menu-icon
Punjabi Story Line
  • Home
  • News
  • National
  • ਭਾਜਪਾ ਨੇਤਾ ਦੀ ਹੱਤਿਆ ਤੋਂ ਬਾਅਦ ਤਣਾਅਪੂਰਨ ਮਾਹੌਲ, ਗੁੱਸੇ 'ਚ ਆਏ ਲੋਕਾਂ ਨੇ ਦੋਸ਼ੀ ਦੇ ਘਰ ਨੂੂੂੰ ਲਾਈ ਅੱਗ

ਭਾਜਪਾ ਨੇਤਾ ਦੀ ਹੱਤਿਆ ਤੋਂ ਬਾਅਦ ਤਣਾਅਪੂਰਨ ਮਾਹੌਲ, ਗੁੱਸੇ 'ਚ ਆਏ ਲੋਕਾਂ ਨੇ ਦੋਸ਼ੀ ਦੇ ਘਰ ਨੂੂੂੰ ਲਾਈ ਅੱਗ

ਉੱਤਰਾਖੰਡ ਦੇ ਸਹਸਪੁਰ ਕੋਤਵਾਲੀ ਖੇਤਰ ਅਧੀਨ ਬੈਰਾਗੀਵਾਲਾ ਪਿੰਡ ਵਿੱਚ ਭਾਜਪਾ ਓਬੀਸੀ ਮੋਰਚਾ ਦੇ ਇੱਕ ਆਗੂ ਦੀ ਹੱਤਿਆ ਤੋਂ ਬਾਅਦ ਤਣਾਅ ਦਾ ਮਾਹੌਲ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਹਾਲਾਤ ਕਾਫ਼ੀ ਤਣਾਅਪੂਰਨ ਹੋ ਗਏ ਤੇ ਭੀੜ ਵੱਲੋਂ ਦੋਸ਼ੀ ਦੇ ਮਕਾਨ ਨੂੰ ਅੱਗ ਲੱਗਾ ਦਿੱਤੀ ਗਈ।

Date Updated Last Updated : 14 June 2026, 12:46 PM IST
Share:

ਉੱਤਰਾਖੰਡ: ਸਹਸਪੁਰ ਕੋਤਵਾਲੀ ਖੇਤਰ ਅਧੀਨ ਬੈਰਾਗੀਵਾਲਾ ਪਿੰਡ ਵਿੱਚ ਭਾਜਪਾ ਓਬੀਸੀ ਮੋਰਚਾ ਦੇ ਇੱਕ ਆਗੂ ਦੀ ਹੱਤਿਆ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਣ ਲੱਗੀ। ਸਥਾਨਕ ਲੋਕਾਂ ਦੇ ਨਾਲ ਕੁਝ ਸਮਾਜਿਕ ਅਤੇ ਧਾਰਮਿਕ ਸੰਗਠਨ ਵੀ ਪਿੰਡ ਵਿੱਚ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਮੁੱਖ ਦੋਸ਼ੀ ਦੇ ਘਰ ਨੂੰ ਢਾਹੁਣ ਦੀ ਮੰਗ ਕੀਤੀ। ਇਸ ਦੌਰਾਨ ਹਾਲਾਤ ਕਾਫ਼ੀ ਤਣਾਅਪੂਰਨ ਹੋ ਗਏ ਅਤੇ ਭੀੜ ਵੱਲੋਂ ਦੋਸ਼ੀ ਦੇ ਮਕਾਨ ਨੂੰ ਅੱਗ ਲਗਾਏ ਜਾਣ ਦੀ ਵੀ ਜਾਣਕਾਰੀ ਸਾਹਮਣੇ ਆਈ। 


ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਘਟਨਾ ਦੀ ਵਜ੍ਹਾ

ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਪੁਰਾਣੇ ਵਿਵਾਦ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਦੋਵਾਂ ਧਿਰਾਂ ਵਿਚਕਾਰ ਕਾਫ਼ੀ ਸਮੇਂ ਤੋਂ ਮਨਮੁਟਾਅ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਵਿਕਾਸ ਕੰਮਾਂ ਅਤੇ ਹੋਰ ਮਾਮਲਿਆਂ ਨਾਲ ਸੰਬੰਧਿਤ ਜਾਣਕਾਰੀ ਮੰਗੀ ਸੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਕਾਰ ਤਣਾਅ ਵਧ ਗਿਆ ਸੀ ਅਤੇ ਕਈ ਵਾਰ ਝਗੜੇ ਵੀ ਹੋਏ।

ਖੇਤ ਵਿੱਚ ਪਾਣੀ ਲਗਾਉਣ ਦੌਰਾਨ ਹੋਇਆ ਵਿਵਾਦ

ਘਟਨਾ ਵਾਲੇ ਦਿਨ ਮ੍ਰਿਤਕ ਅਤੇ ਉਸ ਦੇ ਭਰਾ ਆਪਣੇ ਖੇਤਾਂ ਵਿੱਚ ਪਾਣੀ ਲਗਾ ਰਹੇ ਸਨ। ਇਸ ਦੌਰਾਨ ਨੇੜਲੇ ਖੇਤ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ। ਬਹਿਸ ਕੁਝ ਹੀ ਸਮੇਂ ਵਿੱਚ ਹੱਥੋਪਾਈ ਵਿੱਚ ਬਦਲ ਗਈ ਅਤੇ ਮੌਕੇ 'ਤੇ ਹੋਰ ਲੋਕ ਵੀ ਪਹੁੰਚ ਗਏ। ਇਸ ਦੌਰਾਨ ਕੁਝ ਵਿਅਕਤੀਆਂ ਨੇ ਤੇਜ਼ਧਾਰ ਅਤੇ ਭਾਰੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਤਿੰਨ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਮੌਤ

ਹਮਲੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੇ ਦੋ ਭਰਾਵਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮੌਤ ਦੀ ਖ਼ਬਰ ਫੈਲਦੇ ਹੀ ਲੋਕਾਂ ਵਿੱਚ ਗੁੱਸਾ ਫੈਲ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਪ੍ਰਦਸ਼ਨ ਕਰਨ ਲੱਗ ਗਏ।

ਪ੍ਰਦਰਸ਼ਨ ਅਤੇ ਤਣਾਅ ਕਾਰਨ ਵਧਾਈ ਗਈ ਸੁਰੱਖਿਆ

ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕੁਝ ਥਾਵਾਂ 'ਤੇ ਅੱਗ ਲਗਾ ਕੇ ਗੁੱਸਾ ਜਾਹਿਰ ਕੀਤਾ ਗਿਆ। ਭੀੜ ਅਤੇ ਪੁਲਿਸ ਵਿਚਕਾਰ ਤਣਾਅ ਵਾਲੀ ਸਥਿਤੀ ਬਣ ਗਈ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀਆਂ ਦਿਖੀਆਂ।

ਪੁਲਿਸ ਹਰ ਪੱਖ ਤੋਂ ਕਰ ਰਹੀ ਜਾਂਚ

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨਾਲ ਜੁੜੇ ਸਾਰੇ ਤੱਥਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।

 

Recent News