ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਰਾਸ਼ਟਰੀ ਪਾਤਰਤਾ-ਸਹ-ਪ੍ਰਵੇਸ਼ ਪ੍ਰੀਖਿਆ (NEET-UG) 2026 ਪਾਸ ਕਰ ਲਈ ਹੈ। NEET ਦਾ ਪੇਪਰ ਲੀਕ ਹੋਣ ਕਾਰਨ ਪਹਿਲੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਦੁਬਾਰਾ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ, ਜਿਸ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ NEET ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਡਾਕਟਰੀ ਖੇਤਰ ਵਿੱਚ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ, "ਇੱਕ ਵਾਰ ਫਿਰ, ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਗੁਣਵੱਤਾ ਭਰਪੂਰ ਸਿੱਖਿਆ ਅਤੇ ਸਖ਼ਤ ਮਿਹਨਤ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਾਲ, ਸਾਡੇ 882 ਵਿਦਿਆਰਥੀਆਂ ਨੇ NEET ਪ੍ਰੀਖਿਆ ਪਾਸ ਕੀਤੀ ਹੈ, ਜੋ 'ਸਿੱਖਿਆ ਕ੍ਰਾਂਤੀ' ਦੇ ਪ੍ਰਭਾਵ ਅਤੇ ਸਾਡੇ ਅਧਿਆਪਕਾਂ ਦੇ ਸਮਰਪਣ ਨੂੰ ਦਰਸਾਉਂਦਾ ਹੈ।"
ਸਿੱਖਿਆ ਮੰਤਰੀ ਨੇ ਕਿਹਾ ਕਿ ਸਾਲ 2026 ਵਿੱਚ NEET ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਧਦੇ ਮਾਪਦੰਡਾਂ ਦੀ ਸਪੱਸ਼ਟ ਮਿਸਾਲ ਹੈ। ਸਾਲ 2024 ਵਿੱਚ 437 ਵਿਦਿਆਰਥੀਆਂ ਨੇ NEET ਪ੍ਰੀਖਿਆ ਪਾਸ ਕੀਤੀ ਸੀ ਅਤੇ ਸਾਲ 2025 ਵਿੱਚ ਇਹ ਗਿਣਤੀ ਵੱਧ ਕੇ 847 ਹੋ ਗਈ ਸੀ। ਇਸ ਸਾਲ 882 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਜੋ ਸਾਲ 2024 ਦੀ ਤੁਲਨਾ ਵਿੱਚ 100 ਫੀਸਦੀ ਤੋਂ ਵੱਧ ਦੀ ਵਾਧਾ ਦਰਸਾਉਂਦੀ ਹੈ। ਪੇਪਰ ਲੀਕ ਅਤੇ ਮੁੜ ਪ੍ਰੀਖਿਆ ਕਾਰਨ 2026 ਦੀ ਪ੍ਰੀਖਿਆ ਵਿੱਚ ਆਈ ਰੁਕਾਵਟ ਦੇ ਬਾਵਜੂਦ ਇਹ ਸਫ਼ਲਤਾ ਹਾਸਲ ਕੀਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਰਕਾਰੀ ਸਿੱਖਿਆ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਸਿੱਖਿਆ ਗਰੀਬੀ ਨੂੰ ਖ਼ਤਮ ਕਰਨ ਅਤੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਸਭ ਤੋਂ ਸ਼ਕਤੀਸ਼ਾਲੀ ਜ਼ਰੀਆ ਹੈ। ਇਸ ਸਾਲ ਪ੍ਰੀਖਿਆ ਵਿੱਚ ਆਈ ਰੁਕਾਵਟ ਦੇ ਬਾਵਜੂਦ, NEET ਵਿੱਚ ਸਾਡੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਸਫ਼ਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੇ ਬੱਚੇ ਸਹੀ ਸਹਾਇਤਾ ਅਤੇ ਅਨੁਕੂਲ ਵਾਤਾਵਰਣ ਨਾਲ ਕੁਝ ਵੀ ਹਾਸਲ ਕਰ ਸਕਦੇ ਹਨ।"
ਇਸ ਸਾਲ NEET ਪ੍ਰੀਖਿਆ ਪਾਸ ਕਰਨ ਵਾਲਿਆਂ ਵਿੱਚੋਂ ਲੁਧਿਆਣਾ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ, ਖੇਖੇਵਾਲ ਦੇ ਵਿਦਿਆਰਥੀ ਪ੍ਰਤੀਕ ਕੁਮਾਰ ਦੀ ਕਹਾਣੀ ਸੂਬੇ ਦੇ ਸਿੱਖਿਆ ਸੁਧਾਰਾਂ ਦੇ ਵਿਆਪਕ ਪ੍ਰਭਾਵ ਨੂੰ ਉਜਾਗਰ ਕਰਦੀ ਹੈ। 16,000 ਰੁਪਏ ਮਹੀਨਾ ਤਨਖ਼ਾਹ ਵਾਲੇ ਇੱਕ ਨਿਜੀ ਸਕੂਲ ਅਧਿਆਪਕ ਦੇ ਪੁੱਤਰ, ਪ੍ਰਤੀਕ ਨੇ NEET-UG 2026 ਵਿੱਚ 720 ਵਿੱਚੋਂ 594 ਅੰਕਾਂ ਨਾਲ 99.3 ਫੀਸਦੀ ਅੰਕ ਪ੍ਰਾਪਤ ਕੀਤੇ। ਉਸਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ "ਪੈੱਸ" ਪ੍ਰੋਗਰਾਮ ਅਧੀਨ ਮੁਫ਼ਤ ਔਨਲਾਈਨ ਕਲਾਸਾਂ ਅਤੇ ਮੌਕ ਟੈਸਟਾਂ ਰਾਹੀਂ ਪ੍ਰੀਖਿਆ ਦੀ ਤਿਆਰੀ ਕੀਤੀ। ਪ੍ਰਤੀਕ ਇੱਕ ਓਨਕੋਲੋਜਿਸਟ (ਕੈਂਸਰ ਮਾਹਿਰ) ਬਣ ਕੇ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸਦੀ ਉਪਲਬਧੀ ਦਰਸਾਉਂਦੀ ਹੈ ਕਿ ਸਹੀ ਦਿਸ਼ਾ, ਸਹਾਇਤਾ, ਸਮਰਪਣ ਅਤੇ ਸਖ਼ਤ ਮਿਹਨਤ ਨਾਲ ਵਿੱਤੀ ਰੁਕਾਵਟਾਂ ਨੂੰ ਪਾਰ ਕੀਤਾ ਜਾ ਸਕਦਾ ਹੈ।
ਪ੍ਰਤੀਕ ਦੇ ਪਿਤਾ ਨੇ ਕਿਹਾ, "ਮੈਂ ਹਮੇਸ਼ਾ ਮੰਨਦਾ ਸੀ ਕਿ ਸਿੱਖਿਆ ਹੀ ਸਾਡੇ ਪਰਿਵਾਰ ਦੀ ਕਿਸਮਤ ਬਦਲਣ ਦਾ ਇਕਲੌਤਾ ਜ਼ਰੀਆ ਹੈ। ਪੰਜਾਬ ਸਰਕਾਰ ਦੀ ਮੁਫ਼ਤ ਕੋਚਿੰਗ ਅਤੇ ਮੌਕ ਟੈਸਟਾਂ ਨੇ ਪ੍ਰਤੀਕ ਨੂੰ ਨਵੀਂ ਦਿਸ਼ਾ ਦਿੱਤੀ। ਅੱਜ, ਜਦੋਂ ਉਸਨੇ NEET ਪ੍ਰੀਖਿਆ ਪਾਸ ਕਰ ਲਈ ਹੈ, ਇਹ ਸਾਡੇ ਜੀਵਨ ਦਾ ਸਭ ਤੋਂ ਮਾਣ ਵਾਲਾ ਅਤੇ ਖੁਸ਼ਹਾਲ ਦਿਨ ਹੈ।"
NEET ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਸਫ਼ਲਤਾ ਤਰੱਕੀ ਵੱਲ ਵਧਦੇ ਸੂਬੇ ਦੇ ਕਦਮਾਂ ਨੂੰ ਦਰਸਾਉਂਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ, ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਵਿੱਚ ਕੇਰਲ ਅਤੇ ਦਿੱਲੀ ਨੂੰ ਪਿੱਛੇ ਛੱਡਦਿਆਂ ਭਾਰਤ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਦਾ ਦਰਜਾ ਪ੍ਰਾਪਤ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਮਾਰਗਦਰਸ਼ਨ (ਮੈਂਟਰਸ਼ਿਪ) ਅਤੇ ਪ੍ਰੀਖਿਆ ਦੀ ਤਿਆਰੀ ਪ੍ਰਦਾਨ ਕੀਤੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੁਨਰ ਦੀ ਪਛਾਣ ਕਰਨ ਅਤੇ ਉਸ ਨੂੰ ਨਿਖਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਹਰ ਬੱਚੇ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਸ਼ਵ-ਸਤਰੀ ਸਿੱਖਿਆ ਪ੍ਰਦਾਨ ਕੀਤੀ ਜਾਵੇ।