ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਚੱਲ ਰਹੀ ਬੱਸ 'ਤੇ ਹੋਏ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਹ ਘਟਨਾ ਕਾਂਗਰਸੀ ਵਰਕਰਾਂ ਵਲੋਂ ਅੰਜਾਮ ਦਿੱਤੀ ਗਈ ਹੈ, ਜੋ ਇਸ ਜਨ ਭਲਾਈ ਪਹਿਲਕਦਮੀ ਦੀ ਵਧਦੀ ਲੋਕਪ੍ਰਿਯਤਾ ਅਤੇ ਸਫਲਤਾ ਤੋਂ ਬੌਖਲਾ ਗਏ ਹਨ।
'ਆਪ'ਆਗੂ ਸ਼ਮਿੰਦਰ ਸਿੰਘ ਖਿੰਡਾ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸੂਬੇ ਦੀਆਂ ਸਭ ਤੋਂ ਸਫਲ ਜਨ ਭਲਾਈ ਸਕੀਮਾਂ ਵਿੱਚੋਂ ਇੱਕ ਵਜੋਂ ਉੱਭਰੀ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਮੁਫ਼ਤ ਧਾਰਮਿਕ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਵਿਰੋਧੀ ਧਿਰਾਂ ਤੋਂ ਭਗਵੰਤ ਮਾਨ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੀ ਸਫਲਤਾ ਬਰਦਾਸ਼ਤ ਨਹੀਂ ਹੋ ਰਹੀ। ਜਦੋਂ ਆਪ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਵਿਰੋਧੀ ਧਿਰ ਦਾ ਦਾਅਵਾ ਸੀ ਕਿ ਇਹ ਤਿੰਨ ਮਹੀਨੇ ਵੀ ਨਹੀਂ ਚੱਲੇਗੀ। ਜਦੋਂ ਸਰਕਾਰ ਨੇ ਤਿੰਨ ਮਹੀਨੇ ਪੂਰੇ ਕੀਤੇ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਸਾਲ ਪੂਰਾ ਨਹੀਂ ਕਰੇਗੀ। ਅੱਜ ਸਰਕਾਰ ਸਫਲਤਾਪੂਰਵਕ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰ ਰਹੀ ਹੈ।
ਬਲਤੇਜ ਪੰਨੂ ਨੇ ਇਹ ਵੀ ਇਸ਼ਾਰਾ ਕੀਤਾ ਕਿ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਰੁਟੀਨ ਮੈਡੀਕਲ ਚੈੱਕਅਪ ਲਈ ਜਾਂਦੇ ਹਨ ਤਾਂ ਵਿਰੋਧੀ ਧਿਰ ਵੱਲੋਂ ਵਾਰ-ਵਾਰ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਮੇਸ਼ਾ ਅਨਾਵਸ਼ਕ ਅਟਕਲਾਂ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।
ਤੀਰਥ ਯਾਤਰਾ ਬੱਸ 'ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ-ਗੁਰਪਿੰਦਰ ਸਿੰਘ ਉਰਫ਼ ਲਾਲੀ ਅਤੇ ਬਲਜੀਤ ਸਿੰਘ ਸ਼ੀਸ਼ਾ ਦੇ ਸਬੰਧ ਕਾਂਗਰਸ ਪਾਰਟੀ ਨਾਲ ਹਨ। ਉਨ੍ਹਾਂ ਕਿਹਾ ਕਿ ਬੱਸ 'ਤੇ ਬਿਨਾਂ ਕਿਸੇ ਉਕਸਾਵੇ ਜਾਂ ਕਾਰਨ ਤੋਂ ਹਮਲਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਹਮਲੇ ਪਿੱਛੇ ਇੱਕੋ-ਇੱਕ ਕਾਰਨ ਇਹ ਹੈ ਕਿ ਕਾਂਗਰਸ ਤੋਂ ਉਹ ਪ੍ਰਸ਼ੰਸਾ ਬਰਦਾਸ਼ਤ ਨਹੀਂ ਹੋ ਰਹੀ ਜੋ ਲੋਕ ਧਾਰਮਿਕ ਯਾਤਰਾਵਾਂ ਤੋਂ ਪਰਤਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਲਈ ਜ਼ਾਹਰ ਕਰਦੇ ਹਨ। ਇਸ ਸਕੀਮ ਦਾ ਲਾਭ ਲੈਣ ਵਾਲਾ ਹਰ ਸ਼ਰਧਾਲੂ ਸਰਕਾਰ ਦੀ ਸ਼ਲਾਘਾ ਕਰਦਾ ਹੈ, ਜੋ ਕਾਂਗਰਸ ਲਈ ਅਸਹਿ ਹੋ ਗਿਆ ਹੈ।
ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਕਾਂਗਰਸ ਨਾਲ ਜੁੜੇ ਦੋ ਹੋਰ ਵਿਅਕਤੀਆਂ, ਸੰਨੀ ਅਤੇ ਹਰਪ੍ਰੀਤ ਸਿੰਘ, ਨੇ ਦੋਸ਼ੀਆਂ ਨੂੰ ਛੁਡਵਾਉਣ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਰੋਕਣ ਲਈ ਪੁਲਿਸ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀਆਂ ਨੂੰ ਕਿਸ ਨੇ ਉਕਸਾਇਆ ਸੀ ਅਤੇ ਇਸ ਹਮਲੇ ਪਿੱਛੇ ਕੀ ਵੱਡੀ ਸਾਜ਼ਿਸ਼ ਸੀ।
ਭਗਵੰਤ ਮਾਨ ਸਰਕਾਰ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਨੂੰ ਜਾਰੀ ਰੱਖਣ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਅਜਿਹੇ ਪ੍ਰੋਗਰਾਮ 'ਚ ਵਿਘਨ ਨਹੀਂ ਪਾਉਣ ਦੇਵੇਗੀ ਜਿਸ ਨੇ ਲੱਖਾਂ ਪੰਜਾਬੀਆਂ ਨੂੰ ਆਤਮਿਕ ਸੰਤੁਸ਼ਟੀ ਅਤੇ ਖੁਸ਼ੀ ਦਿੱਤੀ ਹੈ।
ਇਸ ਦੌਰਾਨ ਸ਼ਮਿੰਦਰ ਸਿੰਘ ਖਿੰਡਾ ਨੇ ਦੱਸਿਆ ਕਿ ਸ਼੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਜੀ ਅਤੇ ਸ਼੍ਰੀ ਦਰਬਾਰ ਸਾਹਿਬ ਸਮੇਤ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ 3.5 ਲੱਖ ਤੋਂ ਵੱਧ ਸ਼ਰਧਾਲੂ ਇਸ ਸਕੀਮ ਦਾ ਲਾਭ ਉਠਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਹਰਿਦੁਆਰ, ਰਿਸ਼ੀਕੇਸ਼, ਮਥੁਰਾ, ਵ੍ਰਿੰਦਾਵਨ, ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਲਈ ਵੀ ਧਾਰਮਿਕ ਯਾਤਰਾ ਸੇਵਾਵਾਂ ਸ਼ੁਰੂ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਹਰ ਜ਼ਿੰਮੇਵਾਰੀ ਖੁਦ ਚੁੱਕਦੀ ਹੈ, ਜਿਸ ਵਿੱਚ ਆਵਾਜਾਈ, ਰਹਿਣ-ਸਹਿਣ, ਖਾਣ-ਪੀਣ ਅਤੇ ਹੋਰ ਪ੍ਰਬੰਧ ਸ਼ਾਮਲ ਹਨ। ਖਿੰਡਾ ਨੇ ਕਿਹਾ ਕਿ ਖਾਸ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬਹੁਤ ਸਾਰੇ ਲੋਕ ਵਿੱਤੀ ਮਜਬੂਰੀਆਂ ਕਾਰਨ ਕਦੇ ਵੀ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਜਿਹੇ ਲੋਕਾਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਸ਼ੁਰੂਆਤ ਤੋਂ ਹੀ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਚੱਲ ਰਹੀ ਹੈ ਅਤੇ ਇੱਕ ਦਿਨ ਲਈ ਵੀ ਬੰਦ ਨਹੀਂ ਹੋਈ। ਲੱਖਾਂ ਲਾਭਪਾਤਰੀਆਂ ਦੇ ਬਾਵਜੂਦ ਪ੍ਰਬੰਧਾਂ ਨੂੰ ਲੈ ਕੇ ਇੱਕ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ।