ਅਕਸਰ ਲੋਕ ਪੱਕੀ ਨੌਕਰੀ ਛੱਡ ਕੇ ਆਪਣਾ ਕੰਮ ਸ਼ੁਰੂ ਕਰਨ ਤੋਂ ਝਿਜਕਦੇ ਹਨ, ਪਰ ਜੋ ਰਿਸਕ ਲੈਂਦੇ ਹਨ, ਉਹੀ ਕਈ ਵਾਰ ਸੋਨੇ ਦੀ ਖਾਣ ਬਣਾ ਲੈਂਦੇ ਹਨ। ਅਜਿਹੀ ਹੀ ਇੱਕ ਪ੍ਰੇਰਨਾਦਾਇਕ ਕਹਾਣੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿੱਥੇ ਇੱਕ ਵਿਅਕਤੀ ਨੇ 38 ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਨੂੰ ਇੱਕ ਪਾਸੇ ਕਰਕੇ ਚਾਹ ਦੇ ਛੋਟੇ ਜਿਹੇ ਸਟਾਲ ਨਾਲ ਕਮਾਈ ਦੇ ਨਵੇਂ ਆਯਾਮ ਖੋਲ੍ਹ ਲਏ। ਆਓ ਪੜ੍ਹਦੇ ਹਾਂ ਇਹ ਪੂਰੀ ਦਾਸਤਾਨ, ਜੋ ਸਾਬਤ ਕਰਦੀ ਹੈ ਕਿ ਸਹੀ ਦਿਸ਼ਾ ਅਤੇ ਹਿੰਮਤ ਜੇਕਰ ਹੋਵੇ ਤਾਂ ਸਫ਼ਲਤਾ ਪਿੱਛੇ ਨਹੀਂ ਰਹਿੰਦੀ।
ਅੰਕਿਤ ਪਾਂਡੇ ਨਾਂ ਦੇ ਇੱਕ X ਯੂਜ਼ਰ ਨੇ ਆਪਣੇ ਗੁਆਂਢੀ ਦੀ ਕਹਾਣੀ ਸਾਂਝੀ ਕਰਕੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਗੁਆਂਢੀ ਇੱਕ ਕਾਰਪੋਰੇਟ ਕੰਪਨੀ 'ਚ ਨੌਕਰੀ ਕਰਦਾ ਸੀ, ਜਿੱਥੇ ਉਸ ਨੂੰ 38,000 ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਪਰ ਕੈਰੀਅਰ ਵਿੱਚ ਵਾਧੇ ਦੀ ਘਾਟ ਅਤੇ ਵਧਦੀ ਮਹਿੰਗਾਈ ਕਾਰਨ ਉਸ ਨੇ ਮਈ ਮਹੀਨੇ ਵਿੱਚ ਨੌਕਰੀ ਛੱਡਣ ਦਾ ਫੈਸਲਾ ਲਿਆ। ਉਸ ਦੇ ਇਸ ਫੈਸਲੇ ਦੀ ਹਰ ਪਾਸੇ ਆਲੋਚਨਾ ਹੋਈ, ਪਰ ਉਹ ਆਪਣੇ ਇਰਾਦੇ 'ਤੇ ਦ੍ਰਿੜ ਰਿਹਾ।
ਉਸ ਨੇ ਇੱਕ ਆਟੋ ਸਟੈਂਡ ਨਜ਼ਦੀਕ ਚਾਹ ਦੀ ਦੁਕਾਨ ਸਥਾਪਤ ਕਰਨ ਲਈ ਲਗਪਗ 2 ਲੱਖ ਰੁਪਏ ਦਾ ਨਿਵੇਸ਼ ਕੀਤਾ। ਦੁਕਾਨ ਨੂੰ ਆਧੁਨਿਕ ਅਤੇ ਆਕਰਸ਼ਕ ਬਣਾਇਆ ਗਿਆ, ਨਾਲ ਹੀ ਦੋ ਔਰਤਾਂ ਨੂੰ ਸੇਵਾ ਲਈ ਰੱਖਿਆ ਗਿਆ। ਚਾਹ ਦੀਆਂ ਕੀਮਤਾਂ ਨੂੰ ਬਹੁਤ ਸਧਾਰਨ ਅਤੇ ਕਿਫਾਇਤੀ ਰੱਖਿਆ – 10 ਰੁਪਏ 'ਚ ਆਮ ਚਾਹ ਅਤੇ 20 ਰੁਪਏ 'ਚ ਪ੍ਰੀਮੀਅਮ ਚਾਹ।
ਸਥਾਨ ਦੀ ਆਵਾਜਾਈ ਅਤੇ ਗੁਣਵੱਤਾ ਨੇ ਜਲਦੀ ਹੀ ਗਾਹਕਾਂ ਨੂੰ ਆਕਰਸ਼ਤ ਕੀਤਾ। ਹੁਣ ਇਹ ਸਟਾਲ ਰੋਜ਼ਾਨਾ ਕਰੀਬ 400 ਕੱਪ ਚਾਹ ਵੇਚ ਰਿਹਾ ਹੈ, ਜਿਸ ਨਾਲ ਰੋਜ਼ਾਨਾ ਕਮਾਈ ਕਰੀਬ 6,000 ਰੁਪਏ ਹੁੰਦੀ ਹੈ, ਜੋ ਮਹੀਨੇ ਦਾ 1.8 ਲੱਖ ਰੁਪਏ ਤੱਕ ਬਣਦੀ ਹੈ। ਸਾਰੇ ਖਰਚਿਆਂ (ਕਿਰਾਇਆ, ਬਿਜਲੀ, ਮਜ਼ਦੂਰਾਂ ਦੀ ਤਨਖ਼ਾਹ, ਦੁੱਧ-ਚੀਨੀ-ਚਾਹ ਪੱਤੀ) ਨੂੰ ਕੱਢਣ ਮਗਰੋਂ ਵੀ ਉਸ ਕੋਲ ਹਰ ਮਹੀਨੇ 1 ਲੱਖ ਰੁਪਏ ਤੋਂ ਵੱਧ ਦਾ ਸ਼ੁੱਧ ਮੁਨਾਫ਼ਾ ਰਹਿ ਜਾਂਦਾ ਹੈ। ਇਸ ਕਹਾਣੀ ਨੇ ਇੱਕ ਵਾਰ ਫਿਰ ਇਹ ਸਾਬਤ ਕੀਤਾ ਹੈ ਕਿ ਜੋਖਮ ਉਠਾਉਣ ਵਾਲੇ ਹੀ ਅਕਸਰ ਨਵੀਆਂ ਉਚਾਈਆਂ ਨੂੰ ਛੂਹਦੇ ਹਨ।