ਹਾਲੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, ਟ੍ਰੈਕਟਰ ਟ੍ਰਾਲੀਆਂ ਤੋਂ ਬਿਨ੍ਹਾਂ ਦਿੱਲੀ ਜਾਣ ਨੂੰ ਲੈ ਕੇ ਕਿਸਾਨਾਂ ਦੀ ਨਾਂਹ, ਸੁਪਰੀਮ ਕੋਰਟ ਪਹੁੰਚਿਆ ਰਸਤਾ ਬੰਦ ਹੋਣ ਦਾ ਮਾਮਲਾ 

ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸਨ ਪਰ ਹਰਿਆਣਾ ਦੀ ਪੁਲਿਸ ਨੇ ਉਨ੍ਹਾਂ ਨੂੰ ਸ਼ੰਭੂ ਸਰਹੱਦ ’ਤੇ ਰੋਕ ਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਸ਼ੰਭੂ ਸਰਹੱਦ 'ਤੇ ਪੱਕਾ ਮੋਰਚਾ ਲਾਇਆ ਸੀ। ਸੜਕ ਬੰਦ ਕਰਨ ਦਾ ਮਾਮਲਾ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਪਹੁੰਚਿਆ।

Share:

ਪੰਜਾਬ ਨਿਊਜ। ਸੁਪਰੀਮ ਕੋਰਟ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਉੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਸ਼ੰਭੂ ਸਰਹੱਦ ਨੂੰ ਲੈ ਕੇ ਪਟਿਆਲਾ ਦੀ ਪੁਲਿਸ ਲਾਈਨ ਵਿੱਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਕਰੀਬ ਇੱਕ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਦੋਵਾਂ ਧਿਰਾਂ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਿਆ। ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਤੋਂ ਬਿਨਾਂ ਦਿੱਲੀ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਮੀਟਿੰਗ ਵਿੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਦਾ ਹਵਾਲਾ ਦਿੰਦਿਆਂ ਕਿਸਾਨ ਜਥੇਬੰਦੀਆਂ ਨੂੰ ਸ਼ੰਭੂ ਸਰਹੱਦ ਖੋਲ੍ਹਣ ਲਈ ਕਿਹਾ। ਇਸ ਦੇ ਜਵਾਬ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਸੜਕ ਕਿਸਾਨਾਂ ਵੱਲੋਂ ਨਹੀਂ ਸਗੋਂ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ।

ਪੁਲਿਸ ਅਧਿਕਾਰੀਆਂ ਨੇ ਮੋਟਰ ਵਹੀਕਲ ਐਕਟ ਦਾ ਦਿੱਤਾ ਹਵਾਲਾ

ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੋਟਰ ਵਹੀਕਲ ਐਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਆਪਣੀਆਂ ਮੰਗਾਂ ਸਬੰਧੀ ਕੇਂਦਰ ਨਾਲ ਗੱਲ ਕਰਨੀ ਚਾਹੁੰਦੇ ਹਨ ਤਾਂ ਉਹ ਬਿਨਾਂ ਟਰੈਕਟਰ-ਟਰਾਲੀਆਂ ਦੇ ਹੀ ਚਲੇ ਜਾਣ। ਇਸ ’ਤੇ ਕਿਸਾਨਾਂ ਨੇ ਕਿਹਾ ਕਿ ਟਰੈਕਟਰ-ਟਰਾਲੀਆਂ ਉਨ੍ਹਾਂ ਲਈ ਦੂਜਾ ਘਰ ਹਨ। ਟਰੈਕਟਰ-ਟਰਾਲੀਆਂ ਹਰ ਮੌਸਮ ਵਿੱਚ ਕਿਸਾਨਾਂ ਦੀ ਰਾਖੀ ਕਰਦੀਆਂ ਹਨ। ਇਸ ਲਈ ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਨਾਲ ਹੀ ਅੱਗੇ ਵਧਣ ਦਿੱਤਾ ਜਾਵੇ।

ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਏਡੀਜੀਪੀ (ਲਾਅ ਐਂਡ ਆਰਡਰ), ਐਸਐਸਪੀ ਪਟਿਆਲਾ ਨਾਨਕ ਸਿੰਘ, ਡੀਸੀ ਪਟਿਆਲਾ ਸ਼ੌਕਤ ਅਹਿਮਦ ਪਰੇ, ਅੰਬਾਲਾ ਦੇ ਐਸਐਸਪੀ ਅਤੇ ਡੀਸੀ ਨੇ ਭਾਗ ਲਿਆ। ਦੋਵਾਂ ਕਿਸਾਨ ਗਰੁੱਪਾਂ ਤੋਂ ਕਰੀਬ ਸੱਤ ਮੈਂਬਰਾਂ ਦੀ ਟੀਮ ਨੇ ਵੀ ਭਾਗ ਲਿਆ।

ਡੱਲੇਬਾਲ ਨੇ ਸੁਪਰੀਮ ਕੋਰਟ ਦੇ ਇਸ ਆਦੇਸ਼ ਦਾ ਦਿੱਤਾ ਹਵਾਲਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਬਣਾਈ ਜਾਣ ਵਾਲੀ ਕਮੇਟੀ ਦੇ ਨਾਵਾਂ ਬਾਰੇ ਮੀਟਿੰਗ ਵਿੱਚ ਕੋਈ ਚਰਚਾ ਨਹੀਂ ਹੋਈ। ਡੱਲੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਪੁਲਿਸ ਅਧਿਕਾਰੀਆਂ ਨੇ ਮੋਟਰ ਵਹੀਕਲ ਐਕਟ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਬਿਨਾਂ ਟਰੈਕਟਰ-ਟਰਾਲੀਆਂ ਤੋਂ ਲੰਘਣ ਲਈ ਕਿਹਾ। ਇਸ ਦੇ ਜਵਾਬ 'ਚ ਕਿਸਾਨਾਂ ਨੇ ਕਿਹਾ ਕਿ ਜੇਕਰ ਐਕਟ ਦੀ ਗੱਲ ਕਰੀਏ ਤਾਂ ਅਜਿਹੀ ਸਥਿਤੀ 'ਚ ਟਰੈਕਟਰ-ਟਰਾਲੀਆਂ ਸੜਕ 'ਤੇ ਨਹੀਂ ਚੱਲ ਸਕਦੀਆਂ | ਪਰ ਕਿਸਾਨ 50-50 ਕਿਲੋਮੀਟਰ ਦੂਰ ਜਾ ਕੇ ਆਪਣੀ ਫ਼ਸਲ ਟਰੈਕਟਰ-ਟਰਾਲੀਆਂ 'ਤੇ ਵੇਚਦੇ ਹਨ।

ਸੜਕ ਜਾਮ ਕਰਨਾ ਸਾਡਾ ਮਸਕਸਦ ਨਹੀਂ-ਕਿਸਾਨ ਆਗੂ

ਇੰਨਾ ਹੀ ਨਹੀਂ 13 ਫਰਵਰੀ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਜਦੋਂ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਪਹੁੰਚੇ ਤਾਂ ਉਹ ਟਰੈਕਟਰ-ਟਰਾਲੀਆਂ 'ਤੇ ਹੀ ਆਏ ਸਨ। ਉਦੋਂ ਵੀ ਕਾਨੂੰਨ ਵਿਵਸਥਾ ਦਾ ਕੋਈ ਮਸਲਾ ਨਹੀਂ ਪੈਦਾ ਹੋਇਆ ਸੀ। ਇਸ ਲਈ ਜਥੇਬੰਦੀਆਂ ਦੀ ਮੰਗ ਹੈ ਕਿ ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਨਾਲ ਹੀ ਦਿੱਲੀ ਜਾਣ ਦਿੱਤਾ ਜਾਵੇ। ਡੱਲੇਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਸਪੱਸ਼ਟ ਕਿਹਾ ਗਿਆ ਕਿ ਕਿਸਾਨਾਂ ਦਾ ਮਕਸਦ ਸੜਕਾਂ ਜਾਮ ਕਰਨਾ ਨਹੀਂ ਹੈ। ਕਿਸਾਨ ਆਪਣੇ ਵਿਚਾਰ ਪ੍ਰਗਟ ਕਰਨ ਲਈ ਹੀ ਦਿੱਲੀ ਜਾਣਾ ਚਾਹੁੰਦੇ ਹਨ।

ਅਸੀਂ ਕੇਂਦਰ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ-ਜਗਜੀਤ ਸਿੰਘ

ਡੱਲੇਵਾਲ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹਨ। ਪਰ ਪਹਿਲਾਂ ਸਰਕਾਰ ਚੋਣ ਜ਼ਾਬਤੇ ਦੇ ਬਹਾਨੇ ਗੱਲ ਕਰਨ ਤੋਂ ਟਾਲਾ ਵੱਟਦੀ ਰਹੀ। ਪਰ ਜੂਨ ਵਿੱਚ ਨਵੀਂ ਸਰਕਾਰ ਬਣਨ ਦੇ ਬਾਵਜੂਦ ਹੁਣ ਤੱਕ ਕਿਸੇ ਨੂੰ ਵੀ ਗੱਲ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ। ਇਸ ਤੋਂ ਸਰਕਾਰ ਦੀ ਨੀਅਤ ਸਾਫ਼ ਹੋ ਜਾਂਦੀ ਹੈ। ਡੱਲੇਵਾਲ ਨੇ ਕਿਹਾ ਕਿ ਕਿਸਾਨ ਸਰਹੱਦਾਂ 'ਤੇ ਡਟੇ ਰਹਿਣਗੇ। ਜਿਵੇਂ ਹੀ ਸੜਕਾਂ ਖੁੱਲ੍ਹੀਆਂ, ਅਸੀਂ ਟਰੈਕਟਰ-ਟਰਾਲੀਆਂ 'ਤੇ ਦਿੱਲੀ ਲਈ ਰਵਾਨਾ ਹੋਵਾਂਗੇ।

ਇਹ ਵੀ ਪੜ੍ਹੋ