿਰਫ਼ ਨੌਕਰੀ ਦਾ ਰਾਹ ਬੰਦ ਹੋਇਆ ਹੈ, ਸਗੋਂ ਡਿਪੋਰਟੇਸ਼ਨ ਦਾ ਖ਼ਤਰਾ ਵੀ ਵੱਧ ਗਿਆ ਹੈ। ਕਈ ਵਿਦਿਆਰਥੀਆਂ ਨੇ ਮਾਨਸਿਕ ਤਣਾਅ, ਆਰਥਿਕ ਦਬਾਅ ਅਤੇ ਪਰਿਵਾਰਾਂ 'ਤੇ ਚੜ੍ਹੇ ਕਰਜ਼ੇ ਦੀ ਗੱਲ ਵੀ ਸਾਹਮਣੇ ਰੱਖੀ ਹੈ।
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਸੰਬੰਧਤ ਕਾਲਜ ਨੂੰ ਸਿੱਧੇ ਤੌਰ 'ਤੇ ਫਰਜ਼ੀ ਡਿਗਰੀ ਦੇਣ ਵਾਲਾ ਸੰਸਥਾਨ ਨਹੀਂ ਕਹਿਣਗੇ, ਪਰ ਉਨ੍ਹਾਂ ਅਨੁਸਾਰ ਵਿਦਿਆਰਥੀਆਂ ਨੂੰ ਪੱਕੀ ਰਿਹਾਇਸ਼ (PR) ਸਬੰਧੀ ਵਧਾ-ਚੜ੍ਹਾ ਕੇ ਜਾਣਕਾਰੀ ਦਿੱਤੀ ਗਈ ਹੋ ਸਕਦੀ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਕੋਲ ਵੈਧ ਵੀਜ਼ਾ ਜਾਂ ਕਾਨੂੰਨੀ ਸਟੇਟਸ ਨਹੀਂ ਹੋਵੇਗਾ, ਉਨ੍ਹਾਂ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ।
ਕੈਲਗਰੀ ਦੀ ਸਥਾਨਕ ਗੁਰਦੁਆਰਾ ਕਮੇਟੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਲੰਗਰ, ਰਾਸ਼ਨ ਅਤੇ ਰਹਿਣ ਦੀ ਸਹੂਲਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਕਮੇਟੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਾਸ਼ ਹੋ ਕੇ ਕੋਈ ਗਲਤ ਕਦਮ ਨਾ ਚੁੱਕਣ ਅਤੇ ਲੋੜ ਪੈਣ 'ਤੇ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਨ।
ਇਮੀਗ੍ਰੇਸ਼ਨ ਮਾਹਿਰਾਂ ਨੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ PGWP ਲਈ ਮੁੜ ਅਰਜ਼ੀ ਦੇਣ ਦੀ ਬਜਾਏ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਕੋਲ ਮੁੜ-ਵਿਚਾਰ ਦੀ ਅਪੀਲ ਕਰਨ ਅਤੇ ਨਿਰਧਾਰਤ ਸਮੇਂ ਅੰਦਰ ਫੈਡਰਲ ਕੋਰਟ ਦਾ ਦਰਵਾਜ਼ਾ ਖੜਕਾਉਣ। ਨਾਲ ਹੀ ਉਨ੍ਹਾਂ ਨੇ 90 ਦਿਨਾਂ ਦੇ ਅੰਦਰ ਕਿਸੇ ਮਾਨਤਾ ਪ੍ਰਾਪਤ ਪਬਲਿਕ ਕਾਲਜ ਵਿੱਚ ਨਵਾਂ ਕੋਰਸ ਲੈ ਕੇ ਆਪਣਾ ਸਟੂਡੈਂਟ ਸਟੇਟਸ ਬਹਾਲ ਕਰਨ ਦੀ ਸਲਾਹ ਵੀ ਦਿੱਤੀ ਹੈ।
ਕੈਨੇਡਾ ਵਿੱਚ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨਾਂ ਵੇਚੀਆਂ ਜਾਂ ਭਾਰੀ ਕਰਜ਼ੇ ਲਏ ਹਨ। ਹੁਣ ਵਰਕ ਪਰਮਿਟ ਰੱਦ ਹੋਣ ਕਾਰਨ ਇਨ੍ਹਾਂ ਪਰਿਵਾਰਾਂ ਦੀ ਚਿੰਤਾ ਵੀ ਵਧ ਗਈ ਹੈ। ਇਸ ਮਾਮਲੇ ਵਿੱਚ ਅੱਗੇ ਕੀ ਫ਼ੈਸਲਾ ਹੁੰਦਾ ਹੈ, ਇਸ 'ਤੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਨਿਰਭਰ ਕਰੇਗਾ।