Courtesy: ai image
ਨਵੀਂ ਦਿੱਲੀ: ਭਾਰਤ ਵਿੱਚ ਅਨੇਕਾਂ ਅਜਿਹੇ ਮੰਦਰ ਹਨ, ਜੋ ਆਪਣੀਆਂ ਵਿਲੱਖਣ ਰਿਵਾਇਤਾਂ, ਧਾਰਮਿਕ ਮਾਨਤਾਵਾਂ ਅਤੇ ਸਦੀਆਂ ਪੁਰਾਣੀਆਂ ਪਰੰਪਰਾਵਾਂ ਕਾਰਨ ਦੁਨੀਆ ਵਿੱਚ ਮਸ਼ਹੂਰ ਹਨ। ਇਨ੍ਹਾਂ ਵਿੱਚ ਕੇਰਲ ਦੇ ਕੋੱਲਮ ਜ਼ਿਲ੍ਹੇ ਵਿੱਚ ਸਥਿਤ ਕੋੱਟਨਕੁਲੰਗਰਾ ਦੇਵੀ ਮੰਦਰ ਇੱਕ ਅਜਿਹਾ ਧਾਰਮਿਕ ਸਥਾਨ ਹੈ, ਜੋ ਆਪਣੀ ਅਨੋਖੀ ਪਰੰਪਰਾ ਕਾਰਨ ਵਿਸ਼ੇਸ਼ ਪਛਾਣ ਰੱਖਦਾ ਹੈ। ਇਸ ਮੰਦਰ ਵਿੱਚ ਮਨਾਏ ਜਾਣ ਵਾਲੇ 'ਚਾਮਯਾਵਿਲੱਕੁ' ਉਤਸਵ ਦੌਰਾਨ ਪੁਰਸ਼ਾਂ ਨੂੰ ਦੇਵੀ ਦੀ ਪੂਜਾ ਕਰਨ ਲਈ ਔਰਤਾਂ ਦਾ ਰੂਪ ਧਾਰਨ ਕਰਨਾ ਪੈਂਦਾ ਹੈ। ਨਹੀਂ ਤਾਂ ਉਹ ਦੇਵੀ ਦੇ ਦਰਸ਼ਨ ਨਹੀਂ ਕਰ ਸਕਦੇ।
ਹਰ ਸਾਲ ਮਨਾਇਆ ਜਾਣ ਵਾਲਾ ਇਹ ਦੋ ਦਿਨਾਂ ਦਾ ਧਾਰਮਿਕ ਉਤਸਵ ਮੰਦਰ ਦੀ ਸਭ ਤੋਂ ਵੱਡੀ ਪਛਾਣ ਮੰਨਿਆ ਜਾਂਦਾ ਹੈ। ਇਸ ਦੌਰਾਨ ਮੰਦਰ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੁੰਦੀ ਹੈ। ਇਸ ਮੌਕੇ ਹਜ਼ਾਰਾਂ ਪੁਰਸ਼ ਸਾੜੀ ਪਹਿਨਦੇ ਹਨ, ਸੋਲ੍ਹਾਂ ਸ਼ਿੰਗਾਰ ਕਰਦੇ ਹਨ ਅਤੇ ਪੂਰੀ ਸ਼ਰਧਾ ਨਾਲ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਂਦੇ ਹਨ।
ਇੰਨਾ ਹੀ ਨਹੀਂ, ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਦੇ ਆਲੇ-ਦੁਆਲੇ ਅਸਥਾਈ ਮੇਕਅੱਪ ਸਟਾਲ ਅਤੇ ਬਿਊਟੀ ਪਾਰਲਰ ਵੀ ਲਗਾਏ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਤਿਆਰ ਕੀਤਾ ਜਾਂਦਾ ਹੈ।
ਚਾਮਯਾਵਿਲੱਕੁ ਉਤਸਵ ਦੌਰਾਨ ਮੰਦਰ ਵਿੱਚ ਪੁਰਸ਼ਾਂ ਨੂੰ ਆਮ ਪਹਿਰਾਵੇ ਨਾਲ ਦਾਖ਼ਲਾ ਨਹੀਂ ਮਿਲਦਾ। ਉਨ੍ਹਾਂ ਨੂੰ ਔਰਤਾਂ ਦੇ ਰਵਾਇਤੀ ਪਹਿਰਾਵੇ ਵਿੱਚ ਹੀ ਮੰਦਰ ਵਿੱਚ ਪ੍ਰਵੇਸ਼ ਕਰਕੇ ਮਾਤਾ ਦੀ ਅਰਾਧਨਾ ਕਰਨੀ ਹੁੰਦੀ ਹੈ। ਇਸ ਪਰੰਪਰਾ ਨੂੰ ਮੰਦਰ ਦੀ ਸਭ ਤੋਂ ਖ਼ਾਸ ਧਾਰਮਿਕ ਰਸਮ ਮੰਨਿਆ ਜਾਂਦਾ ਹੈ ਅਤੇ ਸ਼ਰਧਾਲੂ ਇਸਨੂੰ ਪੂਰੀ ਸ਼ਰਧਾ ਨਾਲ ਨਿਭਾਉਂਦੇ ਹਨ।
ਸਥਾਨਕ ਲੋਕ-ਕਥਾਵਾਂ ਅਨੁਸਾਰ ਕਈ ਸਦੀਆਂ ਪਹਿਲਾਂ ਕੁਝ ਚਰਵਾਹੇ ਲੜਕੇ ਖੇਡ-ਖੇਡ ਵਿੱਚ ਲੜਕੀਆਂ ਦਾ ਵੇਸ਼ ਧਾਰ ਕੇ ਇਸ ਥਾਂ 'ਤੇ ਦੇਵੀ ਦੀ ਭਗਤੀ ਕਰਦੇ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸੱਚੀ ਸ਼ਰਧਾ ਤੋਂ ਪ੍ਰਸੰਨ ਹੋ ਕੇ ਮਾਤਾ ਨੇ ਉੱਥੇ ਪ੍ਰਗਟ ਹੋ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਉਸ ਘਟਨਾ ਤੋਂ ਬਾਅਦ ਇਹ ਵਿਸ਼ਵਾਸ ਬਣ ਗਿਆ ਕਿ ਜੋ ਵੀ ਪੁਰਸ਼ ਨਿਰਮਲ ਮਨ ਅਤੇ ਪੂਰੀ ਸ਼ਰਧਾ ਨਾਲ ਔਰਤਾਂ ਦਾ ਰੂਪ ਧਾਰ ਕੇ ਦੇਵੀ ਦੀ ਪੂਜਾ ਕਰਦਾ ਹੈ, ਉਨ੍ਹਾਂ ਤੇ ਦੇਵੀ ਪ੍ਰਸੰਨ ਹੁੰਦੀ ਹੈ ਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਹੀ ਮਾਨਤਾ ਅੱਜ ਵੀ ਇਸ ਮੰਦਰ ਦੀ ਪ੍ਰਾਚੀਨ ਪਰੰਪਰਾ ਵਜੋਂ ਨਿਭਾਈ ਜਾ ਰਹੀ ਹੈ।
ਇਸ ਵਿਲੱਖਣ ਰਿਵਾਇਤ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲਈ ਹਰ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਸ਼ਰਧਾਲੂ ਕੇਰਲ ਪਹੁੰਚਦੇ ਹਨ। ਇਸ ਤੋਂ ਇਲਾਵਾ ਵਿਦੇਸ਼ੀ ਸੈਲਾਨੀ ਵੀ ਇਸ ਮੌਕੇ 'ਤੇ ਮੰਦਰ ਦਾ ਦੌਰਾ ਕਰਦੇ ਹਨ।