Courtesy: X@RajpalShiv46534
ਨਵੀਂ ਦਿੱਲੀ. 2027 ਵਿੱਚ ਹੋਣ ਵਾਲੇ ਵਨਡੇ ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਅਗਲੇ ਸਾਲ ਅਫਰੀਕਾ ਵਿੱਚ ਹੋਣ ਵਾਲੇ ਇਸ ਵੱਡੇ ਟੂਰਨਾਮੈਂਟ ਦੀ ਸ਼ੁਰੂਆਤ 2 ਅਕਤੂਬਰ 2027, ਯਾਨੀ ਮਹਾਤਮਾ ਗਾਂਧੀ ਦੀ ਜਯੰਤੀ ਵਾਲੇ ਦਿਨ ਹੋ ਸਕਦੀ ਹੈ। ਹਾਲਾਂਕਿ, ICC ਨੇ ਅਜੇ ਤੱਕ ਟੂਰਨਾਮੈਂਟ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਜੇਕਰ 2 ਅਕਤੂਬਰ ਨੂੰ ਟੂਰਨਾਮੈਂਟ ਸ਼ੁਰੂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਸਿਰਫ਼ ਕ੍ਰਿਕਟ ਦੇ ਨਜ਼ਰੀਏ ਨਾਲ ਹੀ ਨਹੀਂ, ਸਗੋਂ ਇਤਿਹਾਸਕ ਅਤੇ ਪ੍ਰਤੀਕਾਤਮਕ ਤੌਰ ’ਤੇ ਵੀ ਖਾਸ ਹੋਵੇਗਾ।
ਸ਼ੁਰੂਆਤੀ ਯੋਜਨਾ ਮੁਤਾਬਕ 2027 ਵਨਡੇ ਵਰਲਡ ਕੱਪ ਦੀ ਸ਼ੁਰੂਆਤ 8 ਅਕਤੂਬਰ 2027 ਨੂੰ ਹੋਣੀ ਸੀ। ਇਸ ਤੋਂ ਪਹਿਲਾਂ 1 ਤੋਂ 7 ਅਕਤੂਬਰ ਤੱਕ ਅਭਿਆਸ ਮੈਚ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ। ਹਲਾਂਕਿ, ਹੁਣ ਇਸਦੀ ਤਾਰੀਖ ਵਿੱਚ ਬਦਲਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵੀ ਯੋਜਨਾ ਮੁਤਾਬਕ, ਟੂਰਨਾਮੈਂਟ 2 ਅਕਟੂਬਰ ਨੂੰ ਸ਼ੁਰੂ ਹੋ ਸਕਦਾ ਹੈ। ਫਿਲਹਾਲ ਵਰਲਡ ਕੱਪ ਦਾ ਫਾਈਨਲ 21 ਨਵੰਬਰ 2027 ਨੂੰ ਹੋਣ ਦੀ ਉਮੀਦ ਹੈ। ਜੇਕਰ ਇਹ ਸਮਾਂ-ਸਾਰਣੀ ਕਾਇਮ ਰਹਿੰਦੀ ਹੈ ਤਾਂ 14 ਟੀਮਾਂ ਵਾਲਾ ਇਹ ਟੂਰਨਾਮੈਂਟ ਲਗਭਗ 50 ਦਿਨਾਂ ਤੱਕ ਚੱਲ ਸਕਦਾ ਹੈ।
2027 ਵਨਡੇ ਵਰਲਡ ਕੱਪ ਦੀ ਮੇਜ਼ਬਾਨੀ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਨੂੰ ਮਿਲੀ ਹੈ। ਇਸ ਲਈ ਤਿੰਨੋਂ ਦੇਸ਼ਾਂ ਵਿੱਚ ਕੁੱਲ 12 ਵੇਨਿਊ ਚੁਣੇ ਗਏ ਹਨ।
ਦੱਖਣੀ ਅਫਰੀਕਾ ਵਿੱਚ ਅੱਠ ਸ਼ਹਿਰਾਂ ਨੂੰ ਮੈਚਾਂ ਦੀ ਮੇਜ਼ਬਾਨੀ ਮਿਲੇਗੀ। ਇਨ੍ਹਾਂ ਵਿੱਚ ਜੋਹਾਨਿਸਬਰਗ ਦਾ ਵਾਂਡਰਰਜ਼ ਸਟੇਡੀਅਮ, ਸੈਂਚੁਰੀਅਨ, ਕੇਪ ਟਾਊਨ ਦਾ ਨਿਊਲੈਂਡਜ਼ ਕ੍ਰਿਕਟ ਗਰਾਊਂਡ, ਡਰਬਨ ਦਾ ਕਿੰਗਸਮੀਡ ਕ੍ਰਿਕਟ ਗਰਾਊਂਡ, ਗਕਬਰਹਾ ਦਾ ਸੇਂਟ ਜਾਰਜ ਪਾਰਕ, ਬਲੋਮਫੋਂਟੇਨ ਦਾ ਮੰਗਾਊਂਗ ਓਵਲ, ਪਾਰਲ ਦਾ ਬੋਲੈਂਡ ਪਾਰਕ ਅਤੇ ਪੂਰਬੀ ਲੰਡਨ ਦਾ ਬਫੇਲੋ ਪਾਰਕ ਸ਼ਾਮਲ ਹਨ। ਦੂਜੇ ਪਾਸੇ, ਜ਼ਿੰਬਾਬਵੇ ਵਿੱਚ ਹਰਾਰੇ ਸਪੋਰਟਸ ਕਲੱਬ, ਬੁਲਾਵਾਯੋ ਦਾ ਕਵੀਨਜ਼ ਸਪੋਰਟਸ ਕਲੱਬ ਅਤੇ ਵਿਕਟੋਰੀਆ ਫਾਲਜ਼ ਦਾ ਮੋਸੀ-ਓਆ-ਤੁਨਿਆ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਮੈਚਾਂ ਦੀ ਮੇਜ਼ਬਾਨੀ ਕਰਨਗੇ। ਜਦੋਂ ਕਿ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਸਥਿਤ ਨਾਮੀਬੀਆ ਕ੍ਰਿਕਟ ਗਰਾਊਂਡ ਨੂੰ 12ਵੇਂ ਵੇਨਿਊ ਵਜੋਂ ਚੁਣਿਆ ਗਿਆ ਹੈ।
2027 ਦੇ ਵਨਡੇ ਵਰਲਡ ਕੱਪ ਵਿੱਚ ਸਿਰਫ਼ ਤਾਰੀਖਾਂ ਹੀ ਨਹੀਂ, ਸਗੋਂ ਟੂਰਨਾਮੈਂਟ ਦੇ ਫਾਰਮੈਟ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਨਵੇਂ ਫਾਰਮੈਟ ਅਨੁਸਾਰ ਸਭ ਤੋਂ ਹੇਠਲੇ ਪੱਧਰ ਦੀਆਂ ਤਿੰਨ ਟੀਮਾਂ ਪਹਿਲਾਂ ਇੱਕ ਮਿਨੀ-ਲੀਗ ਖੇਡਣਗੀਆਂ। ਇਸ ਪੜਾਅ ਨੂੰ ਸੁਪਰ ਸੀਰੀਜ਼ ਕਿਹਾ ਜਾਵੇਗਾ। ਇਸ ਪੜਾਅ ਦੀ ਜੇਤੂ ਟੀਮ ਮੁੱਖ ਟੂਰਨਾਮੈਂਟ ਵਿੱਚ ਪਹਿਲਾਂ ਤੋਂ ਜਗ੍ਹਾ ਬਣਾਉਣ ਵਾਲੀਆਂ 11 ਟੀਮਾਂ ਨਾਲ ਜੁੜ ਕੇ 12 ਟੀਮਾਂ ਦੇ ਮੁੱਖ ਮੁਕਾਬਲੇ ਦਾ ਹਿੱਸਾ ਬਣੇਗੀ।
ਦੱਸ ਦੇਈਏ, 2027 ਦੇ ਵਰਲਡ ਕੱਪ ਲਈ ਹੁਣ ਤੱਕ 10 ਟੀਮਾਂ ਆਪਣੀ ਜਗ੍ਹਾ ਪੱਕੀ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚ ਸਹਿ-ਮੇਜ਼ਬਾਨ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਤੋਂ ਇਲਾਵਾ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਇੰਗਲੈਂਡ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਸ਼ਾਮਲ ਹਨ। ਬਾਕੀ ਚਾਰ ਟੀਮਾਂ ਦਾ ਫੈਸਲਾ ਕੁਆਲੀਫਾਇਰ ਮੁਕਾਬਲਿਆਂ ਰਾਹੀਂ ਹੋਵੇਗਾ। ਇਨ੍ਹਾਂ ਕੁਆਲੀਫਾਇਰ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚ ਸਹਿ-ਮੇਜ਼ਬਾਨ ਨਾਮੀਬੀਆ ਤੋਂ ਇਲਾਵਾ ਵੈਸਟਇੰਡੀਜ਼ ਅਤੇ ਆਇਰਲੈਂਡ ਵੀ ਸ਼ਾਮਲ ਹਨ।
ਦਰਅਸਲ, 2 ਅਕਤੂਬਰ ਭਾਰਤ ਵਿੱਚ ਮਹਾਤਮਾ ਗਾਂਧੀ ਦੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਗਾਂਧੀ ਜੀ ਨੇ ਅਹਿੰਸਾ, ਸ਼ਾਂਤੀ ਅਤੇ ਸੱਚ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚਾਇਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਲਗਭਗ 21 ਸਾਲ ਦੱਖਣੀ ਅਫਰੀਕਾ ਵਿੱਚ ਬਿਤਾਏ ਸਨ। ਉੱਥੇ ਹੀ ਉਨ੍ਹਾਂ ਨੇ ਨਸਲੀ ਭੇਦਭਾਵ ਦਾ ਸਾਹਮਣਾ ਕੀਤਾ ਅਤੇ ਬਾਅਦ ਵਿੱਚ ਸਤਿਆਗ੍ਰਹਿ ਵਰਗੇ ਵਿਚਾਰਾਂ ਨੂੰ ਵਿਕਸਤ ਕੀਤਾ। ਇਸ ਕਰਕੇ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀ ਸ਼ੁਰੂਆਤ ਗਾਂਧੀ ਜਯੰਤੀ ਦੇ ਦਿਨ ਕਰਨਾ ਇੱਕ ਪ੍ਰਤੀਕਾਤਮਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।