Courtesy: @narendramodi
ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ‘ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਅਧਿਕਾਰਕ ਸ਼ੁਰੂਆਤ ਕੀਤੀ। ਇਸ ਰਾਸ਼ਟਰੀ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸਕਾਰਾਤਮਕ ਬਦਲਾਅ ਦੇ ਦੂਤ ਵਜੋਂ ਤਿਆਰ ਕਰਨਾ ਹੈ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਖੁਦ ਨਸ਼ਿਆਂ ਤੋਂ ਦੂਰ ਨਾ ਰਹਿਣ, ਸਗੋਂ ਆਪਣੇ ਪਰਿਵਾਰ, ਦੋਸਤਾਂ ਨੂੰ ਵੀ ਦੂਰ ਰੱਖਣ ਅਤੇ ਸਮਾਜ ਵਿੱਚ ਵੀ ਜਾਗਰੂਕਤਾ ਫੈਲਾ ਕੇ ਨਸ਼ਾ-ਮੁਕਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ।
ਇਸ ਅਭਿਆਨ ਨਾਲ ਦੇਸ਼ ਭਰ ਵਿੱਚ 100 ਹਫ਼ਤਿਆਂ ਤੱਕ ਚੱਲਣ ਵਾਲੀ ‘ਜਨ ਭਾਗੀਦਾਰੀ’ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਇਸ ਮੁਹਿੰਮ ਦਾ ਮਕਸਦ ਨਸ਼ਿਆਂ ਦੇ ਖ਼ਿਲਾਫ਼ ਸਮਾਜ ਦੇ ਹਰ ਵਰਗ ਨੂੰ ਜੋੜਨਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਤਹਿਤ ਹਰ ਐਤਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਨ-ਜਾਗਰੂਕਤਾ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਅਭਿਆਨ ਨਾਲ ਜੁੜ ਸਕਣ। ਇਸ ਮੁਹਿੰਮ ਦੌਰਾਨ ਖੇਡ ਮੁਕਾਬਲੇ, ਵਾਕਾਥਾਨ, ਯੋਗ ਅਤੇ ਧਿਆਨ ਸੈਸ਼ਨ, ਸੱਭਿਆਚਾਰਕ ਪ੍ਰੋਗਰਾਮ, ਨਸ਼ਾ ਵਿਰੋਧੀ ਰੈਲੀਆਂ, ਨੁੱਕੜ ਨਾਟਕ, ਵਿਚਾਰ-ਚਰਚਾ, ਪੇਂਟਿੰਗ ਅਤੇ ਲੇਖ ਮੁਕਾਬਲੇ ਸਮੇਤ ਕਈ ਸਮਾਜਿਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।
ਇਸ ਅਭਿਆਨ ਵਿੱਚ ਦੇਸ਼ ਦੀਆਂ ਸਿੱਖਿਆ ਸੰਸਥਾਵਾਂ, ਯੂਥ ਸੰਗਠਨ, ਸਮਾਜਿਕ ਸੰਸਥਾਵਾਂ, ਉਦਯੋਗਿਕ ਸੰਗਠਨ ਅਤੇ ਆਧਿਆਤਮਿਕ ਸੰਸਥਾਵਾਂ ਨੂੰ ਇੱਕੋ ਮੰਚ 'ਤੇ ਲਿਆਂਦਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਸਰਕਾਰੀ ਯਤਨਾਂ ਨਾਲ ਨਹੀਂ ਜਿੱਤੀ ਜਾ ਸਕਦੀ, ਸਗੋਂ ਇਸ ਲਈ ਪੂਰੇ ਸਮਾਜ ਦੀ ਭਾਗੀਦਾਰੀ ਹੋਣੀ ਜਰੂਰੀ ਹੈ।
ਇਸ ਪ੍ਰੋਗਰਾਮ ਵਿੱਚ ਦੇਸ਼ ਦੇ 10 ਹਜ਼ਾਰ ਤੋਂ ਵੱਧ ਸਥਾਨਾਂ ਤੋਂ ਨੌਜਵਾਨਾਂ ਨੇ ਹਿੱਸਾ ਲਿਆ। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਜ਼ਾਰਾਂ ਵਿਦਿਆਰਥੀ, ਸਵੈਸੇਵਕ ਅਤੇ ਸਮਾਜਿਕ ਕਾਰਕੁਨ ਇਸ ਮੁਹਿੰਮ ਵਿੱਚ ਸ਼ਾਮਲ ਹੋਏ।
ਇਸ ਰਾਸ਼ਟਰੀ ਮੁਹਿੰਮ ਵਿੱਚ MY Bharat ਦੇ ਸਵੈਸੇਵਕਾਂ, ਨੈਸ਼ਨਲ ਸਰਵਿਸ ਸਕੀਮ (NSS) ਦੇ ਵਲੰਟੀਅਰਾਂ, ਯੂਥ ਕਲੱਬਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਗੈਰ-ਸਰਕਾਰੀ ਸੰਸਥਾਵਾਂ (NGOs) ਅਤੇ ਉਦਯੋਗਿਕ ਸੰਗਠਨਾਂ ਦੇ ਯੂਥ ਵਿੰਗਾਂ ਨੇ ਵੀ ਹਿੱਸ ਲਿਆ। ਇਸ ਤੋਂ ਇਲਾਵਾ 125 ਤੋਂ ਵੱਧ ਆਧਿਆਤਮਿਕ ਸੰਸਥਾਵਾਂ ਨੇ ਵੀ ਵਰਚੁਅਲ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਨਸ਼ਾ-ਮੁਕਤ ਸਮਾਜ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।