ਕੀ Jagdish Tytler ਦਾ ਹੋਣ ਜਾ ਰਿਹਾ ਸੱਜਣ ਕੁਮਾਰ ਵਰਗਾ ਹਾਲ? ਸੀਬੀਆਈ ਅਦਾਲਤ ਦੇ ਇਸ ਫੈਸਲੇ ਨੇ ਮਚਾ ਦਿੱਤੀ ਹੈ ਹਲਚਲ 

Jagdish Tytler latest news: ਕੀ ਦਿੱਲੀ ਵਿਚ ਕਾਂਗਰਸ ਦੇ ਹੈਵੀਵੇਟ ਨੇਤਾ ਜਗਦੀਸ਼ ਟਾਈਟਲਰ ਦਾ ਵੀ ਇਹੋ ਹਾਲ ਹੋਵੇਗਾ ਜੋ ਸੱਜਣ ਕੁਮਾਰ ਨੂੰ ਮਿਲੇਗਾ? 1984 ਦੇ ਦੰਗਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਮਾਮਲੇ ਦੀ ਸੁਣਵਾਈ ਕਰਦਿਆਂ ਵੱਡਾ ਹੁਕਮ ਦਿੱਤਾ ਹੈ।

Share:

Jagdish Tytler in Anti-Sikh riots 1984: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਰੀਬ 40 ਸਾਲ ਪਹਿਲਾਂ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਇੱਕ ਹੋਰ ਵੱਡੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਜੇਲ੍ਹ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਉੱਤਰੀ ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ ਤਿੰਨ ਸਿੱਖਾਂ ਦੇ ਕਥਿਤ ਕਤਲ ਨਾਲ ਸਬੰਧਤ ਇੱਕ ਮਾਮਲੇ ਵਿੱਚ ਟਾਈਟਲਰ ਖ਼ਿਲਾਫ਼ ਕਤਲ ਅਤੇ ਹੋਰ ਗੰਭੀਰ ਅਪਰਾਧਾਂ ਲਈ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਹੈ।

ਅਦਾਲਤ ਦੇ ਇਸ ਫੈਸਲੇ 'ਤੇ ਸਿੱਖ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਭਾਈਚਾਰੇ ਨੇ ਕਿਹਾ ਕਿ 40 ਸਾਲ ਪਹਿਲਾਂ ਆਪਣੇ ਨਾਲ ਹੋਏ ਅੱਤਿਆਚਾਰ ਦਾ ਇਨਸਾਫ਼ ਲੈਣ ਦਾ ਸਮਾਂ ਆ ਗਿਆ ਹੈ। ਟਾਈਟਲਰ ਤੋਂ ਪਹਿਲਾਂ ਸੱਜਣ ਕੁਮਾਰ ਪਹਿਲਾ ਵੱਡਾ ਕਾਂਗਰਸੀ ਆਗੂ ਸੀ, ਜੋ ਸਿੱਖ ਵਿਰੋਧੀ ਦੰਗਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਇਨ੍ਹਾਂ ਦੰਗਿਆਂ ਦੀ ਫਾਈਲ ਨੂੰ ਦੁਬਾਰਾ ਖੋਲ੍ਹਿਆ ਗਿਆ ਅਤੇ ਸਾਰੇ ਮਾਮਲਿਆਂ ਦੀ ਜਾਂਚ ਦੁਬਾਰਾ ਸ਼ੁਰੂ ਕੀਤੀ ਗਈ।

ਟਾਈਟਲਰ ਖਿਲਾਫ ਕੇਸ ਚਲਾਉਣ ਲਈ ਕਾਫੀ ਸਬੂਤ ਹਨ-ਅਦਾਲਤ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਰਾਕੇਸ਼ ਸਿਆਲ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸਤਗਾਸਾ ਧਿਰ ਕੋਲ ਮੁਲਜ਼ਮ (ਜਗਦੀਸ਼ ਟਾਈਟਲਰ) ਵਿਰੁੱਧ ਮੁਕੱਦਮਾ ਚਲਾਉਣ ਲਈ ਕਾਫੀ ਸਬੂਤ ਹਨ। ਇਸ ਲਈ ਉਸ ਵਿਰੁੱਧ ਮੁਕੱਦਮਾ ਸ਼ੁਰੂ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਦਾਲਤ ਨੇ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਹੈ। ਜਿਸ ਵਿਚ ਗੈਰ-ਕਾਨੂੰਨੀ ਇਕੱਠ ਕਰਨਾ, ਦੰਗੇ-ਫਸਾਦ ਕਰਨਾ, ਵੱਖ-ਵੱਖ ਗਰੁੱਪਾਂ ਵਿਚ ਦੁਸ਼ਮਣੀ ਵਧਾਉਣਾ, ਘਰ ਵਿਚ ਜ਼ਬਰਦਸਤੀ ਦਾਖਲ ਹੋਣਾ ਅਤੇ ਚੋਰੀ ਆਦਿ ਸ਼ਾਮਲ ਹਨ।

13 ਸਿਤੰਬਰ ਤੋਂ ਸ਼ੁਰੂ ਹੋਵੇਗੀ ਮਾਮਲੇ ਦੀ ਸੁਣਵਾਈ 

ਅਦਾਲਤ ਨੇ 13 ਸਤੰਬਰ ਨੂੰ ਅਧਿਕਾਰਤ ਤੌਰ 'ਤੇ ਦੋਸ਼ ਤੈਅ ਕਰਨ ਲਈ ਕੇਸ ਸੂਚੀਬੱਧ ਕੀਤਾ ਹੈ, ਜਿੱਥੇ ਟਾਈਟਲਰ ਵਿਰੁੱਧ ਦੋਸ਼ਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਹ ਫੈਸਲਾ ਇਸ ਮੁੱਦੇ 'ਤੇ ਪਹਿਲਾਂ ਹੀ ਵੰਡੀਆਂ ਹੋਈਆਂ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਵਿਚਾਲੇ ਆਉਣ ਵਾਲੇ ਸਮੇਂ 'ਚ ਨਵੀਂ ਬਹਿਸ ਨੂੰ ਜਨਮ ਦੇ ਸਕਦਾ ਹੈ।

ਇੱਕ ਗਵਾਹ ਨਾਲ ਸ਼ੁਰੂ ਹੋਇਆ ਮਾਮਲਾ 

ਦੱਸ ਦੇਈਏ ਕਿ ਅਦਾਲਤ 'ਚ ਪੇਸ਼ ਹੋਏ ਇਕ ਗਵਾਹ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ 1 ਨਵੰਬਰ 1984 ਨੂੰ ਟਾਈਟਲਰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਚਿੱਟੇ ਰੰਗ ਦੀ ਅੰਬੈਸਡਰ ਕਾਰ 'ਚੋਂ ਉਤਰਿਆ ਸੀ। ਇਸ ਤੋਂ ਬਾਅਦ ਉਸ ਨੇ ਭੀੜ ਨੂੰ ਭੜਕਾਇਆ ਅਤੇ ਕਿਹਾ, "ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ (ਇੰਦਰਾ ਗਾਂਧੀ) ਨੂੰ ਮਾਰਿਆ ਹੈ।" ਇਸ ਭੜਕਾਊ ਬਿਆਨ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਗੁਰਦੁਆਰੇ 'ਤੇ ਹਮਲਾ ਕਰਕੇ ਤਿੰਨ ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ 'ਤੇ ਲੰਬੇ ਸਮੇਂ ਤੋਂ ਇਨ੍ਹਾਂ ਦੰਗਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਮਾਮਲੇ 'ਚ ਉਸ ਦੀ ਭੂਮਿਕਾ ਦੀ ਕਈ ਵਾਰ ਜਾਂਚ ਹੋਈ ਅਤੇ ਕਈ ਵਾਰ ਕਲੀਨ ਚਿੱਟ ਵੀ ਦਿੱਤੀ ਗਈ ਪਰ ਇਸ ਵਾਰ ਅਦਾਲਤ ਨੇ ਉਸ 'ਤੇ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ, ਜੋ ਉਸ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ।

DSGPC ਨੇ ਕੋਰਟ ਦੇ ਫੈਸਲੇ ਤੇ ਖੁਸ਼ੀ ਜਾਹਿਰ ਕੀਤੀ  

ਜਗਦੀਸ਼ ਟਾਈਟਲਰ 'ਤੇ ਦੋਸ਼ ਆਇਦ ਹੋਣ ਨਾਲ ਸਿੱਖ ਭਾਈਚਾਰੇ ਨੂੰ ਉਮੀਦ ਦੀ ਕਿਰਨ ਜਾਗੀ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਆਖਰਕਾਰ ਨਿਆਂ ਮਿਲੇਗਾ। ਦਹਾਕਿਆਂ ਤੋਂ ਅਸੀਂ ਉਮੀਦ ਰੱਖ ਰਹੇ ਹਾਂ। ਅਦਾਲਤ ਦੇ ਇਸ ਫੈਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿੱਖ ਕੌਮ ਨੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 40 ਸਾਲ ਲੜਾਈ ਲੜੀ ਹੈ। ਸਾਡਾ ਇੱਕੋ ਇੱਕ ਉਦੇਸ਼ ਕਾਤਲਾਂ ਨੂੰ ਜੇਲ੍ਹ ਭੇਜਣਾ ਹੈ। ਅੱਜ ਅਦਾਲਤੀ ਹੁਕਮ ਆਉਣ ਤੋਂ ਬਾਅਦ ਸਾਨੂੰ ਵੱਡੀ ਰਾਹਤ ਮਿਲੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਦੀਸ਼ ਟਾਈਟਲਰ ਨੂੰ ਜਲਦੀ ਹੀ ਜੇਲ੍ਹ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ