ਗਡਕਰੀ ਨੇ ਵੰਡੇ ਪੰਜਾਬ ਨੂੰ ਗੱਫੇ, 12 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ

ਫਗਵਾੜਾ ਅਤੇ ਹੁਸ਼ਿਆਰਪੁਰ ਵਿਚਕਾਰ ਚਾਰ ਮਾਰਗੀ ਬਣਨ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੰਪਰਕ ਹੋਵੇਗਾ। ਇਹ ਯਾਤਰਾ ਇੱਕ ਘੰਟੇ ਤੋਂ ਘਟ ਕੇ 30 ਮਿੰਟ ਰਹਿ ਜਾਵੇਗੀ। ਬਾਈਪਾਸ ਦੇ ਬਣਨ ਨਾਲ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਭੀੜ-ਭੜੱਕੇ ਤੋਂ ਵੀ ਰਾਹਤ ਮਿਲੇਗੀ।

Palwinder Singh
Calendar

Share:

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਵਿੱਚ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ 2014 'ਚ ਜਦੋਂ ਦੇਸ਼ ਵਿੱਚ ਨਰਿੰਦਰ ਮੋਦੀ ਸਰਕਾਰ ਆਈ ਸੀ ਤਾਂ ਉਸਦਾ ਧਿਆਨ ਸੜਕੀ ਢਾਂਚੇ ਵੱਲ ਸੀ। ਉਦੋਂ ਤੋਂ ਹੀ ਕੇਂਦਰ ਸਰਕਾਰ ਇਸ ਰਾਹ ਵੱਲ ਕੰਮ ਕਰ ਰਹੀ ਹੈ। ਦੇਸ਼ ਵਿੱਚ ਲਗਾਤਾਰ ਸੜਕੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਮਦਾਸ ਤੱਕ 4 ਮਾਰਗੀ ਹਾਈਵੇਅ ਦਾ ਕੰਮ 2024 ਵਿੱਚ ਮੁਕੰਮਲ ਹੋ ਜਾਵੇਗਾ। ਇਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਣ ਵਾਲਾ ਰਸਤਾ ਆਸਾਨ ਹੋ ਜਾਵੇਗਾ। ਲੁਧਿਆਣਾ ਦੇ ਸਮਰਾਲਾ ਚੌਕ ਤੱਕ 13 ਕਿਲੋਮੀਟਰ ਸੜਕ ਦਾ ਕੰਮ ਜਨਵਰੀ 2024 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ 12 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ 75 ਕਿਲੋਮੀਟਰ ਲੰਬਾ ਗਰੀਨਫੀਲਡ ਹਾਈਵੇਅ ਬਣਾਇਆ ਜਾਵੇਗਾ।  ਇਸ 'ਤੇ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਬਾਅਦ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤੈਅ ਕੀਤੀ ਜਾਵੇਗੀ।

 

ਮੁੱਖ ਮੰਤਰੀ ਨਹੀਂ ਪਹੁੰਚੇ

ਗਡਕਰੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਅਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ, ਹਰਜੋਤ ਬੈਂਸ, ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜਸਬੀਰ ਗਿੱਲ, ਸੁਖਬੀਰ ਬਾਦਲ, ਮੁਹੰਮਦ ਸਦੀਕ, ਸੰਸਦ ਮੈਂਬਰ ਹਰਭਜਨ ਸਿੰਘ, ਰਵਨੀਤ ਬਿੱਟੂ, ਅਸ਼ੋਕ ਮਿੱਤਲ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨਹੀਂ ਪਹੁੰਚੇ।

 

ਦਕੋਹਾ ਅੰਡਰਪਾਸ ਦਾ ਉਦਘਾਟਨ

ਉਨ੍ਹਾਂ ਨੇ ਜਲੰਧਰ-ਫਗਵਾੜਾ (NH 44) ਹਾਈਵੇ 'ਤੇ ਸਥਿਤ ਦਕੋਹਾ ਅੰਡਰਪਾਸ ਦਾ ਵੀ ਉਦਘਾਟਨ ਕੀਤਾ। ਇਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਜਿਸ ਕਾਰਨ ਦਕੋਹਾ ਅਤੇ ਵੜਿੰਗ ਇਲਾਕੇ ਦੇ ਲੋਕਾਂ ਨੂੰ ਹਾਈਵੇਅ 'ਤੇ ਆਉਣ-ਜਾਣ ਵਿਚ ਵੱਡੀ ਸਹੂਲਤ ਮਿਲੇਗੀ। ਨਿਤਿਨ ਗਡਕਰੀ ਨੇ ਲੁਧਿਆਣਾ ਵਿੱਚ ਜੀਟੀ ਰੋਡ ਅਤੇ ਨੈਸ਼ਨਲ ਹਾਈਵੇਅ 5 ਨੂੰ ਜੋੜਨ ਵਾਲੇ ਚਾਰ ਮਾਰਗੀ ਲਾਡੋਵਾਲ ਬਾਈਪਾਸ ਦਾ ਵੀ ਉਦਘਾਟਨ ਕੀਤਾ। ਇਸਦੇ ਨਾਲ ਹੀ ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਦੇ ਨਾਲ-ਨਾਲ ਫਗਵਾੜਾ ਹੁਸ਼ਿਆਰਪੁਰ ਨੂੰ ਚਹੁੰ ਮਾਰਗੀ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

 

ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ

ਇਸ ਦੇ ਨਾਲ ਹੀ ਸੇਤੂ ਬੰਧਨ ਯੋਜਨਾ ਤਹਿਤ ਜਲੰਧਰ ਦੇ ਪਿੰਡ ਕੰਗਣੀਵਾਲ ਵਿੱਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਹ 46 ਕਿਲੋਮੀਟਰ ਲੰਬੇ ਜਲੰਧਰ ਬਾਈਪਾਸ ਪ੍ਰੋਜੈਕਟ ਵਿੱਚ ਬਣਾਇਆ ਜਾ ਰਿਹਾ ਹੈ। ਅੰਮ੍ਰਿਤਸਰ, ਕਪੂਰਥਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਕੁੱਲ 9 ਪ੍ਰਾਜੈਕਟ ਬਣਾਏ ਜਾ ਰਹੇ ਹਨ। ਫ਼ਿਰੋਜ਼ਪੁਰ ਬਾਈਪਾਸ ਨੂੰ ਚਾਰ ਮਾਰਗੀ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਕਰਤਾਰਪੁਰ-ਅੰਮ੍ਰਿਤਸਰ ਵਿਚਕਾਰ ਪਿੰਡ ਗਹਿਰੀ ਮੰਡੀ ਅਤੇ ਤਰਨਤਾਰਨ ਵਿਖੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ।

ਇਹ ਵੀ ਪੜ੍ਹੋ