menu-icon
Punjabi Story Line
  • Home
  • News
  • Entertainment
  • Movie Review: ਅਕਸ਼ੈ ਕੁਮਾਰ ਦੀ ਕਾਮੇਡੀ ਦਾ ਤੜਕਾ, 'Welcome To The Jungle' ਹੈ ਪੂਰਾ ਫੈਮਿਲੀ ਐਂਟਰਟੇਨਰ

Movie Review: ਅਕਸ਼ੈ ਕੁਮਾਰ ਦੀ ਕਾਮੇਡੀ ਦਾ ਤੜਕਾ, 'Welcome To The Jungle' ਹੈ ਪੂਰਾ ਫੈਮਿਲੀ ਐਂਟਰਟੇਨਰ

ਨਿਰਦੇਸ਼ਕ ਅਹਿਮਦ ਖ਼ਾਨ ਦੀ 'ਵੈਲਕਮ ਟੂ ਦ ਜੰਗਲ' ਸਿਨੇਮਾਘਰਾਂ ਵਿੱਚ ਪਹੁੰਚ ਚੁੱਕੀ ਹੈ। ਇਹ ਫ਼ਿਲਮ ਗੰਭੀਰ ਸੰਦੇਸ਼ ਦੇਣ ਦੀ ਬਜਾਏ ਦਰਸ਼ਕਾਂ ਨੂੰ ਹਾਸੇ ਅਤੇ ਮਨੋਰੰਜਨ ਦਾ ਭਰਪੂਰ ਤਜਰਬਾ ਦੇਣ 'ਤੇ ਜ਼ੋਰ ਦਿੰਦੀ ਹੈ। ਫਿਲਮ ਨੂੰ ਦਰਸ਼ਕਾਂ ਦਾ ਜ਼ਬਰਦਸਤ ਪਿਆਰ ਮਿਲ ਰਿਹਾ ਹੈ।

Date Updated Last Updated : 26 June 2026, 12:38 PM IST
Share:

ਮੁੰਬਈ. ਅਦਾਕਾਰ ਅਕਸ਼ੈ ਕੁਮਾਰ ਸਟਾਰਰ ਫਿਲਮ 'ਵੈਲਕਮ ਟੂ ਦ ਜੰਗਲ' ਨੂੰ ਲੈ ਕੇ ਦਰਸ਼ਕਾਂ ਨੂੰ ਕਾਫ਼ੀ ਸਮੇਂ ਤੋਂ ਇੰਤਜਾਰ ਸੀ ਤੇ ਅੱਜ ਉਨ੍ਹਾਂ ਦਾ ਇਹ ਇੰਤਜਾਰ ਖ਼ਤਮ ਹੋ ਗਿਆ ਹੈ। 'ਵੈਲਕਮ ਟੂ ਦ ਜੰਗਲ' 26 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ ਹੋ ਗਈ ਹੈ। ਫਿਲਮ ਨੂੰ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦਾ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਫਿਲਮ ਆਪਣੀ ਕਾਮਿਕ ਟਾਈਮਿੰਗ ਅਤੇ ਸਕ੍ਰੀਨਪਲੇ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ, ਢਾਈ ਘੰਟਿਆਂ ਤੋਂ ਵੱਧ ਦਾ ਰਨਟਾਈਮ ਵੀ ਪਲਕ ਝਪਕਦੇ ਹੀ ਲੰਘ ਜਾਂਦਾ ਹੈ। ਤਾਂ ਚੱਲੋ ਆਉ ਇਸੇ ਕੜੀ 'ਚ ਜਾਣਦੇ ਹਾਂ ਫ਼ਿਲਮ ਦਾ ਰਿਵਿਉ...

ਕਹਾਣੀ

ਫ਼ਿਲਮ ਦੀ ਕਹਾਣੀ ਇੱਕ ਅਮੀਰ ਅਤੇ ਚਾਲਾਕ ਸਿਆਸਤਦਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਆਪਣੀ ਬੇਹਿਸਾਬ ਦੌਲਤ ਨੂੰ ਸਰਕਾਰੀ ਜਾਂਚ ਤੋਂ ਬਚਾਉਣ ਦੀ ਚਿੰਤਾ ਹੈ। ਇਸ ਲਈ ਉਹ ਇੱਕ ਅਨੋਖੀ ਯੋਜਨਾ ਬਣਾਉਂਦਾ ਹੈ। ਉਹ ਇੱਕ ਵੱਡੇ ਬਜਟ ਦੀ ਫ਼ਿਲਮ ਬਣਾਉਣ ਦਾ ਨਾਟਕ ਕਰਕੇ ਆਪਣਾ ਕਾਲਾ ਧਨ ਸਫ਼ੈਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਯੋਜਨਾ ਤਹਿਤ ਨਾਕਾਮ ਅਦਾਕਾਰਾਂ, ਸਾਬਕਾ ਗੈਂਗਸਟਰਾਂ ਅਤੇ ਇੱਕ ਨਵੇਂ ਨਿਰਦੇਸ਼ਕ ਨੂੰ ਇਕੱਠਾ ਕਰਕੇ ਇੱਕ ਕਾਲਪਨਿਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਂਦੀ ਹੈ। ਪਰ ਕਹਾਣੀ ਵਿੱਚ ਵੱਡਾ ਮੋੜ ਉਦੋਂ ਆਉਂਦਾ ਹੈ ਜਦੋਂ ਅਚਾਨਕ ਪੂਰੀ ਰਕਮ ਗਾਇਬ ਹੋ ਜਾਂਦੀ ਹੈ। ਹੁਣ ਇਸ ਅਜੀਬ ਟੀਮ ਕੋਲ ਸਿਰਫ਼ 24 ਘੰਟਿਆਂ ਦਾ ਸਮਾਂ ਹੁੰਦਾ ਹੈ ਕਿ ਉਹ ਫ਼ਿਲਮ ਪੂਰੀ ਕਰਕੇ ਹਾਲਾਤ ਸੰਭਾਲ ਸਕੇ। ਇਸ ਦੌਰਾਨ ਉਨ੍ਹਾਂ ਨੂੰ ਕਈ ਖ਼ਤਰਨਾਕ ਅਤੇ ਮਜ਼ਾਕੀਆ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਦਰਸ਼ਕਾਂ ਨੂੰ ਲਗਾਤਾਰ ਹਸਾਉਂਦੀਆਂ ਰਹਿੰਦੀਆਂ ਹਨ।

ਅਦਾਕਾਰੀ

ਫ਼ਿਲਮ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਸਟਾਰ ਕਾਸਟ ਹੈ। ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਪਰੇਸ਼ ਰਾਵਲ, ਜੈਕੀ ਸ਼ਰੌਫ਼, ਆਫ਼ਤਾਬ ਸ਼ਿਵਦਾਸਾਨੀ, ਦਿਸ਼ਾ ਪਟਾਨੀ, ਜੈਕਲੀਨ ਫਰਨਾਂਡੀਜ਼ ਅਤੇ ਲਾਰਾ ਦੱਤਾ ਵਰਗੇ ਕਲਾਕਾਰ ਆਪਣੇ-ਆਪਣੇ ਅੰਦਾਜ਼ ਵਿੱਚ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।
ਸੀਨੀਅਰ ਅਦਾਕਾਰ ਕਿਰਨ ਕੁਮਾਰ ਅਤੇ ਫ਼ਰੀਦਾ ਜਲਾਲ ਦੇ ਹਾਸੇ ਭਰੇ ਸੀਨ ਫ਼ਿਲਮ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ। ਇਸ ਤੋਂ ਇਲਾਵਾ ਜੌਨੀ ਲੀਵਰ, ਰਾਜਪਾਲ ਯਾਦਵ, ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਦੀ ਕਾਮਿਕ ਟਾਈਮਿੰਗ ਦਰਸ਼ਕਾਂ ਨੂੰ ਖੂਬ ਹਸਾਉਂਦੀ ਹੈ। ਰਵੀਨਾ ਟੰਡਨ ਦੀ ਐਂਟਰੀ ਪੁਰਾਣੇ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੰਦੀ ਹੈ। ਇਹ ਸੀਨ ਦੇਖ ਸਿਨੇਮਾਘਰ ਵਿੱਚ ਬੈਠੇ ਦਰਸ਼ਕਾ ਖੂਬ ਤਾਲੀਆਂ ਅਤੇ ਸਿਟੀਆਂ ਵਜਾਉਣ ਨੂੰ ਮਜ਼ਬੂਰ ਹੋ ਜਾਂਦੇ ਹਨ।

ਨਿਰਦੇਸ਼ਨ ਅਤੇ ਤਕਨੀਕੀ ਪੱਖ

ਇੰਨੀ ਵੱਡੀ ਸਟਾਰ ਕਾਸਟ ਨੂੰ ਸੰਤੁਲਿਤ ਢੰਗ ਨਾਲ ਪੇਸ਼ ਕਰਨਾ ਕਿਸੇ ਵੀ ਨਿਰਦੇਸ਼ਕ ਲਈ ਚੁਣੌਤੀ ਹੁੰਦੀ ਹੈ, ਪਰ ਅਹਿਮਦ ਖ਼ਾਨ ਇਸ ਵਿੱਚ ਕਾਫ਼ੀ ਹੱਦ ਤੱਕ ਸਫਲ ਨਜ਼ਰ ਆਉਂਦੇ ਹਨ। ਪਹਿਲੇ ਹਿੱਸੇ ਵਿੱਚ ਕਿਰਦਾਰਾਂ ਨੂੰ ਸਥਾਪਤ ਕਰਨ ਵਿੱਚ ਕੁਝ ਸਮਾਂ ਲੱਗਦਾ ਹੈ, ਜਦਕਿ ਦੂਜਾ ਹਿੱਸਾ ਤੇਜ਼ ਰਫ਼ਤਾਰ ਨਾਲ ਅੱਗੇ ਵਧਦਾ ਹੈ।

ਕਬੀਰ ਲਾਲ ਦੀ ਸਿਨੇਮਾਟੋਗ੍ਰਾਫੀ ਅਤੇ ਵਿਸ਼ਾਲ ਸੈੱਟ ਫ਼ਿਲਮ ਨੂੰ ਸ਼ਾਨਦਾਰ ਵਿਜ਼ੂਅਲ ਲੁੱਕ ਦਿੰਦੇ ਹਨ, ਜਿਸ ਨਾਲ ਵੱਡੇ ਪਰਦੇ 'ਤੇ ਦੇਖਣ ਦਾ ਅਨੁਭਵ ਹੋਰ ਵੀ ਬਿਹਤਰ ਬਣ ਜਾਂਦਾ ਹੈ।

ਸੰਗੀਤ

ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਕਹਾਣੀ ਦੀ ਰਫ਼ਤਾਰ ਨਾਲ ਮੇਲ ਖਾਂਦਾ ਹੈ। ਗੀਤ ਵੱਡੇ ਪੱਧਰ 'ਤੇ ਫ਼ਿਲਮਾਏ ਗਏ ਹਨ ਅਤੇ ਡਾਂਸ ਸੀਕੁਐਂਸ ਪ੍ਰਭਾਵਸ਼ਾਲੀ ਹਨ। ਅਹਿਮਦ ਖ਼ਾਨ ਦਾ ਕੋਰੀਓਗ੍ਰਾਫੀ ਦਾ ਤਜਰਬਾ ਇਨ੍ਹਾਂ ਗੀਤਾਂ ਵਿੱਚ ਸਾਫ਼ ਦਿਖਾਈ ਦਿੰਦਾ ਹੈ।

ਕਮਜ਼ੋਰ ਪੱਖ

ਫ਼ਿਲਮ ਦਾ ਸਭ ਤੋਂ ਵੱਡਾ ਨਕਾਰਾਤਮਕ ਪੱਖ ਇਸ ਦਾ ਲੰਮਾ ਰਨਟਾਈਮ ਹੈ। ਲਗਭਗ ਦੋ ਘੰਟੇ 43 ਮਿੰਟ ਦੀ ਮਿਆਦ ਕੁਝ ਦਰਸ਼ਕਾਂ ਨੂੰ ਲੰਮੀ ਮਹਿਸੂਸ ਹੋ ਸਕਦੀ ਹੈ। ਪਹਿਲੇ ਹਿੱਸੇ ਵਿੱਚ ਕੁਝ ਗੀਤ ਅਤੇ ਕਿਰਦਾਰਾਂ ਦੀ ਲੰਮੀ ਜਾਣ-ਪਛਾਣ ਕਾਰਨ ਕਹਾਣੀ ਦੀ ਰਫ਼ਤਾਰ ਕੁਝ ਹੌਲੀ ਪੈਂਦੀ ਹੈ।

ਇਸ ਤੋਂ ਇਲਾਵਾ ਜਿਹੜੇ ਦਰਸ਼ਕ ਹਕੀਕਤ ਦੇ ਨੇੜੇ ਜਾਂ ਤਰਕਸੰਗਤ ਕਹਾਣੀਆਂ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਨੂੰ ਕੁਝ ਦ੍ਰਿਸ਼ ਵਧੇਰੇ ਨਾਟਕੀ ਜਾਂ ਵਧਾ-ਚੜ੍ਹਾ ਕੇ ਪੇਸ਼ ਕੀਤੇ ਹੋਏ ਲੱਗ ਸਕਦੇ ਹਨ।


 

Recent News