menu-icon
Punjabi Story Line
  • Home
  • News
  • Punjab
  • CM ਭਗਵੰਤ ਮਾਨ ਦਾ ਵੀਡੀਓ ਸੀ ਫਰਜ਼ੀ, ਪੂਰੀ ਸਾਜ਼ਿਸ਼ ਦਾ ਪਰਦਾਫ਼ਾਸ਼, ਕੈਨੇਡਾ ਬੈਠੇ ਬਲੈਕਮੇਲਰ ਜਗਮਨ ਸਮਰਾ ਨੇ ਮਾਸਕ ਨਾਲ ਬਣਾਈ ਸੀ ਵੀਡੀਓ

CM ਭਗਵੰਤ ਮਾਨ ਦਾ ਵੀਡੀਓ ਸੀ ਫਰਜ਼ੀ, ਪੂਰੀ ਸਾਜ਼ਿਸ਼ ਦਾ ਪਰਦਾਫ਼ਾਸ਼, ਕੈਨੇਡਾ ਬੈਠੇ ਬਲੈਕਮੇਲਰ ਜਗਮਨ ਸਮਰਾ ਨੇ ਮਾਸਕ ਨਾਲ ਬਣਾਈ ਸੀ ਵੀਡੀਓ

ਫਰਜ਼ੀ ਵੀਡੀਓ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਕੀਤਾ। ਇਸ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਿਆ।

Date Updated Last Updated : 25 June 2026, 06:38 PM IST
Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜ਼ੀ ਵੀਡੀਓ ਬਣਾਉਣ ਦੀ ਪੂਰੀ ਸਾਜ਼ਿਸ਼ ਦਾ ਪਰਦਾਫ਼ਾਸ਼ ਹੋ ਗਿਆ ਹੈ। ਜਿਸ ਵੀਡੀਓ ਨੂੰ ਲੈ ਕੇ ਵਿਰੋਧੀ ਹੱਲਾ ਮਚਾ ਰਹੇ ਸਨ, ਅਸਲ ਵਿੱਚ ਉਹ ਫਰਜ਼ੀ ਨਿਕਲੀ। ਸੀ.ਐੱਮ. ਭਗਵੰਤ ਮਾਨ ਵਰਗਾ ਦਿਖਣ ਲਈ ਮਾਸਕ ਦੀ ਵਰਤੋਂ ਕੀਤੀ ਗਈ। ਕੈਨੇਡਾ ਵਿੱਚ ਬੈਠੇ ਬਲੈਕਮੇਲਰ ਜਗਮਨ ਸਮਰਾ ਨੇ ਭਗਵੰਤ ਮਾਨ ਦੇ ਮਾਸਕ ਨਾਲ ਵੀਡੀਓ ਬਣਾਈ ਸੀ। ਕਾਰ ਵਿੱਚ ਮਾਸਕ ਦੀ ਡਿਲੀਵਰੀ ਤੋਂ ਬਾਅਦ ਹੱਥ ਵਿੱਚ ਭਗਵੰਤ ਮਾਨ ਦਾ ਮਾਸਕ ਫੜੀ ਜਗਮਨ ਸਮਰਾ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ। ਫਰਜ਼ੀ ਵੀਡੀਓ ਵਿੱਚ ਚਿਹਰੇ 'ਤੇ ਮਾਸਕ ਸਾਫ਼ ਨਜ਼ਰ ਆ ਰਿਹਾ ਹੈ ਤੇ ਭਗਵੰਤ ਮਾਨ ਦੇ ਗਲੇ 'ਤੇ ਮੌਜੂਦ ਆਪਰੇਸ਼ਨ ਦਾ ਨਿਸ਼ਾਨ ਵੀ ਗਾਇਬ ਹੈ। 

ਪ੍ਰੈੱਸ ਕਾਨਫ਼ਰੰਸ ਕਰਕੇ ਸੀਐੱਮ ਮਾਨ ਨੇ ਕੀਤਾ ਪਰਦਾਫਾਸ਼

ਫਰਜ਼ੀ ਵੀਡੀਓ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਕੀਤਾ। ਇਸ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਐਕਸ 'ਤੇ ਕਿਹਾ ਕਿ ਫਰਜ਼ੀ ਵੀਡੀਓ ਦਾ ਸਾਰਾ ਸੱਚ ਬਾਹਰ ਆ ਗਿਆ ਹੈ। ਭਗਵੰਤ ਮਾਨ ਦੀ ਫਰਜ਼ੀ ਵੀਡੀਓ ਮਾਸਕ ਲਗਵਾ ਕੇ ਬਣਾਈ ਗਈ ਸੀ। ਹੁਣ ਇਹ ਈ.ਡੀ. ਪਾਰਟੀ, ਚਿੱਟਾ ਪਾਰਟੀ ਤੇ ਝਗੜਾ ਪਾਰਟੀ ਪੰਜਾਬ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਯੋਗ ਨਹੀਂ ਰਹੇ। ਪੰਜਾਬ ਦੇ ਲੋਕ ਇਸ ਘਟੀਆ ਹਰਕਤ ਲਈ ਇਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰਨਗੇ। 

ਦੂਜੇ ਪਾਸੇ, ਪ੍ਰੈੱਸ ਕਾਨਫ਼ਰੰਸ ਦੌਰਾਨ ਸੀ.ਐੱਮ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੇਰੀ ਇੱਕ ਨਕਲੀ ਤੇ ਫਰਜ਼ੀ ਵੀਡੀਓ ਚਲਾ-ਚਲਾ ਕੇ ਉਸ ਤੋਂ ਸਿਆਸੀ ਲਾਭ ਲੈਣ ਲਈ ਧਾਰਮਿਕ ਹੁਕਮਨਾਮੇ ਵੀ ਜਾਰੀ ਕਰਵਾਏ ਗਏ ਹਨ। ਜਿਨ੍ਹਾਂ ਸਿਆਸੀ ਆਕਾਵਾਂ ਨੇ ਧਾਰਮਿਕ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਆਪਣੀ ਸੁਵਿਧਾ ਅਨੁਸਾਰ ਐਲਾਨ ਕਰਨ ਲਈ ਕਿਹਾ ਹੈ, ਉਨ੍ਹਾਂ ਦਾ ਮੁੱਖ ਮਕਸਦ ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕਰਨਾ ਹੈ ਕਿਉਂਕਿ ਸਿਆਸੀ ਤੌਰ 'ਤੇ ਉਹ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਉਹ ਗਰਾਊਂਡ 'ਤੇ ਬਿਲਕੁਲ ਜ਼ੀਰੋ ਹੋ ਚੁੱਕੇ ਹਨ। ਉਹ ਹੁਣ ਇਸ ਪੱਧਰ ਤੱਕ ਡਿੱਗ ਗਏ ਹਨ ਕਿ ਹਰ ਰੋਜ਼ ਕੋਈ ਨਾ ਕੋਈ ਅਜਿਹਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਹਨ ਜਿਸ ਨਾਲ ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕੀਤਾ ਜਾ ਸਕੇ। 

ਸਾਰੀਆਂ ਪਾਰਟੀਆਂ ਮਿਲ ਕੇ ਮੇਰੇ ਪਿੱਛੇ ਪੈ ਗਈਆਂ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਸਮਾਜਿਕ, ਆਰਥਿਕ ਤੇ ਧਾਰਮਿਕ ਰੂਪ ਵਿੱਚ ਜਿੰਨੇ ਕੰਮ ਸਾਡੀ ਸਰਕਾਰ ਨੇ ਕੀਤੇ ਹਨ, ਉੱਨੇ ਕਿਸੇ ਹੋਰ ਨੇ ਨਹੀਂ ਕੀਤੇ। ਭਾਵੇਂ ਉਹ ਬੇਅਦਬੀ ਖਿਲਾਫ਼ ਸਖ਼ਤ ਸਜ਼ਾ ਦਾ ਕਾਨੂੰਨ ਬਣਾਉਣਾ ਹੋਵੇ, ਪਾਲਕੀ ਸਾਹਿਬ ਵਾਲੀ ਗੱਡੀ ਦਾ ਸਾਰਾ ਟੈਕਸ ਮਾਫ਼ ਕਰਨਾ ਹੋਵੇ, ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਧਾਨ ਸਭਾ ਸੈਸ਼ਨ ਬੁਲਾਉਣਾ ਹੋਵੇ ਜਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ 'ਤੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਹੋਵੇ, ਇਹ ਵਿਰੋਧੀ ਇਨ੍ਹਾਂ ਕੰਮਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਹੁਣ ਸਾਰੀਆਂ ਪਾਰਟੀਆਂ ਮਿਲ ਕੇ ਮੇਰੇ ਪਿੱਛੇ ਪੈ ਗਈਆਂ ਹਨ ਤੇ ਉਨ੍ਹਾਂ ਦਾ ਇੱਕੋ ਮਕਸਦ ਹੈ ਕਿ ਬੱਸ ਭਗਵੰਤ ਮਾਨ ਨੂੰ ਟਾਰਗੈਟ ਕਰੋ, ਝੂਠੀ-ਸੱਚੀ ਵੀਡੀਓ ਬਣਾ ਕੇ ਲੋਕਾਂ ਦੇ ਦਿਮਾਗ਼ ਵਿੱਚ ਇਹ ਗੱਲ ਪਾਓ ਤਾਂ ਜੋ ਲੋਕ ਮੈਨੂੰ ਨਫ਼ਰਤ ਕਰਨ ਲੱਗਣ, ਪਰ ਇਹ ਸੰਭਵ ਨਹੀਂ ਹੋਵੇਗਾ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਵਾਲੇ ਗੁਰਦੁਆਰਾ ਸਾਹਿਬਾਂ ਦੇ ਅੱਗੇ ਮੇਰੇ ਬਾਈਕਾਟ ਦੇ ਬੋਰਡ ਲਗਾ ਰਹੇ ਹਨ ਤੇ ਆਦੇਸ਼ ਦੇ ਰਹੇ ਹਨ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ (ਜਿਸ ਨੂੰ ਮੈਂ ਤੇ ਸਾਰੀ ਦੁਨੀਆਂ ਸਰਵਉੱਚ ਮੰਨਦੀ ਹੈ) ਕਿ ਭਗਵੰਤ ਮਾਨ ਦਾ ਬਾਈਕਾਟ ਕਰੋ, ਉਸ ਨੂੰ ਮੂੰਹ ਨਾ ਲਾਓ। ਪਰ ਇਹੀ ਬੋਰਡ ਸੁਖਬੀਰ ਬਾਦਲ ਲਈ ਕਿਉਂ ਨਹੀਂ ਲਗਾਏ ਗਏ, ਜਦੋਂ ਉਨ੍ਹਾਂ ਨੂੰ ਤਨਖ਼ੈਆ ਕਰਾਰ ਦਿੱਤਾ ਗਿਆ ਸੀ? ਜਿਨ੍ਹਾਂ ਲੋਕਾਂ ਨੇ ਸੁਖਬੀਰ ਬਾਦਲ ਦਾ 2 ਦਸੰਬਰ ਨੂੰ ਹਾਂ-ਵਿੱਚ-ਹਾਂ ਮਿਲਾਇਆ ਸੀ, ਉਨ੍ਹਾਂ ਦੇ ਬਾਈਕਾਟ ਦੇ ਬੋਰਡ ਕਿਉਂ ਨਹੀਂ ਲੱਗੇ ਕਿ ਇਹ ਬੇਅਦਬੀ ਦੇ ਦੋਸ਼ੀ ਹਨ, ਗੋਲੀਆਂ ਚਲਾਉਣ ਲਈ ਜ਼ਿੰਮੇਵਾਰ ਹਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਣੀ ਦੀਆਂ ਬੌਛਾਰਾਂ ਕਰਾਉਣ ਲਈ ਜ਼ਿੰਮੇਵਾਰ ਹਨ? ਜਦੋਂ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਖੁਦ ਕਹਿੰਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਨਹੀਂ, ਸਗੋਂ ਸੁਖਬੀਰ ਬਾਦਲ ਦਾ ਸਿਪਾਹੀ ਹੈ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਆਕਾ ਕੌਣ ਹਨ

ਮੈਂ ਇੱਕ ਨਿਮਰ ਸਿੱਖ ਦੇ ਤੌਰ 'ਤੇ ਅਕਾਲ ਤਖਤ ਗਿਆ

ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਉਸ ਫਰਜ਼ੀ ਵੀਡੀਓ ਦਾ ਸਵਾਲ ਹੈ, ਜਦੋਂ ਮੈਨੂੰ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ ਸੀ। ਉਦੋਂ ਮੈਂ ਇੱਕ ਨਿਮਰ ਸਿੱਖ ਦੇ ਤੌਰ 'ਤੇ ਗਿਆ ਸੀ। ਅੱਜ ਵੀ ਜੇਕਰ ਬੁਲਾਇਆ ਜਾਵੇਗਾ ਤਾਂ ਮੈਂ ਹਾਜ਼ਰ ਹੋਵਾਂਗਾ। ਮੈਂ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਦੀ ਕੋਈ ਔਕਾਤ ਨਹੀਂ ਰੱਖਦਾ। ਉਨ੍ਹਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ। ਮੈਂ ਤਾਂ ਉਨ੍ਹਾਂ ਨੂੰ ਲਾਈਵ ਕਰਨ ਦੀ ਬੇਨਤੀ ਕੀਤੀ ਸੀ, ਪਰ ਉਨ੍ਹਾਂ ਨੇ ਕਿਹਾ ਕਿ ਲਾਈਵ ਨਹੀਂ ਕਰ ਸਕਦੇ, ਇਹ ਸਿਰਫ਼ ਪੰਜ ਸਿੰਘ ਸਾਹਿਬਾਨ ਲਈ ਰਿਕਾਰਡਿੰਗ ਰੱਖੀ ਗਈ ਹੈ। ਹੁਣ ਉਹ ਉਸ ਐਡਿਟ ਕੀਤੇ ਹਿੱਸੇ ਨੂੰ ਵੀ ਰੀਲੀਜ਼ ਕਰਨ ਲੱਗ ਪਏ ਹਨ। ਮੇਰੀ ਇਹੀ ਚੁਣੌਤੀ ਹੈ ਕਿ ਜਿੱਥੇ ਮਰਜ਼ੀ ਇਸਦੀ ਜਾਂਚ ਕਰਾ ਲਈਏ, ਉਸ ਵੀਡੀਓ ਵਿੱਚ ਮੈਂ ਨਹੀਂ ਹਾਂ। ਉਸ ਵੀਡੀਓ ਵਿੱਚ ਵਿਅਕਤੀ ਦੀ ਸਰੀਰਕ ਬਣਤਰ ਮੇਰੇ ਨਾਲ ਨਹੀਂ ਮਿਲਦੀ। ਉਸਦਾ ਕੱਦ ਮੈਨੂੰ ਦੋ ਇੰਚ ਉੱਚਾ ਹੈ, ਉਸਦੀ ਚਾਲ-ਢਾਲ ਤੇ ਖੜ੍ਹਨ ਦਾ ਤਰੀਕਾ ਬਿਲਕੁਲ ਵੱਖਰਾ ਹੈ। 

ਕਾਂਗਰਸ ਜਿਸਨੇ ਅਕਾਲ ਤਖ਼ਤ ਨੂੰ ਢਾਹਿਆ ਤੇ 1984 ਵਿੱਚ ਤੋਪਾਂ ਤੇ ਗੋਲੇ ਚਲਾਏ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਇਹ ਵਿਰੋਧੀ ਪਾਰਟੀਆਂ ਲੈਬ ਵਾਲਿਆਂ ਦੇ ਪਿੱਛੇ ਪੈ ਗਈਆਂ ਹਨ ਤੇ ਉਨ੍ਹਾਂ ਤੋਂ ਕਹਿਲਵਾਉਣ ਲੱਗੀਆਂ ਹਨ ਕਿ ਰਿਪੋਰਟ ਫਰਜ਼ੀ ਹੈ। ਤਿੰਨੋਂ ਪਾਰਟੀਆਂ ਇੱਕ ਹੋ ਗਈਆਂ ਹਨ। ਕਾਂਗਰਸ ਕਹਿ ਰਹੀ ਹੈ ਕਿ ਭਗਵੰਤ ਮਾਨ ਦਾ ਬਾਈਕਾਟ ਕਰੋ ਕਿਉਂਕਿ ਇਸਨੇ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਠੇਸ ਪਹੁੰਚਾਈ ਹੈ। ਇਹ ਉਹੀ ਕਾਂਗਰਸ ਹੈ ਜਿਸਨੇ ਅਕਾਲ ਤਖ਼ਤ ਨੂੰ ਢਾਹਿਆ ਤੇ 1984 ਵਿੱਚ ਤੋਪਾਂ ਤੇ ਗੋਲੇ ਚਲਾਏ। ਦੂਜੀ ਪਾਰਟੀ ਅਕਾਲੀ ਦਲ ਹੈ ਜਿਸ 'ਤੇ ਬੇਅਦਬੀ ਦੇ ਦੋਸ਼ ਹਨ ਤੇ ਤੀਜੀ ਪਾਰਟੀ ਭਾਜਪਾ ਹੈ ਜਿਸਨੇ ਇੰਦਰਾ ਗਾਂਧੀ ਨੂੰ ਆਪ੍ਰੇਸ਼ਨ ਬਲੂ ਸਟਾਰ ਲਈ ਉਕਸਾਇਆ ਸੀ। ਇਹ ਤਿੰਨੋਂ ਮਿਲ ਕੇ ਭਗਵੰਤ ਮਾਨ ਖਿਲਾਫ਼ ਸਾਂਝਾ ਮੋਰਚਾ ਬਣਾ ਚੁੱਕੇ ਹਨ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਬੌਖਲਾਏ ਹੋਏ ਹਨ ਕਿਉਂਕਿ ਇਹ ਜਨਤਾ ਦਾ ਸਾਮ੍ਹਣਾ ਨਹੀਂ ਕਰ ਸਕਦੇ। ਮੈਂ ਤਾਂ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਜਾਂਦਾ ਹਾਂ। ਵੀਰਵਾਰ ਨੂੰ ਬੁਢਵਾੜਾ ਦੇ ਧਰਮਪੁਰਾ ਵਿੱਚ ਸੀ, ਪਰਸੋਂ ਮੌੜ ਮੰਡੀ ਦੇ ਮੰਡੀ ਕਲਾਂ ਵਿੱਚ ਸੀ। ਮੈਂ ਪਾਣੀ, ਬਿਜਲੀ, ਰੁਜ਼ਗਾਰ, ਤਲਾਬਾਂ ਤੇ ਸੜਕਾਂ ਦੀ ਗੱਲ ਕਰਦਾ ਹਾਂਪਰ ਇਹ ਕਿਸੇ ਹੋਰ ਭਟਕਾਅ ਵਿੱਚ ਪਏ ਹਨ।

ਸੀ.ਐੱਮ. ਭਗਵੰਤ ਸਿੰਘ ਮਾਨ ਨੇ ਫਰਜ਼ੀ ਵੀਡੀਓ ਦਾ ਸੱਚ ਦੁਨੀਆਂ ਸਾਹਮਣੇ ਰੱਖਦਿਆਂ ਕਿਹਾ ਕਿ ਵੀਡੀਓ ਵਿੱਚ ਜੋ ਵਿਅਕਤੀ ਮੇਰੀ ਥਾਂ ਐਕਟਿੰਗ ਕਰ ਰਿਹਾ ਹੈ, ਸਾਫ਼ ਦਿਖ ਰਿਹਾ ਹੈ ਕਿ ਉਸਨੇ ਮਾਸਕ ਪਾਇਆ ਹੋਇਆ ਹੈ। ਗਰਦਨ ਦੇ ਨੇੜੇ ਇੱਕ ਸਪੱਸ਼ਟ ਰੇਖਾ ਦਿਖਾਈ ਦੇ ਰਹੀ ਹੈ ਜੋ ਮਾਸਕ ਦੀ ਹੈ। ਦੂਜੀ ਗੱਲ, 5 ਸਾਲ ਦੀ ਉਮਰ ਤੋਂ ਮੇਰੀ ਗਰਦਨ 'ਤੇ ਇੱਕ ਆਪਰੇਸ਼ਨ ਹੋਇਆ ਸੀ, ਉਸਦਾ ਨਿਸ਼ਾਨ ਅਜੇ ਵੀ ਹੈ ਜੋ ਉਸ ਵੀਡੀਓ ਵਿੱਚ ਨਹੀਂ ਹੈ। ਲੋਕ ਮੇਰੀ ‘ਜੁਗਨੂੰ’ ਵਾਲੀ ਵੀਡੀਓ ਵੀ ਦੇਖ ਸਕਦੇ ਹਨ, ਉਸ ਵਿੱਚ ਵੀ ਉਹ ਨਿਸ਼ਾਨ ਹੈ। ਵੀਡੀਓ ਬਣਾਉਣ ਵਾਲੇ ਇਹ ਗੱਲ ਭੁੱਲ ਗਏ। 

ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਕੰਨ ਦੇ ਨੇੜੇ ਦਾ ਹਿੱਸਾ, ਮਾਸਕ ਦਾ ਰੰਗ ਤੇ ਮੁੜਨ ਦਾ ਤਰੀਕਾ ਸਾਫ਼ ਦੱਸ ਰਿਹਾ ਹੈ ਕਿ ਉਹ ਇੱਕ ਪਲਾਸਟਿਕ ਦਾ ਮਾਸਕ ਹੈ। ਅੱਖਾਂ ਨੂੰ ਲੁਕਾਉਣ ਲਈ ਉਸਨੇ ਕਾਲੇ ਚਸ਼ਮੇ ਪਾਏ ਹੋਏ ਹਨ, ਕਿਉਂਕਿ ਅੱਖਾਂ ਦਾ ਮਾਸਕ ਨਹੀਂ ਬਣ ਸਕਦਾ। ਇਸ ਮਾਸਕ ਦੀ ਬੈਕਗ੍ਰਾਊਂਡ ਕੀ ਹੈ, ਇਸ ਨੂੰ ਲੈ ਕੇ ਵੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ। ਮਾਸਕ ਕਿੱਥੋਂ ਬਣਵਾਇਆ ਗਿਆ, ਕਿਵੇਂ ਡਿਲੀਵਰੀ ਲਈ ਗਈ ਤੇ ਉਸ ਨੂੰ ਪਾ ਕੇ ਜਗਮਨ ਸਮਰਾ ਨਾਂ ਦੇ ਬਲੈਕਮੇਲਰ ਨੇ ਵੀਡੀਓ ਬਣਾਈ, ਇਹ ਸਭ ਸਾਫ਼ ਹੈ। ਉਸਨੇ ਗੱਡੀ ਵਿੱਚ ਬੈਠੇ ਹੋਏ ਹੱਥ 'ਤੇ ਮਾਸਕ ਚੜ੍ਹਾ ਕੇ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਚਿਹਰੇ 'ਤੇ ਚਿਹਰਾ ਕਿਵੇਂ ਚੜ੍ਹ ਜਾਂਦਾ ਹੈ। ਜਗਮਨ ਸਮਰਾ ਨੇ ਹੱਥ 'ਤੇ ਮਾਸਕ ਚੜ੍ਹਾ ਕੇ ਉਸ ਨੂੰ ਲਾਈਵ ਕੀਤਾ ਸੀ। 

ਮੈਂ ਤਾਂ 2016 ਤੋਂ ਬਾਅਦ ਕੈਨੇਡਾ ਗਿਆ ਹੀ ਨਹੀਂ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੈਨੇਡਾ ਦਾ ਮਾਮਲਾ ਹੈ। ਮੈਂ ਤਾਂ 2016 ਤੋਂ ਬਾਅਦ ਕੈਨੇਡਾ ਗਿਆ ਹੀ ਨਹੀਂ। 2016 ਵਿੱਚ ਗਿਆ ਸੀ, ਉਸ ਤੋਂ ਬਾਅਦ ਚੋਣ ਲੜੀ ਤੇ 2019 ਵਿੱਚ ਸੰਸਦ ਮੈਂਬਰ ਬਣ ਗਿਆ। ਉਨ੍ਹਾਂ ਪੁੱਛਿਆ ਕਿ ਹੋਟਲ ਦੇ ਕਮਰੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਕੌਣ ਲਗਾਉਂਦਾ ਹੈ? ਤੇ ਕਮਰੇ ਦੀ ਬਣਤਰ 2017-18 ਤੋਂ ਬਾਅਦ ਦੇ ਹੋਟਲਾਂ ਵਰਗੀ ਹੈ। ਅਕਾਲੀ ਦਲ, ਕਾਂਗਰਸ ਤੇ ਭਾਜਪਾ ਵਾਲੇ ਸੋਚ ਰਹੇ ਹਨ ਕਿ ਉਨ੍ਹਾਂ ਨੂੰ ਭਗਵੰਤ ਮਾਨ ਖਿਲਾਫ਼ ਕੋਈ ਵੱਡਾ ਲੂਪ ਹੋਲ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਉਸਨੇ ਅਰਵਿੰਦ ਕੇਜਰੀਵਾਲ ਦਾ ਮਾਸਕ ਵੀ ਮੰਗਵਾਇਆ ਹੈ ਜੋ ਅਸੀਂ ਆਉਣ ਵਾਲੇ ਦਿਨਾਂ ਵਿੱਚ ਦਿਖਾਵਾਂਗੇ। ਅਸੀਂ ਜਲਦੀ ਹੀ ਇਹ ਵੀ ਖੁਲਾਸਾ ਕਰਾਂਗੇ ਕਿ ਇਸਦੇ ਪਿੱਛੇ ਪੈਸੇ ਦੇਣ ਵਾਲੇ ਸਪਾਂਸਰ, ਪ੍ਰੋਡਿਊਸਰ ਤੇ ਡਾਇਰੈਕਟਰ ਕੌਣ ਹਨ। ਉਸ ਵਿੱਚ ਵੀ ਇਹ ਸਾਂਝਾ ਮੋਰਚਾ ਸ਼ਾਮਲ ਹੈ। 

ਬਲੈਕਮੇਲਰ ਨੇ ਉਸੇ ਕਮਰੇ ਵਿੱਚ ਮੇਰੀਆਂ ਕੁਝ ਹੋਰ ਪਰਸਨਲ ਵੀਡੀਓ ਵੀ ਬਣਾਈਆਂ

ਭਗਵੰਤ ਮਾਨ ਨੇ ਕਿਹਾ ਕਿ ਉਸ ਬਲੈਕਮੇਲਰ ਨੇ ਉਸੇ ਕਮਰੇ ਵਿੱਚ ਮੇਰੀਆਂ ਕੁਝ ਹੋਰ ਪਰਸਨਲ ਵੀਡੀਓ ਵੀ ਬਣਾਈਆਂ ਸਨ, ਜਿਨ੍ਹਾਂ ਵਿੱਚ ਇਹ ਦਿਖਾਇਆ ਗਿਆ ਸੀ ਕਿ ਭਗਵੰਤ ਮਾਨ ਸ਼ਰਾਬ ਪੀ ਕੇ ਪਤਾ ਨਹੀਂ ਕੀ ਕਰ ਰਿਹਾ ਹੈ। ਉਹ ਸਭ ਇੱਕੋ ਦਿਨ ਵਿੱਚ ਸ਼ੂਟ ਕੀਤਾ ਗਿਆ ਸੀ। ਅਸੀਂ ਇਹ ਵੀਡੀਓ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜਾਂਗੇ ਤੇ ਕਹਾਂਗੇ ਕਿ ਇਸਦੀ ਜਾਂਚ ਕਰਵਾ ਲੈਣ। ਮੈਂ ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵਰਗੀਆਂ ਪਾਰਟੀਆਂ ਕਿੰਨੀਆਂ ਘਟੀਆ ਹਰਕਤਾਂ ਕਰ ਰਹੀਆਂ ਹਨ। ਪਰ ਜਦੋਂ ਤੱਕ ਜਨਤਾ ਮੇਰੇ ਨਾਲ ਹੈ, ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਮੈਨੂੰ ਰੋਜ਼ ਸੈਂਕੜੇ ਫ਼ੋਨ ਤੇ ਸੰਦੇਸ਼ ਆਉਂਦੇ ਹਨ ਕਿ ਘਬਰਾਉਣਾ ਨਾ, ਅਸੀਂ ਤੁਹਾਡੇ ਨਾਲ ਹਾਂ। ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਧਰਮ ਦਾ ਇਸ ਪੱਧਰ 'ਤੇ ਇਸਤੇਮਾਲ ਬਹੁਤ ਗ਼ਲਤ ਹੈ। ਇਨ੍ਹਾਂ ਲੋਕਾਂ ਖਿਲਾਫ਼ ਧਰਮ ਯੁੱਧ ਮੋਰਚਾ ਨਹੀਂ, ਸਗੋਂ ਧਰਮ ਵਿਰੁੱਧ ਮੋਰਚਾ ਸ਼ੁਰੂ ਹੋਣਾ ਚਾਹੀਦਾ ਹੈ। 

ਸਵਾਲਾਂ ਦੇ ਜਵਾਬ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਗਮਨ ਸਮਰਾ ਪੀ.ਪੀ.ਪੀ. ਦੇ ਸਮੇਂ ਮੈਨੂੰ ਇੱਕ ਵਾਰ ਮਿਲਿਆ ਸੀ, ਪਰ ਉਹ ਮੇਰਾ ਦੋਸਤ ਨਹੀਂ ਹੈ ਤੇ ਮੇਰਾ ਉਸ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਹ ਫਰੀਦਕੋਟ ਜੇਲ੍ਹ ਤੋਂ ਭੱਜਿਆ ਹੋਇਆ ਹੈ, ਨੇਪਾਲ ਦੇ ਰਾਹ ਕੈਨੇਡਾ ਪਹੁੰਚਿਆ ਤੇ ਇੱਕ ਬਲੈਕਮੇਲਰ ਤੇ ਨਸ਼ੇੜੀ ਹੈ। ਗੁੜਗਾਉਂ ਵਾਲੀ ਰਿਪੋਰਟ ਨੂੰ ਫਰਜ਼ੀ ਦੱਸਣ ਦੇ ਦੋਸ਼ ਵੀ ਗ਼ਲਤ ਹਨ। ਜੇਕਰ ਸਾਨੂੰ ਰਿਪੋਰਟ ਮੈਨੇਜ ਕਰਨੀ ਹੁੰਦੀ, ਤਾਂ ਅਸੀਂ ਭਾਜਪਾ-ਸ਼ਾਸਿਤ ਹਰਿਆਣਾ ਦੇ ਗੁੜਗਾਉਂ ਤੋਂ ਕਿਉਂ ਕਰਵਾਉਂਦੇ, ਪੰਜਾਬ ਤੋਂ ਹੀ ਕਰਵਾ ਲੈਂਦੇ।

ਐੱਫ.ਆਈ.ਆਰ. ਦਰਜ 

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਤੇ ਅਸੀਂ ਇੰਟਰਪੋਲ ਰਾਹੀਂ ਉਸ ਨੂੰ ਇੱਥੇ ਲਿਆਉਣ ਦੀ ਤਿਆਰੀ ਸ਼ੁਰੂ ਕਰਾਂਗੇ। ਉਸ ਵਿਅਕਤੀ ਨੇ ਕਿਸਾਨ ਅੰਦੋਲਨ ਦੇ ਸਮੇਂ ਤਤਕਾਲੀਨ ਖੇਤੀ ਮੰਤਰੀ ਦੇ ਪੁੱਤਰ ਨੂੰ ਵੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਲੋਕ ਚੋਣਾਂ ਦੇ ਸਮੇਂ ਹੀ ਅਜਿਹੀਆਂ ਵੀਡੀਓ ਲਿਆਉਂਦੇ ਹਨ, ਪਰ ਪੰਜਾਬ ਦੇ ਲੋਕ ਖੁਸ਼ ਹਨ ਤੇ ਜਾਣਦੇ ਹਨ ਕਿ ਸੱਚਾਈ ਕੀ ਹੈ।

Recent News