ਪਾਕਿਸਤਾਨ ਬੈਠੇ ਤਸਕਰ ਸ਼ਾਹ ਨਾਲ ਸੰਪਰਕ
ਦੱਸ ਦਈਏ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਮਰੀਕਾ ਬੈਠੇ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰ ਨਸ਼ਾ ਅਤੇ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਰੈਕੇਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰਗ ਮਨੀ , 7 ਪਿਸਤੌਲਾਂ ਸਮੇਤ ਇੱਕ 9 ਐਮਐਮ ਗਲਾਕ ਅਤੇ ਡਰੋਨ ਦੇ ਕਲ-ਪੁਰਜ਼ੇ ਬਰਾਮਦ ਕੀਤੇ ਸਨ। ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਕੇਸ ਵਿੱਚ ਲੋੜੀਂਦੇ ਮੁਲਜ਼ਮ ਅਨਮੋਲ ਸਿੰਘ ਉਰਫ਼ ਲਾਲੂ ਨੂੰ ਉਸਦੇ ਸਾਥੀਆਂ ਸਮੇਤ ਸੁਲਤਾਨਵਿੰਡ ਦੇ ਇਲਾਕੇ ਵਿੱਚ ਦੇਖੇ ਜਾਣ ਦੀ ਪੁਖ਼ਤਾ ਇਤਲਾਹ ਦੇ ਆਧਾਰ ’ਤੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ , ਏਡੀਸੀਪੀ ਸਿਟੀ-3 ਅਭਿਮਨੀਊ ਰਾਣਾ, ਏਸੀਪੀ ਸਰਬਜੀਤ ਸਿੰਘ ਬਾਜਵਾ ਦੀ ਨਿਗਰਾਨੀ ਵਿੱਚ ਸੀ.ਆਈ.ਏ. ਸਟਾਫ਼-3 ਦੀ ਪੁਲਿਸ ਟੀਮ ਨੇ ਵਿਸ਼ੇਸ਼ ਨਾਕਾਬੰਦੀ ਕਰ ਕੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁੱਢਲੀ ਪੜਤਾਲ ਅਨੁਸਾਰ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਤਸਕਰ ਸ਼ਾਹ ਅਤੇ ਅਮਰੀਕਾ ਸਥਿਤ ਮੰਨੂ ਮਹਾਵਾ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਕਰਕੇ ਸੂਬੇ ਭਰ ’ਚ ਨਸ਼ੀਲੇ ਪਦਾਰਥਾਂ ਅਤੇ ਗੋਲੀ-ਸਿੱਕੇ ਦੀ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਖੇਪ ਵੀ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਭੇਜੀ ਗਈ ਸੀ। ਵਰਨਣਯੋਗ ਹੈ ਕਿ ਇਸ ਸਬੰਧੀ ਐਫਆਈਆਰ ਨੰਬਰ 298 ਪੁਲਿਸ ਥਾਣਾ ਇਸਲਾਮਾਬਾਦ ਵਿਖੇ 31 ਦਸੰਬਰ ਨੂੰ ਦਰਜ ਕੀਤੀ ਗਈ ਸੀ।