Weather Report: ਪੰਜਾਬ ਵਿੱਚ ਮੌਸਮ ਨੇ ਕਰਵਚ ਬਦਲਣੀ ਸ਼ੁਰੂ ਕਰ ਦਿੱਤੀ ਹੈ। ਹੁਣ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਬੁੱਧਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਰਾਜ ਵਿੱਚ ਗਰਮੀ ਵਧ ਗਈ। ਮੌਸਮ ਵਿਭਾਗ ਦੇ ਅਨੁਸਾਰ, ਰਾਜ ਦਾ ਔਸਤ ਤਾਪਮਾਨ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਬਠਿੰਡਾ ਵਿੱਚ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 32.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਿਛਲੇ ਦਿਨਾਂ ਵਿੱਤ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਸੀ। ਵਿਭਾਗ ਦੇ ਅਨੁਸਾਰ ਪਿਛਲੇ ਦਿਨਾਂ ਵਿੱਚ ਪੱਛਮੀ ਗੜਬੜੀ ਸਰਗਰਮ ਸੀ। ਜਿਸ ਕਾਰਨ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਮੀਂਹ ਸਬੰਧੀ ਪੀਲਾ ਅਲਰਟ ਜਾਰੀ ਕੀਤਾ ਸੀ, ਪਰ ਨਾ ਤਾਂ ਮੀਂਹ ਪਿਆ ਅਤੇ ਨਾ ਹੀ ਗਰਮੀ ਤੋਂ ਕੋਈ ਰਾਹਤ ਮਿਲੀ। ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਕੋਈ ਵੀ ਸੰਭਾਵਨਾਂ ਨਹੀਂ ਹੈ।
ਮੌਸਮ ਵਿਭਾਗ ਦੇ ਅਨੁਸਾਰ, ਇਸ ਸਮੇਂ ਕੋਈ ਪੱਛਮੀ ਗੜਬੜੀ ਸਰਗਰਮ ਨਹੀਂ ਹੈ, ਜਿਸ ਕਾਰਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਹੋਰ ਵਧ ਸਕਦਾ ਹੈ। ਗਰਮੀ ਦਾ ਪ੍ਰਭਾਵ ਖਾਸ ਕਰਕੇ ਦੁਪਹਿਰ ਵੇਲੇ ਵਧੇਰੇ ਮਹਿਸੂਸ ਕੀਤਾ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਤਾਪਮਾਨ ਹੌਲੀ-ਹੌਲੀ ਵਧੇਗਾ ਅਤੇ ਅਗਲੇ ਹਫ਼ਤੇ ਤੱਕ ਇਹ ਕਈ ਥਾਵਾਂ 'ਤੇ 34°C ਤੋਂ 36°C ਤੱਕ ਪਹੁੰਚ ਸਕਦਾ ਹੈ। ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਜ਼ ਧੁੱਪ ਅਤੇ ਵਧਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।