ਪੰਜਾਬ ਨਿਊਜ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ 2 ਹੈੱਡ ਕਾਂਸਟੇਬਲਾਂ ਨੂੰ ਗ੍ਰਿਫਤਾਰ ਕੀਤਾ (2 head constables arrested) ਹੈ, ਜਦਕਿ 3 ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਇੱਕ ਗਿਰੋਹ ਬਣਾਇਆ ਸੀ, ਜੋ ਦਿੱਲੀ ਪੁਲਿਸ ਦੇ ਰਿਕਾਰਡ ਵਿੱਚ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਪਰਿਵਾਰਾਂ ਤੋਂ ਪੈਸੇ ਵਸੂਲਦਾ ਸੀ। ਹੁਸ਼ਿਆਰਪੁਰ ਦੇ ਦਸੂਹਾ 'ਚ ਜਦੋਂ ਉਹ ਇਸ ਤਰ੍ਹਾਂ ਪੈਸੇ ਲੈ ਕੇ ਮੁਲਜ਼ਮ ਨੂੰ ਭਗੌੜਾ ਕਰਾਰ ਦੇ ਕੇ ਭਜਾ ਕੇ ਲੈ ਜਾਣ ਲੱਗੇ ਤਾਂ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਕੇ ਬਿਨਾਂ ਨੰਬਰੀ ਸਕਾਰਪੀਓ ਗੱਡੀ ਸਮੇਤ 2 ਨੂੰ ਕਾਬੂ ਕਰ ਲਿਆ। ਹੁਸ਼ਿਆਰਪੁਰ ਪੁਲਿਸ ਮੁਤਾਬਕ ਦਿੱਲੀ ਪੁਲਿਸ ਦੇ 5 ਹੈੱਡ ਕਾਂਸਟੇਬਲਾਂ ਮਨੋਜ, ਰਾਜਾ, ਜੋਗਿੰਦਰ ਸਿੰਘ, ਦਸਬੀਰ ਸਿੰਘ ਅਤੇ ਸ਼੍ਰੀ ਪਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਮਨੋਜ ਅਤੇ ਰਾਜਾ ਫੜੇ ਗਏ। ਮੁਲਜ਼ਮਾਂ ਕੋਲੋਂ 1.50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।
ਨੌਜਵਾਨ ਨੂੰ ਅਗਵਾ ਕਰਨ ਦੀ ਮਿਲੀ ਸੀ ਸ਼ਿਕਾਇਤ
ਇੱਕ ਨੌਜਵਾਨ ਨੂੰ ਅਗਵਾ ਕਰਨ ਦੀ ਸ਼ਿਕਾਇਥ ਦਸੂਹਾ ਪੁਲਿਸ (Dasuha Police) ਨੂੰ ਮਿਲੀ ਸੀ। ਪੁਲਿਸ ਨੂੰ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਬਿਨਾਂ ਨੰਬਰ ਦੇ ਆਉਣ ਦੀ ਸੂਚਨਾ ਮਿਲੀ ਸੀ ਕਿ ਇਸ ਕਾਰ ਵਿੱਚ ਬੈਠੇ 5 ਵਿਅਕਤੀ ਮੁਕੇਰੀਆਂ ਦੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ ਹਨ। ਇਸ ਮਗਰੋਂ ਪੁਲਿਸ ਨੇ ਦਸੂਹਾ ਵਿਖੇ ਨਾਕਾਬੰਦੀ ਕਰ ਦਿੱਤੀ। ਜਦੋਂ ਪੁਲਿਸ ਨੇ ਸਕਾਰਪੀਓ ਨੂੰ ਰੋਕਿਆ ਤਾਂ ਜੋਗਿੰਦਰ, ਦਸਬੀਰ ਅਤੇ ਸ੍ਰੀ ਪਾਲ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂ ਕਿ ਮਨੋਜ ਅਤੇ ਰਾਜਾ ਪੁਲਿਸ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਗੈਂਗ ਦਾ ਖੁਲਾਸਾ ਹੋਇਆ।ਪੁਲਿਸ ਪੁੱਛਗਿੱਛ ਦੌਰਾਨ ਮਨੋਜ ਅਤੇ ਰਾਜਾ ਨੇ ਦੱਸਿਆ ਕਿ ਦੋਵੇਂ ਦਿੱਲੀ ਪੁਲਿਸ ਵਿੱਚ ਹੈੱਡ ਕਾਂਸਟੇਬਲ ਹਨ।
ਪੁਲਿਸ ਨੂੰ ਬਿਨ੍ਹਾਂ ਦੱਸੇ ਗ੍ਰਿਫਤਾਰ ਮੁਲਜ਼ਮਾਂ ਨੇ ਕੀਤੀ ਸੀ ਛਾਪੇਮਾਰੀ
ਇਨ੍ਹਾਂ ਮੁਲਜ਼ਮਾਂ ਨੇ ਹੁਸ਼ਿਆਰਪੁਰ ਪੁਲਿਸ ਨੂੰ ਬਿਨਾਂ ਸੂਚਿਤ ਕੀਤੇ ਛਾਪੇਮਾਰੀ ਕੀਤੀ। ਇੰਨਾ ਹੀ ਨਹੀਂ ਮੁਲਜ਼ਮ ਬਿਨਾਂ ਨੰਬਰੀ ਸਕਾਰਪੀਓ ਕਾਰ ਸਮੇਤ ਪੁਲਿਸ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਲਹਾਲ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਗਿਰੋਹ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕਰੇਗੀ। ਇਸ ਦੇ ਨਾਲ ਹੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।