ਪੰਜਾਬ ਪੁਲਿਸ ਵੱਲੋਂ ਮਹਿਲਾ ਸੁਰੱਖਿਆ ਵਾਸਤੇ ਵੱਡਾ ਕਦਮ – ਖੰਨਾ 'ਚ “ਮਹਿਲਾ ਮਿੱਤਰ ਸਕੀਮ” ਤਹਿਤ 8 ਸੂਤਰੀ ਪ੍ਰੋਗਰਾਮ ਦੀ ਸ਼ੁਰੂਆਤ

ਡੀ.ਆਈ.ਜੀ. ਨਿਲਾਂਬਰੀ ਜਗਦਲੇ ਅਤੇ ਐਸ.ਐਸ.ਪੀ. ਡਾ. ਜੋਤੀ ਯਾਦਵ ਨੇ 8 ਮਹਿਲਾ ਪੁਲਿਸ ਕਰਮਚਾਰੀਆਂ ਨੂੰ ਐਕਟਿਵਾ ਸਕੂਟਰਾਂ ਨਾਲ ਗਸ਼ਤ ਲਈ ਰਵਾਨਾ ਕੀਤਾ। ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਮਜਬੂਤ ਹੋਵੇਗੀ। 

Courtesy: ਖੰਨਾ 'ਚ “ਮਹਿਲਾ ਮਿੱਤਰ ਸਕੀਮ” ਤਹਿਤ 8 ਸੂਤਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ

Share:

ਮਹਿਲਾ ਸਸ਼ਕਤੀਕਰਨ ਦੀ ਮਿਸਾਲ ਕਾਇਮ ਕਰਦੇ ਹੋਏ  ਡੀਆਈਜੀ ਲੁਧਿਆਣਾ ਰੇਂਜ ਨਿਲਾਂਬਰੀ ਜਗਦਲੇ ਨੇ ਖੰਨਾ ਵਿਖੇ ਸੀਨੀਅਰ ਪੁਲਿਸ ਕਪਤਾਨ ਡਾ. ਜੋਤੀ ਯਾਦਵ ਬੈਂਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੀ “ਮਹਿਲਾ ਮਿੱਤਰ ਸਕੀਮ” ਤਹਿਤ 8 ਸੂਤਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਅਧੀਨ ਜ਼ਿਲ੍ਹਾ ਖੰਨਾ ਦੇ 8 ਥਾਣਿਆਂ ਵਿਚ ਤਾਇਨਾਤ  ਮਹਿਲਾ ਪੁਲਿਸ ਕਰਮਚਾਰੀਆਂ ਨੂੰ ਨਵੀਆਂ ਐਕਟਿਵਾ ਸਕੂਟਰੀ ਦਿੱਤੀਆਂ ਗਈਆਂ ਹਨ, ਜੋ ਕਿ ਹੁਣ ਆਪਣੇ-ਆਪਣੇ ਥਾਣਾ ਖੇਤਰਾਂ ਵਿੱਚ ਗਸ਼ਤ ਕਰਣਗੀਆਂ।

ਸਿੱਖਿਆ ਸੰਸਥਾਵਾਂ ਦੇ ਨੇੜੇ ਗਸ਼ਤ ਹੋਵੇਗੀ

ਡੀ.ਆਈ.ਜੀ. ਨਿਲਾਂਬਰੀ ਜਗਦਲੇ ਨੇ ਇਸ ਮੌਕੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਮਹਿਲਾ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਦੀ ਰੋਕਥਾਮ ਕਰਨੀ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਸਿੱਖਿਆ ਸੰਸਥਾਵਾਂ ਦੇ ਨੇੜੇ ਗਸ਼ਤ ਹੋਵੇਗੀ, ਤਾਂ ਜੋ ਵਿਦਿਆਰਥਣਾਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ। “ਬੇਟੀਆਂ ਸਾਡੇ ਦੇਸ਼ ਦਾ ਮਾਣ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਨਿਰਭੀਕ ਤਰੀਕੇ ਨਾਲ ਆਪਣੇ ਸੁਪਨੇ ਸਾਕਾਰ ਕਰ ਸਕਣ,” ਉਨ੍ਹਾਂ ਕਿਹਾ।

ਮਹਿਲਾ ਸਸ਼ਕਤੀਕਰਨ ਵੱਲ ਇੱਕ ਨਵਾਂ ਕਦਮ

ਐਸ.ਐਸ.ਪੀ. ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਹ ਯੋਜਨਾ ਖੰਨਾ ਪੁਲਿਸ ਵੱਲੋਂ ਮਹਿਲਾ ਸਸ਼ਕਤੀਕਰਨ ਵੱਲ ਇੱਕ ਨਵਾਂ ਕਦਮ ਹੈ। ਗਸ਼ਤ ਦੌਰਾਨ ਇਹ ਮਹਿਲਾ ਪੁਲਿਸ ਅਧਿਕਾਰੀ ਨਿਰੰਤਰ ਨਿਗਰਾਨੀ ਕਰਦੀਆਂ ਰਹਿਣਗੀਆਂ, ਜਿਸ ਨਾਲ ਨਾ ਸਿਰਫ਼ ਔਰਤਾਂ ਬਲਕਿ ਬੱਚਿਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ। ਇਸਦੇ ਨਾਲ ਡੀ.ਆਈ.ਜੀ. ਨੇ ਇਹ ਵੀ ਦੱਸਿਆ ਕਿ ਹਰੇਕ ਥਾਣੇ 'ਚ ਮਹਿਲਾ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ, ਜੋ ਕਿ ਮਹਿਲਾ ਅਤੇ ਬੱਚਿਆਂ ਸੰਬੰਧੀ ਸ਼ਿਕਾਇਤਾਂ ਨੂੰ ਸੰਵੇਦਨਸ਼ੀਲਤਾ ਨਾਲ ਸੁਣਦੇ ਹਨ। ਇਨ੍ਹਾਂ ਡੈਸਕਾਂ ਦੇ ਰਾਹੀਂ, “ਜ਼ੀਰੋ ਟੋਲਰੈਂਸ” ਨੀਤੀ ਤਹਿਤ ਇੱਕਸ਼ਨ ਲਿਆ ਜਾਂਦਾ ਹੈ ਅਤੇ ਤੁਰੰਤ ਐਫ.ਆਈ.ਆਰ ਦਰਜ ਕਰਕੇ ਜ਼ਰੂਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।

ਪੰਜਾਬ ਪੁਲਿਸ ਦਾ ਮਹਿਲਾ ਮਿੱਤਰ ਪ੍ਰੋਗਰਾਮ ਕੀ ਹੈ?

ਪੰਜਾਬ ਪੁਲਿਸ ਦਾ "ਮਹਿਲਾ ਮਿੱਤਰ ਪ੍ਰੋਗਰਾਮ" ਇੱਕ ਵਿਸ਼ੇਸ਼ ਪਹਲ ਹੈ, ਜਿਸਦਾ ਮੁੱਖ ਉਦੇਸ਼ ਮਹਿਲਾਵਾਂ ਦੀ ਸੁਰੱਖਿਆ, ਸਹਾਇਤਾ ਅਤੇ ਸਸ਼ਕਤੀਕਰਨ ਹੈ। ਇਸ ਯੋਜਨਾ ਤਹਿਤ, ਹਰ ਥਾਣੇ ਵਿਚ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਮਹਿਲਾ ਮਿੱਤਰ ਵਜੋਂ ਤਾਇਨਾਤ ਕੀਤਾ ਜਾਂਦਾ ਹੈ ਜੋ ਔਰਤਾਂ ਅਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਦੀ ਰੋਕਥਾਮ ਵਿੱਚ ਅਹੰਮ ਭੂਮਿਕਾ ਨਿਭਾਉਂਦੀਆਂ ਹਨ। ਇਸ ਪ੍ਰੋਗਰਾਮ ਤਹਿਤ, ਮਹਿਲਾ ਪੁਲਿਸ ਕਰਮਚਾਰੀਆਂ ਨੂੰ ਸਕੂਟਰ ਜਾਂ ਹੋਰ ਸਹੂਲਤਾਂ ਦੇ ਕੇ ਥਾਣਾ ਖੇਤਰਾਂ ਵਿੱਚ ਗਸ਼ਤ ਲਈ ਭੇਜਿਆ ਜਾਂਦਾ ਹੈ, ਖਾਸ ਕਰਕੇ ਸਕੂਲ, ਕਾਲਜ ਅਤੇ ਜਿਹੜੇ ਇਲਾਕੇ ਸੰਵੇਦਨਸ਼ੀਲ ਮੰਨੇ ਜਾਂਦੇ ਹਨ ਉਥੇ। ਇਹ ਮਹਿਲਾ ਮਿੱਤਰ ਨਾ ਸਿਰਫ਼ ਮਦਦ ਲਈ ਉਪਲਬਧ ਹੁੰਦੀਆਂ ਹਨ, ਸਗੋਂ ਸਮਾਜ ਵਿੱਚ ਮਹਿਲਾ ਸੁਰੱਖਿਆ ਅਤੇ ਵਿਸ਼ਵਾਸ ਦਾ ਮਾਹੌਲ ਵੀ ਬਣਾਉਂਦੀਆਂ ਹਨ। ਇਹ ਪ੍ਰੋਗਰਾਮ ਔਰਤਾਂ ਨੂੰ ਆਪਣੀਆਂ ਸ਼ਿਕਾਇਤਾਂ ਬਿਨਾਂ ਡਰ ਦੇ ਦਰਜ ਕਰਵਾਉਣ ਵਿੱਚ ਮਦਦ ਕਰਦਾ ਹੈ, ਅਤੇ ਪੁਲਿਸ ਨਾਲ ਮਹਿਲਾ ਭਾਈਚਾਰੇ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ।

 

ਇਹ ਵੀ ਪੜ੍ਹੋ