menu-icon
Punjabi Story Line
  • Home
  • News
  • National
  • ਵਿਕਸਿਤ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ 2026: ਪੀਐਮ ਮੋਦੀ ਨੇ ਨੌਜਵਾਨਾਂ ਨਾਲ ਕੀਤੀ ਗੱਲਬਾਤ, ਸੁਣੇ ਸਰਹੱਦੀ ਪਿੰਡਾਂ ਦੇ ਤਜ਼ਰਬੇ 

ਵਿਕਸਿਤ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ 2026: ਪੀਐਮ ਮੋਦੀ ਨੇ ਨੌਜਵਾਨਾਂ ਨਾਲ ਕੀਤੀ ਗੱਲਬਾਤ, ਸੁਣੇ ਸਰਹੱਦੀ ਪਿੰਡਾਂ ਦੇ ਤਜ਼ਰਬੇ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 'ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026' ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੌਰਾਨ 'ਮਾਈ ਭਾਰਤ' ਦੇ ਵਲੰਟੀਅਰਾਂ ਨੇ ਪ੍ਰੋਗਰਾਮ ਨਾਲ ਸਬੰਧਤ ਆਪਣੇ ਅਨੁਭਵ ਸਾਂਝੇ ਕੀਤੇ।

Date Updated Last Updated : 26 July 2026, 05:34 PM IST
Share:

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ 2026 ਵਿੱਚ ਸ਼ਾਮਲ ਨੌਜਵਾਨਾਂ ਨਾਲ ਸੰਵਾਦ ਕੀਤਾ। ਇਸ ਦੌਰਾਨ ‘ਮਾਈ ਭਾਰਤ’ (MY Bharat) ਦੇ ਵਲੰਟੀਅਰਾਂ ਨੇ ਸਰਹੱਦੀ ਇਲਾਕਿਆਂ ਵਿੱਚ ਕੰਮ ਕਰਨ ਦੌਰਾਨ ਮਿਲੇ ਆਪਣੇ ਤਜ਼ਰਬੇ ਅਤੇ ਸਿੱਖਣ ਵਾਲੇ ਪਲ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸਰਹੱਦੀ ਪਿੰਡਾਂ ਦੇ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ।

ਸਰਹੱਦੀ ਪਿੰਡਾਂ ਨੂੰ ਨੇੜਿਓਂ ਜਾਣਨ ਦਾ ਮਿਲਿਆ ਮੌਕਾ

ਗੱਲਬਾਤ ਦੌਰਾਨ ਇੱਕ ‘ਮਾਈ ਭਾਰਤ’ ਵਲੰਟੀਅਰ ਨੇ ਦੱਸਿਆ ਕਿ ਇਸ ਪਹਿਲ ਨੇ ਉਨ੍ਹਾਂ ਨੂੰ ਦੇਸ਼ ਦੇ ਦੂਰ-ਦੁਰਾਡੇ ਸਰਹੱਦੀ ਪਿੰਡਾਂ ਤੱਕ ਪਹੁੰਚਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਜਿਹੇ ਇਲਾਕਿਆਂ ਵਿੱਚ ਗਏ ਜਿੱਥੇ ਜਾਣ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਇਸ ਯਾਤਰਾ ਨੇ ਉਨ੍ਹਾਂ ਨੂੰ ਸਰਹੱਦੀ ਇਲਾਕਿਆਂ ਦੇ ਲੋਕਾਂ ਦੀ ਜੀਵਨ ਸ਼ੈਲੀ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਸੱਭਿਆਚਾਰ ਨੂੰ ਨੇੜਿਓਂ ਸਮਝਣ ਦਾ ਮੌਕਾ ਦਿੱਤਾ।

ਸਿਹਤ ਅਤੇ ਸਿੱਖਿਆ ਵਿੱਚ ਦਿਖਿਆ ਵਿਕਾਸ

ਇੱਕ ਹੋਰ ਵਲੰਟੀਅਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਯੁਸ਼ਮਾਨ ਆਰੋਗਿਆ ਮੰਦਰ ਵਿੱਚ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦੇਸ਼ ਦੇ ਵਿਕਾਸ ਦੀਆਂ ਯੋਜਨਾਵਾਂ ਹੁਣ ਦੂਰ-ਦੁਰਾਡੇ ਸਰਹੱਦੀ ਖੇਤਰਾਂ ਤੱਕ ਵੀ ਪਹੁੰਚ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਬਣਾਈਆਂ ਗਈਆਂ ਸੁਵਿਧਾਵਾਂ ਅਤੇ ਸਿੱਖਿਆ ਦਾ ਮਾਹੌਲ ਦੇਖ ਕੇ ਉਨ੍ਹਾਂ ਨੂੰ “ਵਿਕਸਿਤ ਭਾਰਤ” ਦੀ ਸੋਚ ਦਾ ਅਹਿਸਾਸ ਹੋਇਆ।

ਕੀ ਹੈ ਵਿਕਸਿਤ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ?

ਵਿਕਸਿਤ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ‘ਮਾਈ ਭਾਰਤ’ ਰਾਹੀਂ ਚਲਾਇਆ ਜਾਣ ਵਾਲਾ ਇੱਕ ਵਿਸ਼ੇਸ਼ ਅਭਿਆਨ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਵਿਜ਼ਨ ‘ਤੇ ਆਧਾਰਿਤ ਹੈ ਜਿਸ ਅਨੁਸਾਰ ਦੇਸ਼ ਦੇ ਸਰਹੱਦੀ ਪਿੰਡਾਂ ਨੂੰ “ਆਖ਼ਰੀ ਨਹੀਂ, ਸਗੋਂ ਪਹਿਲਾ ਪਿੰਡ” ਮੰਨ ਕੇ ਉਨ੍ਹਾਂ ਦੇ ਸਰਵਪੱਖੀ ਵਿਕਾਸ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸਾਲ 2026 ਦਾ ਇਹ ਪ੍ਰੋਗਰਾਮ 4 ਜੂਨ ਤੋਂ 30 ਜੂਨ ਤੱਕ ਦੋ ਪੜਾਆਂ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ 74 ਸਰਹੱਦੀ ਵਾਇਬ੍ਰੈਂਟ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ।

ਦੇਸ਼ ਭਰ ਦੇ ਨੌਜਵਾਨਾਂ ਨੇ ਲਿਆ ਹਿੱਸਾ

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਸ ਪਹਿਲ ਨਾਲ ਜੁੜੀ ਆਨਲਾਈਨ ਕੁਇਜ਼ ਮੁਕਾਬਲੇ ਵਿੱਚ ਤਿੰਨ ਲੱਖ ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 400 ਤੋਂ ਵੱਧ ਨੌਜਵਾਨਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਸਰਹੱਦੀ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਅਤੇ ਵਿਕਾਸ ਕਾਰਜਾਂ ਨੂੰ ਸਮਝਣ ਦਾ ਮੌਕਾ ਮਿਲਿਆ।

ਪਹਿਲ ਦਾ ਮੁੱਖ ਉਦੇਸ਼

ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਸਰਹੱਦੀ ਖੇਤਰਾਂ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਹਕੀਕਤਾਂ ਨਾਲ ਜਾਣੂ ਕਰਵਾਉਣਾ ਹੈ। ਨਾਲ ਹੀ ਉਨ੍ਹਾਂ ਵਿੱਚ ਰਾਸ਼ਟਰੀ ਏਕਤਾ, ਸਮਾਜਿਕ ਭਾਗੀਦਾਰੀ ਅਤੇ ਸਰਹੱਦੀ ਪਿੰਡਾਂ ਦੇ ਰਣਨੀਤਿਕ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਇਸ ਪਹਿਲ ਦਾ ਅਹਿਮ ਹਿੱਸਾ ਹੈ।

ਇਸ ਰਾਹੀਂ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨੂੰ ਸਮਝਣ ਅਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਨਾਲ ਸਿੱਧਾ ਜੁੜਨ ਦਾ ਵਿਲੱਖਣ ਮੌਕਾ ਮਿਲ ਰਿਹਾ ਹੈ।

Recent News