menu-icon
Punjabi Story Line
  • Home
  • News
  • Punjab
  • ਮਾਨ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਨੇ ਹਾਈਵੇਅ 'ਤੇ ਹੋਣ ਵਾਲੀਆਂ ਮੌਤਾਂ ਨੂੰ ਲਗਭਗ 50% ਘਟਾਇਆ

ਮਾਨ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਨੇ ਹਾਈਵੇਅ 'ਤੇ ਹੋਣ ਵਾਲੀਆਂ ਮੌਤਾਂ ਨੂੰ ਲਗਭਗ 50% ਘਟਾਇਆ

ਐਸਐਸਐਫ ਦੇ ਦੋ ਸਾਲ: ਪੰਨੂ ਨੇ ਪੰਜਾਬ ਦੀਆਂ ਸੜਕਾਂ 'ਤੇ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਮਾਨ, ਐਸਐਸਐਫ ਕਰਮਚਾਰੀਆਂ ਅਤੇ ਸਹਾਇਤਾ ਸਟਾਫ ਦਾ ਕੀਤਾ ਧੰਨਵਾਦ

Date Updated Last Updated : 02 February 2026, 10:06 PM IST
Share:

ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (ਐਸਐਸਐਫ) ਦੇ ਦੋ ਸਾਲ ਪੂਰੇ ਹੋਣ 'ਤੇ ਇਸ ਦੀ ਸ਼ਾਨਦਾਰ ਸਫਲਤਾ ਸਾਂਝੀ ਕਰਦਿਆਂ, 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਇਹ ਫੋਰਸ ਮੁੱਖ ਮੰਤਰੀ ਭਗਵੰਤ ਮਾਨ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕ-ਪੱਖੀ ਪਹਿਲਕਦਮੀਆਂ ਵਿੱਚੋਂ ਇੱਕ ਵਜੋਂ ਉਭਰੀ ਹੈ, ਜੋ ਪੰਜਾਬ ਦੇ ਹਾਈਵੇਅ 'ਤੇ ਅਸਲ ਨਤੀਜੇ ਦੇ ਰਹੀ ਹੈ। ਪੰਨੂ ਨੇ ਦੱਸਿਆ ਕਿ ਜਦੋਂ ਦੋ ਸਾਲ ਪਹਿਲਾਂ ਐਸਐਸਐਫ ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਸਾਲ 2023 ਵਿੱਚ ਪੰਜਾਬ ਦੇ ਹਾਈਵੇਅ 'ਤੇ ਹਾਦਸਿਆਂ ਕਾਰਨ 1,955 ਮੌਤਾਂ ਹੋਈਆਂ ਸਨ।

ਸਾਲ 2024 ਵਿੱਚ, ਇਹ ਅੰਕੜਾ ਤੇਜ਼ੀ ਨਾਲ ਘਟ ਕੇ 1,016 ਰਹਿ ਗਿਆ ਹੈ, ਜਿਸਦਾ ਮਤਲਬ ਹੈ ਕਿ ਐਸਐਸਐਫ ਦੇ ਤੇਜ਼ ਅਤੇ ਪੇਸ਼ੇਵਰ ਹੁੰਗਾਰੇ ਸਦਕਾ ਸਿਰਫ ਇੱਕ ਸਾਲ ਵਿੱਚ 940 ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਘਾਤਕ ਹਾਦਸਿਆਂ ਦੇ ਮਾਮਲਿਆਂ ਵਿੱਚ ਲਗਭਗ 50 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਜੋ ਪੰਜਾਬ ਭਰ ਵਿੱਚ ਹਾਈਵੇਅ ਸੁਰੱਖਿਆ ਵਿੱਚ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ।

ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਸਐਸਐਫ ਅਧੀਨ ਲਗਭਗ 1,500 ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਜਵਾਨ ਫੁੱਲ-ਟਾਈਮ ਤਾਇਨਾਤ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਵੀ.ਆਈ.ਪੀ. ਜਾਂ ਕਿਸੇ ਹੋਰ ਡਿਊਟੀ ਲਈ ਨਹੀਂ ਭੇਜਿਆ ਜਾਂਦਾ। ਹਾਈਵੇਅ 'ਤੇ ਹਰ 30 ਕਿਲੋਮੀਟਰ ਦੀ ਦੂਰੀ 'ਤੇ ਪੂਰੀ ਤਰ੍ਹਾਂ ਲੈਸ ਐਸਐਸਐਫ ਵਾਹਨ ਤਾਇਨਾਤ ਹਨ, ਜੋ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਂਦੇ ਹਨ। ਨਤੀਜੇ ਵਜੋਂ,ਐਸਐਸਐਫ ਟੀਮਾਂ 6 ਤੋਂ 8 ਮਿੰਟ ਦੇ ਅੰਦਰ ਹਾਦਸੇ ਵਾਲੀ ਥਾਂ 'ਤੇ ਪਹੁੰਚ ਜਾਂਦੀਆਂ ਹਨ, ਜੋ ਕਿ ਵਿਕਸਤ ਦੇਸ਼ਾਂ ਦੇ ਬਰਾਬਰ ਦਾ ਰਿਸਪਾਂਸ ਟਾਈਮ ਹੈ।

ਪੰਨੂ ਨੇ ਕਿਹਾ ਕਿ ਇਹ ਵਾਹਨ ਫਸਟ-ਏਡ ਸਹੂਲਤਾਂ, ਬਚਾਅ ਉਪਕਰਨਾਂ ਅਤੇ ਕਟਰਾਂ ਨਾਲ ਲੈਸ ਹਨ। ਜਵਾਨਾਂ ਨੂੰ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਹਸਪਤਾਲ ਭੇਜਣ ਤੋਂ ਪਹਿਲਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਐਸਐਸਐਫ ਦੀ ਮੌਜੂਦਗੀ ਨੇ ਹਾਦਸੇ ਤੋਂ ਬਾਅਦ ਹੋਣ ਵਾਲੀ ਲੁੱਟ-ਖੋਹ ਨੂੰ ਵੀ ਲਗਭਗ ਖਤਮ ਕਰ ਦਿੱਤਾ ਹੈ ਅਤੇ ਹੋਰ ਹਾਈਵੇਅ ਅਪਰਾਧਾਂ ਵਿੱਚ, ਖਾਸ ਕਰਕੇ ਰਾਤ ਦੇ ਸਮੇਂ, ਭਾਰੀ ਕਮੀ ਆਈ ਹੈ।

ਐਸਐਸਐਫ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ "ਡ੍ਰੀਮ ਪ੍ਰੋਜੈਕਟ" ਦੱਸਦਿਆਂ ਪੰਨੂ ਨੇ ਕਿਹਾ ਕਿ ਇਹ ਨਾ ਸਿਰਫ ਸਾਕਾਰ ਹੋਇਆ ਹੈ ਬਲਕਿ ਹਰ ਰੋਜ਼ ਜਾਨਾਂ ਬਚਾਉਣ ਵਾਲੇ ਨਤੀਜੇ ਦੇ ਰਿਹਾ ਹੈ। ਉਨ੍ਹਾਂ ਨੇ ਸਾਰੇ ਐਸਐਸਐਫ ਜਵਾਨਾਂ ਅਤੇ ਸਹਿਯੋਗੀ ਸਟਾਫ ਨੂੰ ਉਨ੍ਹਾਂ ਦੇ ਸਮਰਪਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮਨੁੱਖੀ ਜਾਨਾਂ ਬਚਾਉਣਾ ਸ਼ਾਸਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

Recent News