ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਹੁਣ ਤੱਕ 14936 ਵਿਅਕਤੀ ਕੱਢੇ ਬਾਹਰ : ਮੁੰਡੀਆਂ

ਪੰਜਾਬ ਦੇ ਮਾਲ, ਮੁੜ-ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਹੁਣ ਤੱਕ ਕੁੱਲ 14936 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਪੂਰੀ ਮਸ਼ੀਨਰੀ, ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਤੇ ਪੰਜਾਬ ਪੁਲਿਸ ਦੇ ਜਵਾਨ ਹੜ੍ਹਾਂ ’ਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਲੱਗੇ ਹਨ।

Share:

Punjab News: ਪੰਜਾਬ ਦੇ ਮਾਲ, ਮੁੜ-ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਹੁਣ ਤੱਕ ਕੁੱਲ 14936 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਪੂਰੀ ਮਸ਼ੀਨਰੀ, ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਤੇ ਪੰਜਾਬ ਪੁਲਿਸ ਦੇ ਜਵਾਨ ਹੜ੍ਹਾਂ ’ਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਲੱਗੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ’ਚ 1700 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ ਬਰਨਾਲਾ ’ਚ 25, ਫ਼ਾਜ਼ਿਲਕਾ ’ਚ 1599, ਫਿਰੋਜ਼ਪੁਰ ’ਚ 3265, ਗੁਰਦਾਸਪੁਰ ’ਚ 5456, ਹੁਸ਼ਿਆਰਪੁਰ ’ਚ 1052, ਕਪੂਰਥਲਾ ’ਚ 362, ਮਾਨਸਾ ’ਚ 163, ਮੋਗਾ ’ਚ 115, ਪਠਾਨਕੋਟ ’ਚ 1139 ਤੇ ਜ਼ਿਲ੍ਹਾ ਤਰਨਤਾਰਨ ’ਚ ਹੁਣ ਤੱਕ 60 ਵਿਅਕਤੀ ਹੜ੍ਹਾਂ ਦੇ ਪਾਣੀ ’ਚੋਂ ਸੁਰੱਖਿਅਤ ਕੱਢੇ ਗਏ ਹਨ।

ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਚਲ ਰਹੇ 122 ਰਾਹਤ ਕੈਂਪ

ਮੁੰਡੀਆਂ ਨੇ ਦੱਸਿਆ ਕਿ ਹੜ੍ਹਾਂ ’ਚੋਂ ਕੱਢੇ ਜਾ ਰਹੇ ਵਿਅਕਤੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਹੀ ਕੈਂਪਾਂ ਦੀ ਗਿਣਤੀ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 122 ਰਾਹਤ ਕੈਂਪ ਚਲ ਰਹੇ ਹਨ, ਜਿਨ੍ਹਾਂ ’ਚ 6582 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ’ਚ 16 ਕੈਂਪ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ’ਚ 1, ਫ਼ਾਜ਼ਿਲਕਾ ’ਚ 7, ਫਿਰੋਜ਼ਪੁਰ ’ਚ 8, ਗੁਰਦਾਸਪੁਰ ’ਚ 25, ਹੁਸ਼ਿਆਰਪੁਰ ’ਚ 20, ਕਪੂਰਥਲਾ ’ਚ 4, ਮਾਨਸਾ ’ਚ 1, ਮੋਗਾ ’ਚ 5, ਪਠਾਨਕੋਟ ’ਚ 14, ਸੰਗਰੂਰ ’ਚ 1 ’ਤੇ ਪਟਿਆਲਾ ’ਚ 20 ਕੈਂਪ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਜ਼ਰੂਰਤ ਦੀਆਂ ਸਾਰੀਆਂ ਵਸਤਾਂ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਕੈਂਪਾਂ ਵਿਚ 170 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਜਦਕਿ ਬਰਨਾਲਾ ਵਿਖੇ 25, ਫ਼ਾਜ਼ਿਲਕਾ ਵਿਖੇ 652, ਫਿਰੋਜ਼ਪੁਰ ਵਿਖੇ 3987, ਗੁਰਦਾਸਪੁਰ ਵਿਖੇ 411, ਹੁਸ਼ਿਆਰਪੁਰ ਵਿਖੇ 478, ਕਪੂਰਥਲਾ ਵਿਖੇ 110, ਮਾਨਸਾ ਵਿਖੇ 163, ਮੋਗਾ ਵਿਖੇ 115, ਪਠਾਨਕੋਟ ਵਿਖੇ 411 ਅਤੇ ਜ਼ਿਲ੍ਹਾ ਸੰਗਰੂਰ ਦੇ ਰਾਹਤ ਕੈਂਪਾਂ ਵਿੱਚ 60 ਵਿਅਕਤੀ ਰੁਕੇ ਹੋਏ ਹਨ।

ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਤੇ ਪੁਲਿਸ ਦਿਨ-ਰਾਤ ਡਟੀ

ਹਰਦੀਪ ਸਿੰਘ ਮੁੰਡੀਆਂ ਨੇ ਹੜ੍ਹਾਂ ’ਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਡਟੇ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਤੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਇਸ ਔਖੀ ਘੜੀ ’ਚ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ ’ਚ ਐਨ.ਡੀ.ਆਰ.ਐਫ ਦੀਆਂ 6 ਟੀਮਾਂ ਅਤੇ ਫ਼ਾਜ਼ਿਲਕਾ, ਫਿਰੋਜ਼ਪੁਰ ਪਠਾਨਕੋਟ ਤੇ ਅੰਮ੍ਰਿਤਸਰ ’ਚ 1-1 ਟੀਮ ਤਾਇਨਾਤ ਹੇ। ਇਸੇ ਤਰ੍ਹਾਂ ਕਪੂਰਥਲਾ ’ਚ ਐਸ.ਡੀ.ਆਰ.ਐਫ ਦੀਆਂ 2 ਟੀਮਾਂ ਸਰਗਰਮ ਹਨ। ਕਪੂਰਥਲਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ’ਚ ਆਰਮੀ, ਨੇਵੀ ਤੇ ਏਅਰਫੋਰਸ ਨੇ ਵੀ ਮੋਰਚਾ ਸਾਂਭਿਆ ਹੋਇਆ ਹੈ ਜਦਕਿ ਬੀ.ਐਸ.ਐਫ ਦੀ 1-1 ਟੀਮ ਗੁਰਦਾਸਪੁਰ ਤੇ ਫਿਰੋਜ਼ਪੁਰ ’ਚ ਰਾਹਤ ਕਾਰਜਾਂ ’ਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਤੇ ਫਾਇਰ ਬ੍ਰਿਗੇਡ ਵੱਲੋਂ ਕਪੂਰਥਲਾ ਤੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪ੍ਰਸ਼ਾਸ਼ਨ ਦੇ ਨਾਲ ਮਦਦ ਕਰਵਾਈ ਜਾ ਰਹੀ ਹੈ। 

4 ਕਿਸ਼ਤੀਆਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ 

ਉਨ੍ਹਾਂ ਦੱਸਿਆ ਕਿ ਇਸ ਸਮੇਂ ਕਪੂਰਥਲਾ ’ਚ 15 ਕਿਸ਼ਤੀਆਂ, ਫਿਰੋਜ਼ਪੁਰ ਵਿੱਚ 12 ਕਿਸ਼ਤੀਆਂ ਅਤੇ ਪਠਾਨਕੋਟ ’ਚ 4 ਕਿਸ਼ਤੀਆਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਤੇ ਜਿੱਥੇ ਕਿਤੇ ਵੀ ਏਅਰਲਿਫਟ ਦੀ ਜ਼ਰੂਰਤ ਹੈ ਤਾਂ ਉਸ ਸਬੰਧੀ ਕਾਰਵਾਈ ਵੀ ਅਮਲ ’ਚ ਲਿਆਂਦੀ ਜਾ ਰਹੀ ਹੈ। ਮਾਲ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੁਣ ਤੱਕ ਪੰਜਾਬ ਦੇ ਕੁੱਲ 1312 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ’ਚ ਅੰਮ੍ਰਿਤਸਰ ਦੇ 93, ਬਰਨਾਲਾ ਦੇ 26, ਬਠਿੰਡਾ ਦੇ 21, ਫਤਹਿਗੜ੍ਹ ਸਾਹਿਬ ਦਾ 1, ਫਾਜ਼ਿਲਕਾ ਦੇ 92, ਫਿਰੋਜ਼ਪੁਰ ਦੇ 107, ਗੁਰਦਾਸਪੁਰ ਦੇ 324, ਹੁਸ਼ਿਆਰਪੁਰ ਦੇ 86, ਜਲੰਧਰ ਦੇ 55, ਕਪੂਰਥਲਾ ਦੇ 123, ਲੁਧਿਆਣਾ ਦੇ 26, ਮਲੇਰਕੋਟਲਾ ਦੇ 4, ਮਾਨਸਾ ਦੇ 77, ਮੋਗਾ ਦੇ 35, ਪਠਾਨਕੋਟ ਦੇ 81, ਪਟਿਆਲਾ ਦੇ 14, ਰੂਪਨਗਰ ਦੇ 2, ਸੰਗਰੂਰ ਦੇ 22, ਐਸ.ਏ.ਐਸ. ਨਗਰ ਦਾ 1, ਐਸ.ਬੀ.ਐਸ ਨਗਰ ਦੇ 3, ਸ੍ਰੀ ਮੁਕਤਸਰ ਸਾਹਿਬ ਦੇ 74 ਤੇ ਤਰਨਤਾਰਨ ਦੇ 45 ਪਿੰਡ ਸ਼ਾਮਲ ਹਨ।
 

ਇਹ ਵੀ ਪੜ੍ਹੋ