menu-icon
Punjabi Story Line
  • Home
  • News
  • Punjab
  • ਪਤਨੀ ਦੀ ਨਸ਼ੇ ਦੀ ਆਦਤ ਨੇ 7.6 ਫੁੱਟ ਲੰਬੇ ਸਾਬਕਾ ਕਾਂਸਟੇਬਲ ਨੂੰ ਬਣਾ ਦਿੱਤਾ ਨਸ਼ਾ ਤਸਕਰ

ਪਤਨੀ ਦੀ ਨਸ਼ੇ ਦੀ ਆਦਤ ਨੇ 7.6 ਫੁੱਟ ਲੰਬੇ ਸਾਬਕਾ ਕਾਂਸਟੇਬਲ ਨੂੰ ਬਣਾ ਦਿੱਤਾ ਨਸ਼ਾ ਤਸਕਰ

ਆਪਣੇ 7.6 ਫੁੱਟ ਲੰਬੇ ਕੱਦ ਕਾਰਨ ਅਮਰੀਕਾ ਦੇ ਗੌਟ ਟੈਲੇਂਟ ਵਿੱਚ ਪਹੁੰਚ ਕੇ ਵਿਸ਼ਵ ਭਰ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲਾ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੁਣ ਸਲਾਖਾਂ ਪਿੱਛੇ ਹੈ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਪੁੱਛਗਿੱਛ ਦੌਰਾਨ ਜਗਦੀਪ ਨੇ ਦੱਸਿਆ ਕਿ ਉਸ ਦੀ ਪਤਨੀ ਨਸ਼ੇ ਦੀ ਆਦੀ ਹੋ ਗਈ ਸੀ।

Date Updated Last Updated : 18 December 2023, 12:39 PM IST
Share:

ਹਾਈਲਾਈਟਸ

  • ਪਰਿਵਾਰ ਦੇ ਨੈੱਟਵਰਕ ਦੀ ਵਰਤੋਂ ਕਰਕੇ ਇਸ ਕੰਮ ਵਿੱਚ ਆਇਆ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ 500 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਅੰਮ੍ਰਿਤਸਰ ਦੇ ਪਿੰਡ ਜਠੋਲ ਦੇ ਰਹਿਣ ਵਾਲੇ ਜਗਦੀਪ ਸਿੰਘ ਨੇ ਪਤਨੀ ਦੀ ਨਸ਼ੇ ਦੀ ਆਦਤ ਦੇ ਕਾਰਨ ਤਸਕਰੀ ਦਾ ਧੰਦਾ ਅਪਣਾਇਆ ਸੀ। ਉਸਨੇ ਨੇ ਕਰੀਬ 21 ਸਾਲ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾ ਨਿਭਾਈ। ਉਸਦਾ ਪਰਿਵਾਰ ਵੀ ਨਸ਼ਾ ਤਸਕਰੀ ਦੇ ਨਾਲ ਜੁੜਿਆ ਹੋਇਆ ਹੈ। ਉਸਦਾ ਪਿਤਾ ਸੁਖਦੇਵ ਅਤੇ ਭਰਾ ਮਲਕੀਤ ਦੋਵੇਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਸਨ। ਪਿਤਾ ਜੇਲ੍ਹ ਵਿੱਚ ਹੈ ਅਤੇ ਭਰਾ ਫਰਾਰ ਹੈ। ਉਹ ਉਨ੍ਹਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਇਸ ਕੰਮ ਵਿੱਚ ਆਇਆ ਸੀ।

 

ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ

ਜਦੋਂ ਜਗਦੀਪ ਨੂੰ ਨਸ਼ੇ ਦਾ ਫਾਇਦਾ ਹੋਣ ਲੱਗਾ ਤਾਂ ਉਸ ਨੇ ਪੁਲਸ ਦੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਜਗਦੀਪ ਨੇ ਪਰਿਵਾਰਕ ਕਾਰਨਾਂ ਕਰਕੇ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਪਾਕਿਸਤਾਨ ਦੇ ਦੋ ਨਸ਼ਾ ਤਸਕਰਾਂ ਬਾਬਾ ਇਮਰਾਲ ਅਤੇ ਅਲੀ ਸ਼ਾਹ ਨਾਲ ਜੁੜ ਗਿਆ। ਉਹ ਹਮੇਸ਼ਾ 500 ਗ੍ਰਾਮ ਤੋਂ ਲੈ ਕੇ 1 ਕਿਲੋਗ੍ਰਾਮ ਤੱਕ ਦੀਆਂ ਖੇਪਾਂ ਦਾ ਆਰਡਰ ਦਿੰਦਾ ਸੀ, ਤਾਂ ਜੋ ਇਸ ਨੂੰ ਆਸਾਨੀ ਨਾਲ ਲੁਕਵੇਂ ਬਾਰਡਰ ਤੋਂ ਪੰਜਾਬ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੱਕ ਪਹੁੰਚਾਇਆ ਜਾ ਸਕੇ।

 

ਨੌਕਰੀ ਦੌਰਾਨ ਸ਼ੁਰੂ ਕੀਤੀ ਤਸਕਰੀ

ਜਗਦੀਪ ਨੇ ਪੰਜਾਬ ਪੁਲਿਸ ਵਿੱਚ ਰਹਿੰਦਿਆਂ ਹੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਨੌਕਰੀ ਛੱਡਣ ਤੋਂ ਬਾਅਦ ਵੀ ਉਹ ਆਪਣੇ ਲੰਬੇ ਕੱਦ ਕਾਰਨ ਸਾਰਿਆਂ ਵਿਚ ਮਸ਼ਹੂਰ ਸੀ। ਇਸ ਦੀ ਆੜ ਵਿੱਚ ਉਹ ਬਾਰਡਰ ਤੋਂ ਖੇਪ ਚੁੱਕ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਉਸ ਦੀ ਕਾਰ ਨੂੰ ਕਈ ਵਾਰ ਰੋਕਿਆ ਗਿਆ ਪਰ ਉਸ ਦੀ ਸ਼ੋਹਰਤ ਕਾਰਨ ਪੁਲਿਸ ਨੇ ਕਦੀ ਉਸਦੀ ਤਲਾਸ਼ੀ ਨਹੀਂ ਲਈ।

 

ਖਾਲਸਾ ਗਰੁੱਪ ਨਾਲ ਜੁੜ ਕੇ ਸਿੱਖਿਆ ਗੱਤਕਾ

ਆਪਣੇ ਲੰਬੇ ਕੱਦ ਕਾਰਨ ਜਗਦੀਪ ਨੂੰ ਹਮੇਸ਼ਾ ਫਾਇਦਾ ਮਿਲਦਾ ਸੀ। ਉਹ ਗਤਕਾ ਸਿਖਾਉਣ ਵਾਲੇ ਖਾਲਸਾ ਗਰੁੱਪ ਨਾਲ ਜੁੜ ਗਿਆ। ਗੱਤਕਾ ਸਿੱਖਣ ਤੋਂ ਬਾਅਦ ਉਹ ਪਹਿਲੀ ਵਾਰ 2010 ਵਿੱਚ ਇੰਡੀਆਜ਼ ਗੌਟ ਟੈਲੇਂਟ ਤੱਕ ਪਹੁੰਚਿਆ। ਇਸ ਤੋਂ ਬਾਅਦ 2019 ਵਿੱਚ ਉਸ ਨੂੰ ਅਮਰੀਕਾ ਦੇ ਗੌਟ ਟੈਲੇਂਟ ਵਿੱਚ ਜਾਣ ਦਾ ਮੌਕਾ ਮਿਲਿਆ। ਆਪਣੀ ਮਿਹਨਤ ਅਤੇ ਉੱਚੇ ਕੱਦ ਕਾਰਨ ਉਹ ਨੌਜਵਾਨਾਂ ਲਈ ਰੋਲ ਮਾਡਲ ਵੀ ਬਣ ਚੁੱਕਾ ਸੀ ਪਰ ਨਸ਼ੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

 

5 ਦਿਨ ਦੀ ਰਿਮਾਂਡ ਤੇ ਜਗਦੀਪ

ਪੰਜਾਬ ਪੁਲਿਸ ਨੇ ਉਸਨੂੰ ਤਰਨਤਾਰਨ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੰਜਾਬ ਪੁਲਿਸ ਦੀ ਕੋਸ਼ਿਸ਼ ਉਸ ਨਾਲ ਜੁੜੇ ਸਮੱਗਲਰਾਂ ਨੂੰ ਫੜਨ ਦੀ ਹੈ। ਪੁਲਿਸ ਉਸ ਕੋਲੋਂ ਹੈਰੋਇਨ ਦੇ ਖਰੀਦਦਾਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਜਲਦੀ ਹੀ ਇੱਕ ਵੱਡਾ ਨੈੱਟਵਰਕ ਤੋੜਨ ਵਿੱਚ ਕਾਮਯਾਬ ਹੋ ਸਕਦੀ ਹੈ।

Recent News