menu-icon
Punjabi Story Line
  • Home
  • News
  • Sports
  • ਪਾਕਿਸਤਾਨੀ ਕ੍ਰਿਕਟਰ ਮੁਹੰਮਦ ਨਵਾਜ਼ ਡੋਪਿੰਗ ਮਾਮਲੇ 'ਚ ਦੋਸ਼ੀ, ICC ਨੇ ਲਗਾਈ ਪਾਬੰਦੀ, T20 ਵਰਲਡ ਕੱਪ ਦੌਰਾਨ ਹੋਇਆ ਸੀ ਟੈਸਟ

ਪਾਕਿਸਤਾਨੀ ਕ੍ਰਿਕਟਰ ਮੁਹੰਮਦ ਨਵਾਜ਼ ਡੋਪਿੰਗ ਮਾਮਲੇ 'ਚ ਦੋਸ਼ੀ, ICC ਨੇ ਲਗਾਈ ਪਾਬੰਦੀ, T20 ਵਰਲਡ ਕੱਪ ਦੌਰਾਨ ਹੋਇਆ ਸੀ ਟੈਸਟ

ਪਾਕਿਸਤਾਨ ਕ੍ਰਿਕਟ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਆਲਰਾਊਂਡਰ ਮੁਹੰਮਦ ਨਵਾਜ਼ ਨੂੰ ਡੋਪਿੰਗ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਉਨ੍ਹਾਂ 'ਤੇ ਤਿੰਨ ਮਹੀਨਿਆਂ ਦੀ ਪਾਬੰਦੀ ਲਗਾਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਵਾਜ਼ ਦਾ ਡੋਪ ਟੈਸਟ T20 ਵਰਲਡ ਕੱਪ 2026 ਦੌਰਾਨ ਲਿਆ ਗਿਆ ਸੀ।

Date Updated Last Updated : 17 July 2026, 03:54 PM IST
Share:

ICC ਮੁਤਾਬਕ ਮੁਹੰਮਦ ਨਵਾਜ਼ ਦਾ ਡੋਪ ਟੈਸਟ T20 ਵਰਲਡ ਕੱਪ 2026 ਵਿੱਚ ਪਾਕਿਸਤਾਨ ਅਤੇ ਨੀਦਰਲੈਂਡ ਵਿਚਾਲੇ ਖੇਡੇ ਗਏ ਪਹਿਲੇ ਮੈਚ ਤੋਂ ਬਾਅਦ ਕੀਤਾ ਗਿਆ ਸੀ। ਇਹ ਟੂਰਨਾਮੈਂਟ ਭਾਰਤ ਅਤੇ ਸ੍ਰੀਲੰਕਾ ਵਿੱਚ ਕਰਵਾਇਆ ਗਿਆ ਸੀ ਅਤੇ ਪਾਕਿਸਤਾਨ ਨੇ ਆਪਣਾ ਪਹਿਲਾ ਮੈਚ 7 ਫ਼ਰਵਰੀ ਨੂੰ ਕੋਲੰਬੋ ਵਿੱਚ ਖੇਡਿਆ ਸੀ। ਵਿਸ਼ਵ ਐਂਟੀ ਡੋਪਿੰਗ ਨਿਯਮਾਂ ਤਹਿਤ ਟੂਰਨਾਮੈਂਟ ਦੌਰਾਨ ਕਿਸੇ ਵੀ ਖਿਡਾਰੀ ਦਾ ਮੈਚ ਤੋਂ ਬਾਅਦ ਡੋਪ ਟੈਸਟ ਕੀਤਾ ਜਾ ਸਕਦਾ ਹੈ।

ਸੈਂਪਲ ਵਿੱਚ ਮਿਲਿਆ ਪਾਬੰਦੀਸ਼ੁਦਾ ਪਦਾਰਥ

ICC ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵਾਜ਼ ਦੇ ਸੈਂਪਲ ਵਿੱਚ ਕਾਰਬੋਕਸੀ-THC (Carboxy-THC) ਨਾਂ ਦਾ ਪਾਬੰਦੀਸ਼ੁਦਾ ਪਦਾਰਥ ਮਿਲਿਆ, ਜੋ ICC ਦੇ ਐਂਟੀ ਡੋਪਿੰਗ ਕੋਡ ਦੀ ਉਲੰਘਣਾ ਹੈ। 32 ਸਾਲਾ ਸਪਿਨਰ ਨੇ ਦੋਸ਼ ਸਵੀਕਾਰ ਕਰਦਿਆਂ ਕਿਹਾ ਕਿ ਇਹ ਪਦਾਰਥ ਉਨ੍ਹਾਂ ਨੇ ਟੂਰਨਾਮੈਂਟ ਤੋਂ ਪਹਿਲਾਂ ਵਰਤਿਆ ਸੀ ਅਤੇ ਇਸ ਦਾ ਮਕਸਦ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਨਹੀਂ ਸੀ।

ICC ਨੇ ਸੁਣਾਈ ਤਿੰਨ ਮਹੀਨਿਆਂ ਦੀ ਸਜ਼ਾ

ਡੋਪਿੰਗ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ICC ਨੇ ਮੁਹੰਮਦ ਨਵਾਜ਼ 'ਤੇ ਤਿੰਨ ਮਹੀਨਿਆਂ ਦੀ ਪਾਬੰਦੀ ਲਗਾਈ ਹੈ। ਇਹ ਪਾਬੰਦੀ 1 ਮਈ 2026 ਤੋਂ ਲਾਗੂ ਮੰਨੀ ਗਈ ਹੈ। ICC ਅਨੁਸਾਰ ਨਵਾਜ਼ ਉਸੇ ਸਮੇਂ ਤੋਂ ਅਸਥਾਈ ਮੁਅੱਤਲੀ ਭੁਗਤ ਰਹੇ ਸਨ। ਉਨ੍ਹਾਂ ਨੇ ICC ਦੇ ਡੋਪਿੰਗ ਰੀਹੈਬਿਲੀਟੇਸ਼ਨ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ, ਜਿਸ ਕਾਰਨ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ।

ਰੀਹੈਬਿਲੀਟੇਸ਼ਨ ਪੂਰਾ ਕਰਨ ਤੋਂ ਬਾਅਦ ਹੀ ਮਿਲੇਗੀ ਪੂਰੀ ਰਾਹਤ

ICC ਨੇ ਸਪੱਸ਼ਟ ਕੀਤਾ ਹੈ ਕਿ ਨਵਾਜ਼ ਨੂੰ ਰੀਹੈਬਿਲੀਟੇਸ਼ਨ ਪ੍ਰੋਗਰਾਮ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਬਾਕੀ ਰਹਿੰਦੀ ਪਾਬੰਦੀ ਪੂਰੀ ਤਰ੍ਹਾਂ ਖਤਮ ਮੰਨੀ ਜਾਵੇਗੀ। ਜੇਕਰ ਉਹ ਪ੍ਰੋਗਰਾਮ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਤਾਂ ਹੀ ਉਨ੍ਹਾਂ ਨੂੰ ਮੁੜ ਪੂਰੀ ਤਰ੍ਹਾਂ ਕ੍ਰਿਕਟ ਖੇਡਣ ਦੀ ਮਨਜ਼ੂਰੀ ਮਿਲੇਗੀ।

ਰਿਕਾਰਡ ਵੀ ਕੀਤੇ ਗਏ ਰੱਦ

ICC ਨੇ ਇਹ ਵੀ ਦੱਸਿਆ ਕਿ ਪਾਕਿਸਤਾਨ-ਨੀਦਰਲੈਂਡ ਮੈਚ ਤੋਂ ਲੈ ਕੇ 1 ਮਈ 2026 ਤੱਕ ਮੁਹੰਮਦ ਨਵਾਜ਼ ਵੱਲੋਂ ਖੇਡੇ ਗਏ ਸਾਰੇ ਮੁਕਾਬਲਿਆਂ ਦੇ ਅੰਕੜੇ ਰੱਦ ਕਰ ਦਿੱਤੇ ਗਏ ਹਨ। ਇਸ ਵਿੱਚ ਉਨ੍ਹਾਂ ਦੇ ਬਣਾਏ ਦੌੜਾਂ, ਲਈਆਂ ਵਿਕਟਾਂ, ਕੈਚ ਅਤੇ ਹੋਰ ਨਿੱਜੀ ਰਿਕਾਰਡ ਸ਼ਾਮਲ ਹਨ। ਇਸ ਕਾਰਵਾਈ ਨਾਲ ਪਾਕਿਸਤਾਨੀ ਕ੍ਰਿਕਟ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

Recent News