ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਕ ਸਮਾਗਮ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਦੀ ਤਾਰੀਫ਼ ਵਿੱਚ ਕਈ ਕਿੱਸੇ ਸਾਂਝੇ ਕਰਦਿਆਂ ਖੁਲਾਸਾ ਕੀਤਾ ਕਿ ਡੋਭਾਲ ਦੀ ਖੁਫੀਆ ਟਿੱਪ (ਸੁਝਾਅ) ਕਾਰਨ ਹੀ ਇੰਡੀਅਨ ਮੁਜਾਹਿਦੀਨ ਵੱਲੋਂ ਕੀਤੇ ਗਏ 13 ਬੰਬ ਧਮਾਕਿਆਂ ਦੀ ਪੂਰੀ ਗੁੱਥੀ ਸੁਲਝ ਸਕੀ ਸੀ।
ਗ੍ਰਹਿ ਮੰਤਰੀ ਨੇ ਦੱਸਿਆ ਕਿ ਜਦੋਂ ਇੰਡੀਅਨ ਮੁਜਾਹਿਦੀਨ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ 13 ਬੰਬ ਧਮਾਕੇ ਕੀਤੇ ਸਨ, ਉਦੋਂ ਜਾਂਚ ਏਜੰਸੀਆਂ ਕਿਸੇ ਵੀ ਸੁਰਾਗ 'ਤੇ ਨਹੀਂ ਪਹੁੰਚ ਪਾ ਰਹੀਆਂ ਸਨ। ਅਜੀਤ ਡੋਭਾਲ ਨੇ ਇਸ ਕੇਸ ਦੀ ਜਾਂਚ ਲਈ ਇੱਕ ਬਹੁਤ ਹੀ ਅਹਿਮ ਟਿੱਪ (ਸੁਝਾਅ) ਦਿੱਤਾ, ਜਿਸ ਤੋਂ ਬਾਅਦ ਗੁਜਰਾਤ ਪੁਲਿਸ ਨੇ ਪੂਰੇ ਦੇਸ਼ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਦੀ ਗੁੱਥੀ ਨੂੰ ਸੁਲਝਾ ਲਿਆ। ਸ਼ਾਹ ਨੇ ਇਸ ਨੂੰ ਡੋਭਾਲ ਦੀ ਖੁਫੀਆ ਸੂਝ ਅਤੇ ਰਣਨੀਤਕ ਸਮਝ ਦਾ ਸਭ ਤੋਂ ਵੱਡਾ ਸਬੂਤ ਦੱਸਿਆ।
ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਵਜੋਂ ਅਜੀਤ ਡੋਭਾਲ ਦਾ ਕਾਰਜਕਾਲ ਵੀ ਬਹੁਤ ਮਹੱਤਵਪੂਰਨ ਰਿਹਾ। ਉੱਥੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਵਿਸ਼ਿਆਂ 'ਤੇ ਡੂੰਘਾ ਚਿੰਤਨ, ਵਿਚਾਰ-ਵਟਾਂਦਰਾ ਅਤੇ ਮੰਥਨ ਹੋਇਆ, ਪਰ ਉਸ ਸਮੇਂ ਉਨ੍ਹਾਂ ਵਿਚਾਰਾਂ ਦੇ ਨਤੀਜੇ ਸਿਰਫ਼ ਕਿਤਾਬਾਂ ਅਤੇ ਪ੍ਰਸਤਾਵਾਂ ਤੱਕ ਹੀ ਸੀਮਤ ਰਹਿ ਗਏ ਸਨ।
ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ ਨੇ ਅਜੀਤ ਡੋਭਾਲ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਨਿਯੁਕਤ ਕੀਤਾ, ਉਦੋਂ ਫਾਊਂਡੇਸ਼ਨ ਵਿੱਚ ਰੱਖੇ ਗਏ ਉਨ੍ਹਾਂ ਵਿਚਾਰਾਂ ਅਤੇ ਸਿੱਟਿਆਂ ਨੂੰ ਜ਼ਮੀਨ 'ਤੇ ਉਤਾਰਨ ਦਾ ਕੰਮ ਅਸਲ ਵਿੱਚ ਸ਼ੁਰੂ ਹੋਇਆ। ਸ਼ਾਹ ਨੇ ਕਿਹਾ, "ਅਸੀਂ ਸਾਰੇ ਅਜੀਤ ਡੋਭਾਲ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਜਾਣਦੇ ਹਾਂ, ਪਰ ਉਨ੍ਹਾਂ ਦੇ ਯੋਗਦਾਨ ਦੇ ਕਈ ਪੱਖ ਅਜਿਹੇ ਹਨ ਜਿਨ੍ਹਾਂ ਦਾ ਕਦੇ ਵਿਆਪਕ ਪ੍ਰਚਾਰ ਨਹੀਂ ਹੋਇਆ। ਅੱਜ ਇਹ ਉਚਿਤ ਸਮਾਂ ਹੈ ਕਿ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਜਾਵੇ।"
ਗ੍ਰਹਿ ਮੰਤਰੀ ਨੇ ਦੱਸਿਆ ਕਿ ਅਜੀਤ ਡੋਭਾਲ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਦੇ ਅਹੁਦੇ 'ਤੇ ਰਹਿਣ ਵਾਲੇ ਵਿਅਕਤੀ ਹਨ। ਆਪਣੇ ਕਾਰਜਕਾਲ ਵਿੱਚ ਉਨ੍ਹਾਂ ਨੇ ਭਾਰਤ ਦੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ, ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਮੇਂ ਦੀ ਲੋੜ ਅਨੁਸਾਰ ਬਦਲਾਅ ਲਿਆਉਣ ਦੇ ਨਾਲ-ਨਾਲ ਸੈਨਾ ਵਿੱਚ ਤਕਨੀਕ ਅਤੇ ਯੁੱਧ ਕਲਾ ਦਾ ਬਿਹਤਰ ਸਮਨਵੈ ਸਥਾਪਤ ਕੀਤਾ।
ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਕਈ ਵੱਡੇ ਅਤੇ ਸਾਹਸੀ ਫੈਸਲੇ ਲਏ ਗਏ, ਅਤੇ ਇਨ੍ਹਾਂ ਹਰ ਫੈਸਲੇ ਦੇ ਪਿੱਛੇ ਅਜੀਤ ਡੋਭਾਲ ਦੇ ਲੰਮੇ ਤਜ਼ਰਬੇ, ਡੂੰਘੀ ਸਮਝ ਅਤੇ ਰਣਨੀਤਕ ਸਲਾਹ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਦੀ ਸਲਾਹ ਨੇ ਭਾਰਤ ਨੂੰ ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਆ ਮਾਮਲਿਆਂ ਵਿੱਚ ਮਜ਼ਬੂਤ ਸਥਿਤੀ ਦਿੱਤੀ।
ਅਮਿਤ ਸ਼ਾਹ ਨੇ ਸਮਾਗਮ ਦੌਰਾਨ ਇੱਕ ਕਿੱਸਾ ਵੀ ਸਾਂਝਾ ਕੀਤਾ, "ਜਦੋਂ ਤਿਲਕ ਸਮਾਰਕ ਟਰੱਸਟ ਵੱਲੋਂ ਮੈਨੂੰ ਫੋਨ ਆਇਆ ਅਤੇ ਦੱਸਿਆ ਗਿਆ ਕਿ ਚੋਣ ਕਮੇਟੀ ਨੇ ਇਸ ਸਾਲ ਦੇ ਲੋਕਮਾਨਯ ਤਿਲਕ ਪੁਰਸਕਾਰ ਲਈ ਅਜੀਤ ਡੋਭਾਲ ਦੀ ਚੋਣ ਕੀਤੀ ਹੈ, ਤਾਂ ਮੈਂ ਤੁਰੰਤ ਕਿਹਾ ਕਿ ਮੈਨੂੰ ਉਨ੍ਹਾਂ ਦੇ ਹੱਥ ਪੁਰਸਕਾਰ ਦੇਣ ਦਾ ਮੌਕਾ ਪਾ ਕੇ ਬਹੁਤ ਖੁਸ਼ੀ ਹੋਵੇਗੀ।" ਉਨ੍ਹਾਂ ਇਸ ਨੂੰ ਡੋਭਾਲ ਦੀ ਸੁਰੱਖਿਆ ਖੇਤਰ ਵਿੱਚ ਦਿੱਤੇ ਯੋਗਦਾਨ ਦਾ ਸਹੀ ਸਨਮਾਨ ਦੱਸਿਆ।
ਗ੍ਰਹਿ ਮੰਤਰੀ ਨੇ ਸ਼ਨੀਵਾਰ ਨੂੰ ਪੁਣੇ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ 'ਲੋਕਮਾਨਯ ਤਿਲਕ ਰਾਸ਼ਟਰੀ ਪੁਰਸਕਾਰ' ਪ੍ਰਦਾਨ ਕੀਤਾ। 81 ਸਾਲਾ ਡੋਭਾਲ ਨੇ ਆਪਣੇ ਕਰੀਅਰ ਦੌਰਾਨ ਮਿਜ਼ੋਰਮ, ਸਿੱਕਮ, ਪੰਜਾਬ ਅਤੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਰਾਜਾਂ ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਸ ਤੋਂ ਇਲਾਵਾ ਉਹ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਲੰਡਨ ਸਥਿਤ ਭਾਰਤੀ ਦੂਤਾਵਾਸਾਂ ਵਿੱਚ ਵੀ ਡਿਪਲੋਮੈਟਿਕ (ਕੂਟਨੀਤਕ) ਭੂਮਿਕਾਵਾਂ ਵਿੱਚ ਕੰਮ ਕਰ ਚੁੱਕੇ ਹਨ।