menu-icon
Punjabi Story Line
  • Home
  • News
  • Punjab
  • ਫ਼ਤਹਿਗੜ੍ਹ ਸਾਹਿਬ 'ਚ ਸ਼ਹੀਦੀ ਸਭਾ ਸ਼ੁਰੂ,  ਲੱਖਾਂ ਦੀ ਤਾਦਾਦ 'ਚ ਸੰਗਤ ਪੁੱਜੀ

ਫ਼ਤਹਿਗੜ੍ਹ ਸਾਹਿਬ 'ਚ ਸ਼ਹੀਦੀ ਸਭਾ ਸ਼ੁਰੂ,  ਲੱਖਾਂ ਦੀ ਤਾਦਾਦ 'ਚ ਸੰਗਤ ਪੁੱਜੀ

ਇਸ ਮਹਾਨ ਧਰਤੀ ਉਪਰ ਸਦੀਆਂ ਬੀਤਣ ਮਗਰੋਂ ਵੀ ਸ਼ਰਧਾ ਦਾ ਸੈਲਾਬ ਉਸੇ ਤਰ੍ਹਾਂ ਦੇਖਣ ਨੂੰ ਮਿਲਦਾ। ਇਸ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ ਅੰਦਰ ਹੋਰ ਕਿਤੇ ਨਹੀਂ ਮਿਲਦੀ। 

Date Updated Last Updated : 26 December 2023, 12:43 PM IST
Share:
ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਭਾ 26 ਦਸੰਬਰ ਤੋਂ ਸ਼ੁਰੂ ਹੋ ਗਈ। 26 ਦਸੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 28 ਦਸੰਬਰ ਨੂੰ ਸਵੇਰੇ ਪਾਏ ਜਾਣਗੇ। ਇਸਦੇ ਨਾਲ ਹੀ ਰਸਮੀ ਤੌਰ 'ਤੇ ਸ਼ਹੀਦੀ ਸਭਾ ਦੀ ਸ਼ੁਰੂਆਤ ਹੋ ਗਈ। ਪ੍ਰੰਤੂ, ਇਸ ਪਵਿੱਤਰ ਧਰਤੀ ਉਪਰ ਪੋਹ ਦਾ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਵਿਦੇਸ਼ ਤੋਂ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਦਿਨਾਂ 'ਚ ਪੈਰ ਰੱਖਣ ਨੂੰ ਵੀ ਥਾਂ ਨੂੰ ਹੁੰਦੀ। ਗੁਰੂ ਘਰਾਂ 'ਚ ਮੱਥਾ ਟੇਕਣ ਲਈ ਲੰਬੀਆਂ ਕਤਾਰਾਂ ਲੱਗੀਆਂ ਹਨ। 
 
ਪ੍ਰਸ਼ਾਸਨ ਨੇ ਕੀਤੇ ਢੁਕਵੇਂ ਪ੍ਰਬੰਧ 
 
ਫ਼ਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਪਹਿਲੇ ਦਿਨ 26 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੇ ਵਿਕਾਸ ਯੋਜਨਾਵਾਂ ਸਬੰਧੀ ਵਿਸ਼ਾਲ ਪ੍ਰਦਰਸ਼ਨੀ ਲਾਈ ਜਾਵੇਗੀ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਨ ਲਈ ਧਾਰਮਿਕ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿਚ ਨਾਮਵਰ ਕਵੀ ਆਪਣੀਆਂ ਰਚਨਾਵਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ। 26 ਦਸੰਬਰ ਨੂੰ ਆਮ ਖ਼ਾਸ ਬਾਗ਼ ਵਿਖੇ ਇਤਿਹਾਸਕ ਨਾਟਕ ‘ਜਿੰਦਾਂ ਨਿੱਕੀਆਂ’ ਦੀ ਪੇਸ਼ਕਾਰੀ ਕੀਤੀ ਜਾਵੇਗੀ।
 
28 ਨੂੰ ਸਜਾਇਆ ਜਾਵੇਗਾ ਅਲੌਕਿਕ ਨਗਰ ਕੀਰਤਨ 
 
ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਪਰ 28 ਦਸੰਬਰ ਨੂੰ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਇਸਦੀ ਸਮਾਪਤੀ ਦੇ ਨਾਲ ਸ਼ਹੀਦੀ ਸਭਾ ਸੰਪੰਨ ਹੋਵੇਗੀ। ਨਗਰ ਕੀਰਤਨ ਮਗਰੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਨੂੰ ਸੰਦੇਸ਼ ਦੇਣਗੇ। ਇਸ ਲਾਸਾਨੀ ਕੁਰਬਾਨੀ ਨੂੰ ਸਜਦਾ ਕਰਨ ਲਈ ਹਰ ਸਾਲ ਦੇਸ਼ ਵਿਦੇਸ਼ ਤੋਂ ਸੰਗਤ ਇੱਥੇ ਆਉਂਦੀ ਹੈ। 
 

Recent News