Courtesy: ai image
ਅੰਮ੍ਰਿਤਸਰ: ਪੰਜਾਬ ਵਿੱਚ ਮਾਨਸੂਨ ਕਮਜ਼ੋਰ ਪੈਣ ਨਾਲ ਫਿਰ ਲੋਕਾਂ ਨੂੰ ਫਿਰ ਗਰਮੀ ਦਾ ਪ੍ਰਕੋਪ ਝੇਲਣਾ ਪਵੇਗਾ। ਮਾਨਸੂਨ ਦੀ ਧੀਮੀ ਰਫ਼ਤਾਰ ਕਾਰਨ ਤਾਪਮਾਨ ਅਤੇ ਨਮੀ ਵਿੱਚ ਵਾਧਾ ਹੋਇਆ ਹੈ। ਬੀਤੇ ਦਿਨ ਸੂਬੇ ਵਿੱਚ ਔਸਤ ਵੱਧੋ-ਵੱਧ ਤਾਪਮਾਨ ‘ਚ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਉੱਥੇ ਹੀ ਅੱਜ ਮੌਸਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ। ਹਾਲਾਂਕਿ, ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੋਗਾ, ਬਰਨਾਲਾ, ਸੰਗਰੂਰ, ਬਠਿੰਡਾ ਤੇ ਮਾਨਸਾ ਤੋਂ ਇਲਾਵਾ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੀਏਯੂ ਲੁਧਿਆਣਾ ਦੇ ਮੌਸਮ ਵਿਭਾਗ ਮੁਖੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ, "ਆਉਂਦੇ ਦਿਨਾਂ ਵਿੱਚ ਵੀ ਬਾਰਿਸ਼ ਪੈਣ ਦੀ ਭੱਵਿਖਬਾਣੀ ਤਾਂ ਹੈ, ਪਰ ਜ਼ਿਲ੍ਹਿਆਂ ਵਿੱਚ ਘੱਟ ਬਾਰਿਸ਼ ਹੋਣ ਦੇ ਆਸਾਰ ਹਨ।"
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਨਵਾਂਸ਼ਹਿਰ, ਐਸਏਐਸ ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ, ਪਟਿਆਲਾ, ਤਰਨ ਤਾਰਨ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਖੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਭੱਵਿਖਬਾਣੀ ਕੀਤੀ ਗਈ ਹੈ। ਹਾਲਾਂਕਿ, ਮੋਗਾ, ਬਰਨਾਲਾ, ਬਠਿੰਡਾ, ਸੰਗਰੂਰ ਅਤੇ ਮਾਨਸਾ ਡ੍ਰਾਈ ਰਹਿਣਗੇ।
ਮੌਸਮ ਵਿਭਾਗ ਵਲੋਂ ਪੰਜਾਬ ਅੰਦਰ ਦੇ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਇਹ ਆਮ ਤਾਪਮਾਨ ਦੇ ਨੇੜੇ ਰਿਹਾ ਹੈ। ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿਖੇ 39.6 ਡਿਗਰੀ ਸੈਲਸੀਅਸ ਵਿਖੇ ਦਰਜ ਹੋਇਆ ਹੈ।
ਆਉਣ ਵਾਲੇ ਅਗਲੇ ਤਿੰਨ ਦਿਨਾਂ ਲਈ ਸੂਬੇ ‘ਚ ਮੌਸਮ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 15 ਤੇ 16 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ‘ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।
17 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਗੁਰਦਾਸਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਬਾਰਿਸ਼ ਦੀ ਸੰਭਾਵਨਾ ਹੈ।