menu-icon
Punjabi Story Line
  • Home
  • News
  • Punjab
  • ਪਿਛਲੀਆਂ ਸਰਕਾਰਾਂ ਜੋ ਦਹਾਕਿਆਂ ਵਿੱਚ ਨਾ ਕਰ ਸਕੀਆਂ, ਉਹ ਭਗਵੰਤ ਮਾਨ ਸਰਕਾਰ ਨੇ ਸਿਰਫ਼ ਸਾਢੇ ਚਾਰ ਸਾਲਾਂ ਵਿੱਚ ਕਰ ਵਿਖਾਇਆ: ਹਰਜੋਤ ਸਿੰਘ ਬੈਂਸ

ਪਿਛਲੀਆਂ ਸਰਕਾਰਾਂ ਜੋ ਦਹਾਕਿਆਂ ਵਿੱਚ ਨਾ ਕਰ ਸਕੀਆਂ, ਉਹ ਭਗਵੰਤ ਮਾਨ ਸਰਕਾਰ ਨੇ ਸਿਰਫ਼ ਸਾਢੇ ਚਾਰ ਸਾਲਾਂ ਵਿੱਚ ਕਰ ਵਿਖਾਇਆ: ਹਰਜੋਤ ਸਿੰਘ ਬੈਂਸ

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਪ੍ਰਤੀ ਸਕੂਲ ਔਸਤਨ 15 ਲੱਖ ਰੁਪਏ ਬਣਦਾ ਹੈ। ਇਸ ਵੱਡੇ ਨਿਵੇਸ਼ ਕਾਰਨ 13,920 ਨਵੇਂ ਪਖਾਨੇ ਉਸਾਰੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਸਕੂਲ ਵਿੱਚ ਵਰਤੋਂ-ਯੋਗ ਪਖਾਨੇ ਉਪਲਬਧ ਹਨ।

Date Updated Last Updated : 19 August 2026, 10:49 AM IST
Share:

 ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਸੂਬੇ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਹੋਈਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕੀਤਾ ਹੈ, ਜੋ ਦਹਾਕਿਆਂ ਤੋਂ ਉਪੇਖਿਤ ਰਹੀ ਸੀ। ਉਨ੍ਹਾਂ ਕਿਹਾ ਕਿ ਨੀਤੀ ਆਯੋਗ ਦੀ 2026-27 ਦੀ ਰਿਪੋਰਟ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜ ਕੇ ਸਕੂਲੀ ਸਿੱਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਪ੍ਰਤੀ ਸਕੂਲ ਔਸਤਨ 15 ਲੱਖ ਰੁਪਏ ਬਣਦਾ ਹੈ। ਇਸ ਵੱਡੇ ਨਿਵੇਸ਼ ਕਾਰਨ 13,920 ਨਵੇਂ ਪਖਾਨੇ ਉਸਾਰੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਸਕੂਲ ਵਿੱਚ ਵਰਤੋਂ-ਯੋਗ ਪਖਾਨੇ ਉਪਲਬਧ ਹਨ। ਇਸ ਤੋਂ ਇਲਾਵਾ 2 ਲੱਖ ਬੈਂਚ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਫ਼ਰਸ਼ 'ਤੇ ਨਾ ਬੈਠਣਾ ਪਵੇ।

ਡਿਜੀਟਲੀਕਰਨ ਅਤੇ ਆਧੁਨਿਕ ਸਹੂਲਤਾਂ

ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਡਿਜੀਟਲ ਕ੍ਰਾਂਤੀ ਆ ਚੁੱਕੀ ਹੈ। 10,000 ਤੋਂ ਵੱਧ ਇੰਟਰਐਕਟਿਵ ਪੈਨਲ ਲਗਾਏ ਗਏ ਹਨ ਅਤੇ 5,012 ਸਕੂਲਾਂ ਨੂੰ ਐਡਵਾਂਸਡ ਕੰਪਿਊਟਰ ਲੈਬਾਂ ਨਾਲ ਅਪਗ੍ਰੇਡ ਕੀਤਾ ਗਿਆ ਹੈ। ਸਾਰੇ ਸਰਕਾਰੀ ਸਕੂਲ ਹੁਣ ਵਾਈ-ਫਾਈ ਸਹੂਲਤ ਨਾਲ ਲੈਸ ਹਨ। 99.9 ਫੀਸਦ ਸਕੂਲਾਂ ਦੀਆਂ ਚਾਰਦੀਵਾਰੀਆਂ ਬਣ ਚੁੱਕੀਆਂ ਹਨ ਅਤੇ 9,000 ਨਵੇਂ ਕਲਾਸਰੂਮ ਤੇ ਲੈਬਾਂ ਦਾ ਨਿਰਮਾਣ ਕੀਤਾ ਗਿਆ ਹੈ।

ਖੇਡ ਸਹੂਲਤਾਂ ਅਤੇ ਪਾਠ-ਪੁਸਤਕਾਂ ਸਮੇਂ ਸਿਰ

ਸਰਕਾਰੀ ਸਕੂਲਾਂ ਵਿੱਚ ਹੁਣ ਸਵੀਮਿੰਗ ਪੂਲ, ਸ਼ੂਟਿੰਗ ਰੇਂਜ, ਬਾਸਕਟਬਾਲ ਅਤੇ ਟੈਨਿਸ ਕੋਰਟ, ਕਬੱਡੀ ਮੈਟ, ਕੁਸ਼ਤੀ ਅਤੇ ਬਾਕਸਿੰਗ ਰਿੰਗ ਵਰਗੀਆਂ ਸਹੂਲਤਾਂ ਉਪਲਬਧ ਹਨ, ਜੋ ਪਹਿਲਾਂ ਸਿਰਫ਼ ਮਹਿੰਗੇ ਪ੍ਰਾਈਵੇਟ ਸੰਸਥਾਨਾਂ ਵਿੱਚ ਹੁੰਦੀਆਂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵਿਦਿਆਰਥੀਆਂ ਨੂੰ ਕਿਤਾਬਾਂ 5 ਮਹੀਨੇ ਦੇਰੀ ਨਾਲ ਮਿਲਦੀਆਂ ਸਨ, ਪਰ ਹੁਣ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਅਧਿਆਪਕ ਸਿਖਲਾਈ ਅਤੇ ਸੁਰੱਖਿਆ ਪ੍ਰਬੰਧ

ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ ਲਈ ਵਿਸ਼ੇਸ਼ ਪਹਿਲ ਕੀਤੀ ਗਈ। ਪ੍ਰਿੰਸੀਪਲਾਂ ਨੂੰ ਸਿੰਗਾਪੁਰ, ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਅਤੇ ਮੁੱਖ ਅਧਿਆਪਕਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਸਿਖਲਾਈ ਲਈ ਭੇਜਿਆ ਗਿਆ। ਸੁਰੱਖਿਆ ਲਈ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਾਬਕਾ ਫੌਜੀ ਕੈਂਪਸ ਮੈਨੇਜਰ ਵਜੋਂ ਤਾਇਨਾਤ ਕੀਤੇ ਗਏ ਹਨ, ਅਤੇ 500 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਦੋ ਸੁਰੱਖਿਆ ਗਾਰਡ ਦਿੱਤੇ ਗਏ ਹਨ। ਨਾਲ ਹੀ ਸਕੂਲਾਂ ਨੂੰ ਵਿਦਿਆਰਥੀ ਗਿਣਤੀ ਮੁਤਾਬਕ 3,000 ਤੋਂ 50,000 ਰੁਪਏ ਤੱਕ ਦਾ ਮਹੀਨਾਵਾਰ ਸਫ਼ਾਈ ਫੰਡ ਵੀ ਮੁਹੱਈਆ ਕੀਤਾ ਜਾ ਰਿਹਾ ਹੈ।

ਅਕਾਦਮਿਕ ਨਤੀਜਿਆਂ ਵਿੱਚ ਸ਼ਾਨਦਾਰ ਸੁਧਾਰ

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ ਜੇ.ਈ.ਈ. ਅਤੇ 2,166 ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ। ਨੀਟ-ਯੂਜੀ ਪਾਸ ਕਰਨ ਵਾਲਿਆਂ ਦੀ ਗਿਣਤੀ 2021 ਵਿੱਚ 80 ਤੋਂ ਵਧ ਕੇ 2026 ਵਿੱਚ 882 ਹੋ ਗਈ, ਜੋ ਕਿ 10 ਗੁਣਾ ਤੋਂ ਵੀ ਵੱਧ ਵਾਧਾ ਹੈ। 361 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਅਤੇ 64 ਨੇ ਜੇਈਈ ਐਡਵਾਂਸਡ ਪਾਸ ਕੀਤੀ।

ਪ੍ਰਾਈਵੇਟ ਤੋਂ ਸਰਕਾਰੀ ਵੱਲ ਵਧ ਰਿਹਾ ਰੁਝਾਨ

ਸਭ ਤੋਂ ਅਹਿਮ ਗੱਲ ਇਹ ਹੈ ਕਿ 2022 ਤੋਂ ਹੁਣ ਤੱਕ 3.64 ਲੱਖ ਵਿਦਿਆਰਥੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਹਨ। ਸਿੱਖਿਆ ਮੰਤਰੀ ਨੇ ਇਸ ਨੂੰ ਆਮ ਲੋਕਾਂ ਦੇ ਵਧ ਰਹੇ ਭਰੋਸੇ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕਾਂ ਨੇ 'ਆਪ' ਨੂੰ 92 ਸੀਟਾਂ ਦੇ ਕੇ ਆਪਣੀ ਅਗਾਂਹਵਧੂ ਸੋਚ ਦਾ ਸਬੂਤ ਦਿੱਤਾ, ਜਿਸ ਕਾਰਨ ਸਰਕਾਰ ਇਹ ਸੁਧਾਰ ਲਿਆ ਸਕੀ।

ਏ.ਆਈ. ਵਿੱਚ ਪੰਜਾਬ ਦਾ ਪਹਿਲਾ ਸਥਾਨ

ਸ. ਬੈਂਸ ਨੇ ਦੱਸਿਆ ਕਿ ਪੰਜਾਬ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਮੁੱਖ ਵਿਸ਼ੇ ਵਜੋਂ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। 'ਬਿਜ਼ਨਸ ਬਲਾਸਟਰਜ਼' ਪ੍ਰੋਗਰਾਮ ਤਹਿਤ 2.30 ਲੱਖ ਵਿਦਿਆਰਥੀਆਂ ਨੂੰ ਕਾਰੋਬਾਰੀ ਤਜਰਬਾ ਦਿੱਤਾ ਗਿਆ, ਜਿਸ ਲਈ ਸਰਕਾਰ ਨੇ 29 ਕਰੋੜ ਰੁਪਏ ਸੀਡ ਮਨੀ ਦਿੱਤੀ ਅਤੇ ਵਿਦਿਆਰਥੀਆਂ ਨੇ 3 ਕਰੋੜ ਰੁਪਏ ਦਾ ਮੁਨਾਫਾ ਕਮਾਇਆ।

ਹੜ੍ਹਾਂ ਦੇ ਬਾਵਜੂਦ ਵਚਨਬੱਧਤਾ

ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ 2023 ਅਤੇ 2025 ਦੇ ਭਿਆਨਕ ਹੜ੍ਹਾਂ ਨੇ 7,000 ਸਕੂਲਾਂ ਨੂੰ ਨੁਕਸਾਨ ਪਹੁੰਚਾਇਆ, ਪਰ ਸਰਕਾਰ ਨੇ ਹੌਸਲਾ ਨਹੀਂ ਹਾਰਿਆ। ਵਿਸ਼ਵ ਬੈਂਕ ਦੇ ਸਹਿਯੋਗ ਨਾਲ 500 ਬੁਰੀ ਤਰ੍ਹਾਂ ਪ੍ਰਭਾਵਿਤ ਸਕੂਲਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਜੋ ਛੇ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗੀ।

ਭਵਿੱਖ ਦਾ ਸੁਪਨਾ

ਆਪਣੇ ਜਜ਼ਬੇ ਦਾ ਜ਼ਿਕਰ ਕਰਦਿਆਂ ਸ. ਬੈਂਸ ਨੇ ਕਿਹਾ, “ਮੈਂ ਹੁਣ ਤੱਕ 2,000 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ ਹੈ। ਮੇਰਾ ਮਿਸ਼ਨ ਹੈ ਕਿ ਦੋ ਸਾਲਾਂ ਵਿੱਚ ਪੰਜਾਬ ਪਹਿਲਾ ਸੂਬਾ ਬਣੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਸਿੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।”

Tags :

Recent News