menu-icon
Punjabi Story Line
  • Home
  • News
  • Punjab
  • Bargari case: ਅਰੋਪੀ ਪ੍ਰਦੀਪ ਕਲੇਰ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਹੋਈ ਬੇਅਦਬੀ

Bargari case: ਅਰੋਪੀ ਪ੍ਰਦੀਪ ਕਲੇਰ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਹੋਈ ਬੇਅਦਬੀ

ਪ੍ਰਦੀਪ ਕਲੇਰ ਨੇ ਦਰਜ ਕਰਵਾਏ ਬਿਆਨ 'ਚ ਕਿਹਾ ਹੈ ਕਿ ਬੇਅਦਬੀ ਕਾਂਡ ਨੂੰ ਡੇਰਾ ਮੁਖੀ ਅਤੇ ਹਨੀਪ੍ਰੀਤ ਦੇ ਇਸ਼ਾਰੇ 'ਤੇ ਅੰਜਾਮ ਦਿੱਤਾ ਗਿਆ ਸੀ। ਅਜਿਹੇ 'ਚ ਡੇਰਾ ਮੁਖੀ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਸਕਦੀਆਂ ਹਨ।

Date Updated Last Updated : 16 March 2024, 12:46 PM IST
Share:

Bargari case: 2015 ਦੇ ਬਰਗਾੜੀ ਬੇਅਦਬੀ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਗ੍ਰਿਫ਼ਤਾਰ ਕੀਤੇ ਭਗੌੜੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਇਸ ਮਾਮਲੇ ਵਿੱਚ ਜੇਐਮਆਈਸੀ ਚੰਡੀਗੜ੍ਹ ਦੀ ਅਦਾਲਤ ਵਿੱਚ ਧਾਰਾ 164 ਤਹਿਤ ਆਪਣਾ ਬਿਆਨ ਦਰਜ ਕਰਵਾਇਆ ਹੈ। ਪ੍ਰਦੀਪ ਕਲੇਰ ਨੇ ਆਪਣੇ ਬਿਆਨ 'ਚ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਦੀ ਘਟਨਾ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਇਸ਼ਾਰੇ 'ਤੇ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਦੀ ਅਦਾਲਤ ਵਿੱਚ ਚੱਲ ਰਹੀ ਹੈ। ਹਾਲ ਹੀ 'ਚ ਬਾਬੇ ਦੇ ਕੇਸ ਦੀ ਕਾਰਵਾਈ 'ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ।

9 ਫਰਵਰੀ ਪ੍ਰਦੀਪ ਕਲੇਰ ਨੂੰ ਕੀਤਾ ਗਿਆ ਸੀ ਗ੍ਰਿਫਤਾਰ

12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਇਸ ਮਾਮਲੇ ਵਿੱਚ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਜਿਨ੍ਹਾਂ ਵਿੱਚ ਡੇਰਾ ਸੱਚਾ ਸੌਦਾ ਮੁਖੀ, ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਨਾਮ ਸ਼ਾਮਲ ਹਨ, ਉਕਤ ਤਿੰਨੇ ਮੈਂਬਰ ਉਦੋਂ ਤੋਂ ਹੀ ਭਗੌੜੇ ਸਨ ਪਰ 9 ਫਰਵਰੀ ਨੂੰ ਐਸਆਈਟੀ ਅਤੇ ਪੰਜਾਬ ਪੁਲਿਸ ਨੇ ਗੁਰੂਗ੍ਰਾਮ ਤੋਂ ਪ੍ਰਦੀਪ ਕਲੇਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਪੜੋ ਪ੍ਰਦੀਪ ਕਲੇਰ ਦਾ ਬਿਆਨ

ਪ੍ਰਦੀਪ ਕਲੇਰ ਦੇ ਬਿਆਨ ਮੁਤਾਬਕ ਉਹ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਡੇਰਾ ਮੁਖੀ ਨੇ ਉਸ ਨੂੰ ਡੇਰੇ ਦੇ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਬਣਾਇਆ ਸੀ। ਉਸ ਦਾ ਕੰਮ ਸਿਆਸਤਦਾਨਾਂ ਨੂੰ ਮਿਲਣਾ ਸੀ। ਬਿਆਨ ਅਨੁਸਾਰ ਉਸ ਨੇ ਮਾਰਚ ਜਾਂ ਅਪ੍ਰੈਲ 2015 ਵਿੱਚ ਕਿਸੇ ਕੰਮ ਲਈ ਦਿੱਲੀ ਜਾਣਾ ਸੀ। ਇਸ ਦੌਰਾਨ ਡੇਰੇ ਦੇ ਮੁਖੀ ਨੇ ਉਸ ਨੂੰ ਬੁਲਾਇਆ। ਉੱਥੇ ਰਾਮ ਰਹੀਮ, ਹਨੀਪ੍ਰੀਤ, ਰਾਕੇਸ਼ ਕੁਮਾਰ ਉਰਫ ਰਾਕੇਸ਼ ਦਿੜਬਾ, ਸੰਦੀਪ ਬਰੇਟਾ, ਹਰਸ਼ ਧੂਰੀ, ਮਹਿੰਦਰਪਾਲ ਬਿੱਟੂ ਕੋਟਕਪੂਰਾ, ਗੁਲਾਬ ਉਰਫ ਗੁਲਾਬੂ, ਗੁਰਲੀਨ ਉਰਫ ਰਾਕੇਸ਼ ਕੁਮਾਰ ਹਾਜ਼ਰ ਸਨ।

ਉੱਥੇ ਬਿੱਟੂ ਨੇ ਬਾਬਾ ਦੇ ਧਿਆਨ ਵਿੱਚ ਲਿਆਂਦਾ ਕਿ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਇੱਕ ਸਿੱਖ ਪ੍ਰਚਾਰਕ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਵਿੱਚ ਧਰਮ ਪ੍ਰਚਾਰਕ ਤੋਂ ਪ੍ਰੇਰਿਤ ਹੋ ਕੇ ਕੁਝ ਪ੍ਰੇਮੀਆਂ ਨੇ ਡੇਰੇ ਵੱਲੋਂ ਬਾਬਾ ਦੀ ਤਸਵੀਰ ਵਾਲਾ ਲਾਕੇਟ ਪੈਰਾਂ ਵਿੱਚ ਸੁੱਟ ਦਿੱਤੇ। ਇਹ ਸੁਣ ਕੇ ਹਨੀਪ੍ਰੀਤ ਨੂੰ ਗੁੱਸਾ ਆ ਗਿਆ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਲਾਕੇਟ ਸੁੱਟੇ ਤਾਂ ਤੁਸੀਂ ਕੁਝ ਕਿਉਂ ਨਹੀਂ ਕੀਤਾ। ਜਿਸ ਤੋਂ ਬਾਅਦ ਬਾਬਾ ਅਤੇ ਹਨੀਪ੍ਰੀਤ ਨੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਬੇਅਦਬੀ ਦੀ ਯੋਜਨਾ ਬਣਾਈ ਗਈ ਅਤੇ ਇਸ ਦੀ ਜ਼ਿੰਮੇਵਾਰੀ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਸੌਂਪੀ ਗਈ।

ਡੇਰੇ ਪ੍ਰੇਮੀਆਂ ਦੇ ਵਕੀਲ ਨੇ ਕਿਹਾ-SIT ਝੂਠੀਆਂ ਕਹਾਣੀਆਂ ਬਣਾ ਰਹੀ ਹੈ

ਉਧਰ ਡੇਰਾ ਪ੍ਰੇਮੀਆਂ ਦੇ ਕੇਸਾਂ ਦੀ ਪੈਰਵੀ ਕਰ ਰਹੇ ਵਕੀਲ ਕੇਵਲ ਬਰਾੜ ਨੇ ਇਸ ਨੂੰ ਸਿਆਸੀ ਚਾਲ ਕਰਾਰ ਦਿੰਦਿਆਂ ਕਿਹਾ ਕਿ ਐਸਆਈਟੀ ਸਿਆਸੀ ਦਬਾਅ ਕਾਰਨ ਝੂਠੀਆਂ ਕਹਾਣੀਆਂ ਘੜ ਰਹੀ ਹੈ। ਇਸ ਤੋਂ ਇਲਾਵਾ ਮਹਿੰਦਰਪਾਲ ਬਿੱਟੂ ਨੇ ਡਾਇਰੀ ਨੋਟ ਲਿਖਵਾਈ ਸੀ। ਜਿਸ ਦੇ ਆਧਾਰ 'ਤੇ ਹਾਈਕੋਰਟ ਨੇ SIT ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਬਚਣ ਲਈ ਉਨ੍ਹਾਂ ਵੱਲੋਂ ਇਹ ਕਹਾਣੀ ਘੜੀ ਜਾ ਰਹੀ ਹੈ।

Recent News