menu-icon
Punjabi Story Line
  • Home
  • News
  • National
  • ਅਮਿਤ ਸ਼ਾਹ ਅਤੇ ਜੇ.ਪੀ ਨੱਢਾ ਨਾਲ ਮੁਲਾਕਾਤ ਮਗਰੋਂ ਮਣੀਪੁਰ ਦੇ CM ਬੀਰੇਨ ਸਿੰਘ ਨੇ ਦਿੱਤਾ ਅਸਤੀਫਾ

ਅਮਿਤ ਸ਼ਾਹ ਅਤੇ ਜੇ.ਪੀ ਨੱਢਾ ਨਾਲ ਮੁਲਾਕਾਤ ਮਗਰੋਂ ਮਣੀਪੁਰ ਦੇ CM ਬੀਰੇਨ ਸਿੰਘ ਨੇ ਦਿੱਤਾ ਅਸਤੀਫਾ

ਰਾਜਪਾਲ ਨੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਜ਼ਿੰਮੇਵਾਰੀ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ। ਅਜਿਹੇ ‘ਚ ਐੱਨ. ਬੀਰੇਨ ਸਿੰਘ ਮਣੀਪੁਰ ਦੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਨਗੇ। ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ।

Date Updated Last Updated : 09 February 2025, 09:17 PM IST
Share:

ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਅਜੈ ਕੁਮਾਰ ਭੱਲਾ ਨੂੰ ਸੌਂਪਿਆ। ਬੀਰੇਨ ਸਿੰਘ ਨੇ ਆਪਣੀ ਚਿੱਠੀ ‘ਚ ਲਿਖਿਆ ਕਿ ਹੁਣ ਤੱਕ ਮਣੀਪੁਰ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਰਹੀ ਹੈ। ਮੈਂ ਮਣੀਪੁਰ ਦੇ ਹਰ ਨਾਗਰਿਕ ਦੇ ਹਿੱਤਾਂ ਦੀ ਰੱਖਿਆ ਲਈ ਕੇਂਦਰ ਸਰਕਾਰ ਦੀ ਸਮੇਂ ਸਿਰ ਕਾਰਵਾਈ, ਦਖਲਅੰਦਾਜ਼ੀ, ਵਿਕਾਸ ਕਾਰਜਾਂ ਅਤੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਬਹੁਤ ਧੰਨਵਾਦੀ ਹਾਂ। ਰਾਜਪਾਲ ਨੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਜ਼ਿੰਮੇਵਾਰੀ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ। ਅਜਿਹੇ ‘ਚ ਐੱਨ. ਬੀਰੇਨ ਸਿੰਘ ਮਣੀਪੁਰ ਦੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਨਗੇ। 

ਸਵੇਰੇ ਕੀਤੀ ਮੁਲਾਕਾਤ, ਸ਼ਾਮ ਨੂੰ ਛੱਡਿਆ ਅਹੁਦਾ 

ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਅਨੁਸਾਰ ਇੱਕ-ਦੋ ਦਿਨਾਂ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਐਨ. ਬੀਰੇਨ ਸਿੰਘ ਨੂੰ ਰਾਜ ਵਿੱਚ ਜਾਤੀ ਸੰਘਰਸ਼ ਨਾਲ ਨਜਿੱਠਣ ਦੇ ਤਰੀਕੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪਿਛਲੇ ਹਫ਼ਤੇ ਵਿਧਾਨ ਸਭਾ ਸਪੀਕਰ ਸਤਿਆਵਰਤ ਨੂੰ ਦਿੱਲੀ ਬੁਲਾਏ ਜਾਣ ਤੋਂ ਬਾਅਦ ਮਣੀਪੁਰ ਵਿੱਚ ਸੱਤਾ ਤਬਦੀਲੀ ਦੇ ਸੰਕੇਤ ਦਿਸਣ ਲੱਗ ਪਏ ਸਨ। ਇਸ ਤੋਂ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਯੁਮਨਮ ਖੇਮਚੰਦ ਵੀ ਦਿੱਲੀ ਆਏ। ਦੱਸਿਆ ਜਾ ਰਿਹਾ ਹੈ ਕਿ ਬੀਰੇਨ ਸਿੰਘ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ, ਜਦੋਂ ਅੱਜ ਸਵੇਰੇ ਹੀ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਬੀਰੇਨ ਸਿੰਘ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਢਾ ਵੀ ਮੌਜੂਦ ਸਨ। ਦਿੱਲੀ ਤੋਂ ਇੰਫਾਲ ਪਰਤਦੇ ਹੀ ਉਹਨਾਂ ਨੇ ਅਸਤੀਫਾ ਦੇ ਦਿੱਤਾ।

ਕਾਂਗਰਸ ਨੇ ਖਿੱਚੀ ਬੇਭਰੋਸਗੀ ਦੀ ਤਿਆਰੀ 

ਪਾਰਟੀ ਸੂਤਰਾਂ ਅਨੁਸਾਰ 12 ਦੇ ਕਰੀਬ ਵਿਧਾਇਕ ਲੀਡਰਸ਼ਿਪ ਬਦਲਣ ਦੀ ਜ਼ੋਰਦਾਰ ਮੰਗ ਕਰ ਰਹੇ ਹਨ ਅਤੇ 6 ਦੇ ਕਰੀਬ ਵਿਧਾਇਕ ਹਾਲੇ ਵੀ ਫ਼ੈਸਲਾ ਲੈਣ ਦੀ ਸਥਿਤੀ ਵਿੱਚ ਨਹੀਂ ਹਨ। ਸੂਤਰਾਂ ਨੇ ਇਹ ਵੀ ਕਿਹਾ ਕਿ ਸਪੀਕਰ ਅਤੇ ਮੁੱਖ ਮੰਤਰੀ ਵਿਚਾਲੇ ‘ਮਤਭੇਦ’ ਹਨ। ਸੂਤਰਾਂ ਨੇ ਦੱਸਿਆ ਕਿ ਦਿੱਲੀ ਚੋਣਾਂ ‘ਚ ਭਾਜਪਾ ਦੀ ਸਫਲਤਾ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਂਡ ਨਹੀਂ ਚਾਹੁੰਦੀ ਕਿ ਮਣੀਪੁਰ ‘ਚ ਵਧਦੇ ਸਕਾਰਾਤਮਕ ਸਿਆਸੀ ਮਾਹੌਲ ‘ਤੇ ਕਿਸੇ ਵੀ ਤਰ੍ਹਾਂ ਦਾ ਅਸਰ ਪਵੇ। ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ। ਅਜਿਹੇ ‘ਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਅਸਤੀਫੇ ਨੂੰ ਵੱਡੇ ਸਿਆਸੀ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਚਰਚਾਵਾਂ ਦੀ ਮੰਨੀਏ ਤਾਂ ਕਾਂਗਰਸ ਪਾਰਟੀ ਮੌਜੂਦਾ ਲੀਡਰਸ਼ਿਪ ਤੋਂ ਨਾਰਾਜ਼ ਭਾਜਪਾ ਦੇ ਕੁਝ ਵਿਧਾਇਕਾਂ ਦੀ ਮਦਦ ਨਾਲ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ‘ਤੇ ਵਿਚਾਰ ਕਰ ਰਹੀ ਹੈ।

Recent News