ਯਾਤਰੀਆਂ ਨੂੰ ਲੁੱਟਣ ਲਈ ਚਲਾਈ ਜਾ ਰਹੀ ਸੀ ਨਿੱਜੀ ਬੱਸ, ਦਿੱਲੀ ਪੁਲਿਸ ਨੇ ਗਿਰੋਹ ਦਾ ਪਰਦਾਫਾਸ਼ ਕੀਤਾ

ਦਿੱਲੀ ਪੁਲਿਸ ਨੇ ਸਸਤੇ ਕਿਰਾਏ ਦਾ ਲਾਲਚ ਦੇ ਕੇ ਯਾਤਰੀਆਂ ਨੂੰ ਨਿੱਜੀ ਬੱਸ ਵਿੱਚ ਲੁੱਟਣ ਵਾਲੇ ਗਿਰੋਹ ਦਾ ਖੁਲਾਸਾ ਕੀਤਾ ਹੈ। ਆਨੰਦ ਵਿਹਾਰ–ISBT ਇਲਾਕੇ ਤੋਂ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।

Share:

Delhi Police ਮੁਤਾਬਕ ਮੁਲਜ਼ਮ 23 ਸੀਟਾਂ ਵਾਲੀ ਇਕ ਨਿੱਜੀ ਬੱਸ ਚਲਾਉਂਦੇ ਸਨ। ਆਨੰਦ ਵਿਹਾਰ ਰੇਲਵੇ ਸਟੇਸ਼ਨ ਅਤੇ ISBT ਦੇ ਆਲੇ–ਦੁਆਲੇ ਖੜ੍ਹੇ ਯਾਤਰੀਆਂ ਨੂੰ 30 ਰੁਪਏ ਜਿਹਾ ਘੱਟ ਕਿਰਾਇਆ ਦੱਸ ਕੇ ਬੱਸ ਵਿੱਚ ਬਿਠਾਇਆ ਜਾਂਦਾ ਸੀ। ਯਾਤਰੀਆਂ ਨੂੰ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੂੰ ਮੱਧ ਅਤੇ ਉੱਤਰੀ ਦਿੱਲੀ ਤੱਕ ਛੱਡ ਦਿੱਤਾ ਜਾਵੇਗਾ, ਪਰ ਸਫ਼ਰ ਸ਼ੁਰੂ ਹੋਣ ਨਾਲ ਹੀ ਹਾਲਾਤ ਬਦਲ ਜਾਂਦੇ ਸਨ।

ਸੁੰਨੀਆਂ ਸੜਕਾਂ ’ਤੇ ਹੁੰਦੀ ਸੀ ਲੁੱਟਪਾਟ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਜ਼ਿਆਦਾਤਰ ਰਾਤ ਦੇ ਸਮੇਂ ਜਾਂ ਸਵੇਰੇ ਤੜਕੇ ਚਲਾਈ ਜਾਂਦੀ ਸੀ, ਤਾਂ ਜੋ ਪੁਲਿਸ ਦੀ ਮੌਜੂਦਗੀ ਘੱਟ ਰਹੇ। ਬੱਸ ਨੂੰ ਦਿੱਲੀ–ਮੇਰਠ ਐਕਸਪ੍ਰੈਸਵੇ ਵਰਗੀਆਂ ਸੜਕਾਂ ਵੱਲ ਮੋੜਿਆ ਜਾਂਦਾ ਸੀ। ਇੱਥੇ ਯਾਤਰੀਆਂ ਨੂੰ ਧਮਕਾਇਆ ਜਾਂਦਾ, ਮਾਰ–ਕੁੱਟ ਕੀਤੀ ਜਾਂਦੀ ਅਤੇ ਨਕਦੀ ਤੇ ਕੀਮਤੀ ਸਮਾਨ ਲੁੱਟ ਲਿਆ ਜਾਂਦਾ ਸੀ। ਬਾਅਦ ਵਿੱਚ ਪੀੜਤਾਂ ਨੂੰ ਸੁੰਨੀਆਂ ਅਤੇ ਅਣਜਾਣ ਥਾਵਾਂ ’ਤੇ ਉਤਾਰ ਦਿੱਤਾ ਜਾਂਦਾ ਸੀ।

ਇੰਝ ਫੜੇ ਗਏ ਮੁਲਜ਼ਮ

ਪੁਲਿਸ ਉਪਾਇੁਕਤ (ਸੈਂਟਰਲ) ਨਿਧਿਨ ਵਲਸਨ ਨੇ ਦੱਸਿਆ ਕਿ ਆਨੰਦ ਵਿਹਾਰ ਰੇਲਵੇ ਸਟੇਸ਼ਨ ਇਲਾਕੇ ਵਿੱਚ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ’ਤੇ SHO ਘਨਸ਼ਿਆਮ ਕਿਸ਼ੋਰ ਦੀ ਅਗਵਾਈ ਹੇਠ ਟੀਮ ਬਣਾਈ ਗਈ। ਗਸ਼ਤ ਅਤੇ ਸਥਾਨਕ ਪੁੱਛਗਿੱਛ ਦੌਰਾਨ ਰਾਜਘਾਟ ਰੈੱਡ ਲਾਈਟ ਨੇੜੇ ਬੱਸ ਨੂੰ ਘੇਰ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਨੂੰ ਉਸ ਵੇਲੇ ਰੰਗੇ ਹੱਥੀਂ ਫੜਿਆ, ਜਦੋਂ ਉਹ ਟ੍ਰੈਫਿਕ ਸਿਗਨਲ ’ਤੇ ਯਾਤਰੀਆਂ ਨੂੰ ਧਮਕਾ ਕੇ ਲੁੱਟ ਰਹੇ ਸਨ।

ਕੌਣ ਹਨ ਗ੍ਰਿਫ਼ਤਾਰ ਮੁਲਜ਼ਮ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਯੋਗੇਸ਼ (41), ਅਰਸ਼ਦ (46) ਅਤੇ ਪ੍ਰੇਮ ਸ਼ੰਕਰ (28) ਵਜੋਂ ਹੋਈ ਹੈ। ਪੁਲਿਸ ਅਨੁਸਾਰ ਯੋਗੇਸ਼ ਬੱਸ ਡਰਾਈਵਰ ਅਤੇ ਗਿਰੋਹ ਦਾ ਸਰਗਨਾ ਸੀ, ਜਦਕਿ ਅਰਸ਼ਦ ਅਤੇ ਪ੍ਰੇਮ ਸ਼ੰਕਰ ਕੰਡਕਟਰ ਅਤੇ ਸਹਾਇਕ ਬਣ ਕੇ ਯਾਤਰੀਆਂ ਨਾਲ ਲੁੱਟਪਾਟ ਕਰਦੇ ਸਨ।

ਲੁੱਟ ਦੀ ਕਮਾਈ ਦਾ ਹਿਸਾਬ

ਜਾਂਚ ਵਿੱਚ ਪਤਾ ਲੱਗਿਆ ਹੈ ਕਿ ਯੋਗੇਸ਼ ਨੇ ਇਹ ਬੱਸ ਪੁਰਾਣੀ ਦਿੱਲੀ ਦੇ ਇਕ ਗੈਰ–ਕਾਨੂੰਨੀ ਡੀਲਰ ਤੋਂ ਸਾਲਾਨਾ ਠੇਕੇ ’ਤੇ ਲਈ ਸੀ ਅਤੇ ਰੋਜ਼ਾਨਾ ਕਰੀਬ 1,500 ਰੁਪਏ ਭੁਗਤਾਨ ਕਰਦਾ ਸੀ। ਦੋ ਮਹੀਨਿਆਂ ਵਿੱਚ ਯਾਤਰੀਆਂ ਤੋਂ ਲੁੱਟੇ ਗਏ ਪੈਸਿਆਂ ਨਾਲ ਹੀ ਇਹ ਰਕਮ ਕੱਢ ਲਈ ਗਈ। ਮੁਲਜ਼ਮ ਰੋਜ਼ਾਨਾ 1,000 ਤੋਂ 2,000 ਰੁਪਏ ਤੱਕ ਲੁੱਟ ਕਰਦੇ ਸਨ ਅਤੇ ਦੋ ਮਹੀਨਿਆਂ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਦੀ ਗੈਰਕਾਨੂੰਨੀ ਕਮਾਈ ਕੀਤੀ ਗਈ।

ਪਹਿਲਾਂ ਤੋਂ ਅਪਰਾਧਿਕ ਪਿਛੋਕੜ

ਪੁਲਿਸ ਰਿਕਾਰਡ ਮੁਤਾਬਕ ਮੁੱਖ ਮੁਲਜ਼ਮ ਯੋਗੇਸ਼ ਪਹਿਲਾਂ ਵੀ ਮਾਰਪੀਟ, ਡਕੈਤੀ ਅਤੇ ਆਰਮਜ਼ ਐਕਟ ਦੇ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਗਿਰੋਹ ਨੇ ਹੋਰ ਕਿੰਨੇ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ।

Tags :