ਸੁਆਦਲਾ ਖਾਣਾ, ਠੰਢੀ ਚਾਹ ਅਤੇ ਮਿੱਠੀਆਂ ਯਾਦਾਂ—ਆਮ ਤੌਰ ’ਤੇ ਇਹੀ ਹੁੰਦਾ ਹੈ ਕਿਸੇ ਚੰਗੇ ਰੈਸਟੋਰੈਂਟ ਦਾ ਆਕਰਸ਼ਨ। ਪਰ ਅਹਿਮਦਾਬਾਦ ਦੇ ‘ਨਿਊ ਲਕੀ ਰੈਸਟੋਰੈਂਟ’ ਵਿੱਚ ਇਹ ਸਭ ਕੁਝ ਇੱਕ ਅਜਿਹੇ ਅਹਿਸਾਸ ਨਾਲ ਜੁੜਿਆ ਹੈ ਜੋ ਆਮ ਨਹੀਂ। ਇੱਥੇ ਗਾਹਕ ਖਾਣਾ ਖਾਂਦੇ ਹੋਏ ਅਤੇ ਚਾਹ ਦੇ ਘੁੱਟ ਭਰਦੇ ਹੋਏ, ਆਪਣੇ ਬਿਲਕੁਲ ਨਾਲ 26 ਕਬਰਾਂ ਨੂੰ ਦੇਖ ਸਕਦੇ ਹਨ। ਇਹ ਕਬਰਾਂ ਨਾ ਤਾਂ ਕਿਸੇ ਡਰਾਉਣੇ ਮਾਹੌਲ ਦਾ ਹਿੱਸਾ ਹਨ ਤੇ ਨਾ ਹੀ ਕਿਸੇ ਥੀਮ ਦਾ—ਇਹ ਤਾਂ ਉਸ ਜ਼ਮੀਨ ਦਾ ਹਿੱਸਾ ਸਨ, ਜਿਸ ’ਤੇ 75 ਸਾਲ ਪਹਿਲਾਂ ਰੈਸਟੋਰੈਂਟ ਦੀ ਨੀਂਹ ਰੱਖੀ ਗਈ ਸੀ। ਅੱਜ ਇਹ ਰੈਸਟੋਰੈਂਟ ਆਪਣੀ ਵਿਲੱਖਣ ਪਛਾਣ ਕਾਰਨ ਦੁਨੀਆ ਭਰ ਵਿੱਚ ਚਰਚਿਤ ਹੈ।
ਇਸ ਰੈਸਟੋਰੈਂਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਕਬਰਾਂ ਨੂੰ ਕਦੇ ਵੀ ਕਿਸੇ ਜਾਣਬੁੱਝ ਕੇ ਬਣਾਏ ਗਏ ਥੀਮ ਵਜੋਂ ਸ਼ਾਮਲ ਨਹੀਂ ਕੀਤਾ ਗਿਆ। ਮਾਲਕ ਕ੍ਰਿਸ਼ਨਨ ਕੁੱਟੀ ਨੇ ਜਦੋਂ ਇਹ ਇਮਾਰਤ ਬਣਵਾਉਣੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਇਹ ਜ਼ਮੀਨ ‘ਤੇ ਪੁਰਾਣੀਆਂ ਕਬਰਾਂ ਮਿਲੀਆਂ, ਜੋ 16ਵੀਂ ਸਦੀ ਦੇ ਸੂਫੀ ਸੰਤਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਹਨ।
ਉਨ੍ਹਾਂ ਕਬਰਾਂ ਨੂੰ ਹਟਾਉਣ ਦੀ ਬਜਾਏ, ਮਾਲਕ ਨੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ। ਉਨ੍ਹਾਂ ਹਰ ਕਬਰ ਦੇ ਆਲੇ-ਦੁਆਲੇ ਲੋਹੇ ਦੀਆਂ ਰੇਲਿੰਗਾਂ ਲਗਵਾ ਦਿੱਤੀਆਂ ਅਤੇ ਉਨ੍ਹਾਂ ਦੇ ਵਿਚਕਾਰ ਟੇਬਲਾਂ ਦਾ ਪ੍ਰਬੰਧ ਕੀਤਾ। ਅੱਜ ਇਸ ਰੈਸਟੋਰੈਂਟ ਵਿੱਚ 26 ਕਬਰਾਂ ਮੌਜੂਦ ਹਨ ਅਤੇ ਗਾਹਕ ਇਨ੍ਹਾਂ ਨੂੰ ਪਾਰ ਕਰਦੇ ਹੋਏ ਆਪਣੀ ਸੀਟ ’ਤੇ ਪਹੁੰਚਦੇ ਹਨ।
ਇੱਥੋਂ ਦੇ ਸਟਾਫ਼ ਲਈ ਕਬਰਾਂ ਸਿਰਫ਼ ਦਿਖਾਵਾ ਨਹੀਂ, ਸਗੋਂ ਸ਼ਰਧਾ ਦਾ ਕੇਂਦਰ ਹਨ। ਰੋਜ਼ਾਨਾ ਸਫ਼ਾਈ ਕਰਨ ਤੋਂ ਬਾਅਦ ਤਾਜ਼ੇ ਫੁੱਲ ਚੜ੍ਹਾਏ ਜਾਂਦੇ ਹਨ ਅਤੇ ‘ਅਲ-ਫਾਤਿਹਾ’ ਪੜ੍ਹੀ ਜਾਂਦੀ ਹੈ। ਰੈਸਟੋਰੈਂਟ ਨਾਲ ਲੱਗਦੀ ਦਰਗਾਹ ਵੀ ਇਸ ਅਧਿਆਤਮਿਕ ਮਾਹੌਲ ਨੂੰ ਹੋਰ ਗਹਿਰਾ ਬਣਾਉਂਦੀ ਹੈ।
ਇਹ ਸੋਚਣਾ ਆਸਾਨ ਹੈ ਕਿ ਕਬਰਾਂ ਨਾਲ ਖਾਣਾ ਖਾਣਾ ਲੋਕਾਂ ਨੂੰ ਬੇਚੈਨ ਕਰ ਸਕਦਾ ਹੈ, ਪਰ ਇੱਥੇ ਇਸ ਦੇ ਉਲਟ ਹੈ। ਇਹ ਰੈਸਟੋਰੈਂਟ ਦਿਨ ਭਰ ਗਾਹਕਾਂ ਨਾਲ ਭਰਿਆ ਰਹਿੰਦਾ ਹੈ—ਪਰਿਵਾਰ ਹੋਣ, ਦਫ਼ਤਰੀ ਕਰਮਚਾਰੀ, ਵਿਦਿਆਰਥੀ ਜਾਂ ਬਾਹਰੋਂ ਆਏ ਸੈਲਾਨੀ। ਹਰ ਕੋਈ ਇੱਥੇ ਖਾਣੇ ਦਾ ਅਨੰਦ ਲੈਂਦਾ ਹੈ ਅਤੇ ਇਹ ਮਾਹੌਲ ਉਨ੍ਹਾਂ ਨੂੰ ਕਿਤੇ ਵੱਖਰਾ ਅਹਿਸਾਸ ਕਰਾਉਂਦਾ ਹੈ।
ਸਥਾਨਕ ਲੋਕਾਂ ਵਿੱਚ ਇੱਕ ਧਾਰਨਾ ਪ੍ਰਚਲਿਤ ਹੈ ਕਿ ਇੱਥੇ ਚਾਹ ਪੀਣ ਨਾਲ ਕਿਸੇ ਵੀ ਅਹਿਮ ਕੰਮ—ਚਾਹੇ ਉਹ ਨੌਕਰੀ ਦੀ ਇੰਟਰਵਿਊ ਹੋਵੇ, ਇਮਤਿਹਾਨ ਜਾਂ ਵੱਡਾ ਕਾਰੋਬਾਰੀ ਸੌਦਾ—ਵਿੱਚ ਸਫ਼ਲਤਾ ਮਿਲਦੀ ਹੈ। ਮਾਲਕ ਨੇ ਵੀ ਇਹ ਮੰਨਿਆ ਹੈ ਕਿ ਕਬਰਾਂ ਨੂੰ ਸੁਰੱਖਿਅਤ ਰੱਖਣਾ ਵਪਾਰ ਲਈ ਵਰਦਾਨ ਸਾਬਤ ਹੋਇਆ।
ਇਸ ਰੈਸਟੋਰੈਂਟ ਦੀ ਪ੍ਰਸਿੱਧੀ ਸਿਰਫ਼ ਆਮ ਲੋਕਾਂ ਤੱਕ ਸੀਮਤ ਨਹੀਂ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਆਪਣੀ ਅਹਿਮਦਾਬਾਦ ਯਾਤਰਾ ਦੌਰਾਨ ਇੱਥੇ ਚਾਹ ਪੀਤੀ ਸੀ। ਮਸ਼ਹੂਰ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਸ਼ੂਟਿੰਗ ਵੀ ਇਸੇ ਰੈਸਟੋਰੈਂਟ ਵਿੱਚ ਹੋਈ, ਜਿਸ ਨੇ ਇਸ ਦੀ ਪਛਾਣ ਨੂੰ ਹੋਰ ਉਚਾਈ ਦਿੱਤੀ।