Courtesy: pinterest
ਮੁੰਬਈ. ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਗਰਲਫ੍ਰੇਂਡ ਗੌਰੀ ਸਪ੍ਰੇਟ ਨਾਲ ਤੀਜਾ ਵਿਆਹ ਕਰਨ ਮਗਰੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਕਈ ਲੋਕ ਉਨ੍ਹਾਂ ਨੂੰ ਦੂਸਰੇ ਧਰਮ ਦੀ ਲੜਕੀ ਨਾਲ ਵਿਆਹ ਕਰਨ ਕਾਰਨ ਟ੍ਰੋਲ ਕਰ ਰਹੇ ਹਨ ਤੇ ਉਨ੍ਹਾਂ ਤੇ ਲਵ ਜ਼ਿਹਾਦ ਦੇ ਦੋਸ਼ ਲਗਾ ਰਹੇ ਹਨ। ਲਗਾਤਾਰ ਹੋ ਰਹੀ ਆਲੋਚਨਾ ਮਗਰੋਂ ਹੁਣ ਹਾਲ ਹੀ 'ਚ ਆਮਿਰ ਖਾਨ ਆਪਣੀ ਚੁੱਪੀ ਤੋੜੀ ਹੈ ਤੇ ਦੱਸਿਆ ਕਿ ਉਨ੍ਹਾਂ ਦੀ ਪਾਰਟਨਰ ਨੇ ਇਸਲਾਮ ਨਹੀਂ ਅਪਣਾਇਆ ਹੈ।
ਦਰਅਸਲ, ਆਮਿਰ ਖਾਨ ਨੇ ਹੁਣ ਤੱਕ ਤਿੰਨ ਵਿਆਹ ਕੀਤੇ ਹਨ। ਉਨ੍ਹਾਂ ਦੀਆਂ ਪਹਿਲੀਆਂ ਦੋ ਸਾਬਕਾ ਪਤਨੀਆਂ ਹਿੰਦੂ ਹਨ ਤੇ ਹੁਣ ਗੌਰੀ ਕ੍ਰਿਸ਼ਚਨ ਹੈ, ਜਦਕਿ ਐਕਟਰ ਖੁਦ ਮੁਸਲਿਮ ਹਨ। ਇਸੇ ਕਾਰਨ ਲੋਕ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੇ ਹਨ।
ਹਾਲ ਹੀ 'ਚ ਆਮਿਰ ਖਾਨ ਨੇ ਗੈਰ-ਮੁਸਲਿਮ ਔਰਤਾਂ ਨਾਲ ਵਿਆਹ ਨੂੰ ਲੈ ਕੇ ਕਿਹਾ ਕਿ ਧਰਮ ਨੇ ਕਦੇ ਵੀ ਉਨ੍ਹਾਂ ਦੇ ਨਿਜੀ ਰਿਸ਼ਤਿਆਂ ਤੇ ਅਸਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੌਰੀ, ਕਿਰਨ ਜਾਂ ਰੀਨਾ ਕਿਸੇ ਨੇ ਵੀ ਆਪਣਾ ਧਰਮ ਨਹੀਂ ਬਦਲਿਆ, ਕਿਉਂਕਿ ਸਾਡੇ ਵਿਆਹ ਸਿਵਿਲ ਮੈਰਿਜ ਸਨ।
ਆਮਿਰ ਖਾਨ ਨੇ ਤੀਜੇ ਵਿਆਹ ਤੋਂ ਬਾਅਦ ਲਗੇ ਲਵ ਜ਼ਿਹਾਦ ਦੇ ਦੋਸ਼ਾ ਨੂੰ ਲੈ ਕੇ ਕਿਹਾ ਕਿ ਗੌਰੀ ਹਿੰਦੂ ਵੀ ਨਹੀਂ ਹੈ। ਉਹ ਕ੍ਰਿਸਚਨ ਹੈ ਤੇ ਉਹ ਵੀ ਅਜਿਹੀ ਕ੍ਰਿਸਚਨ ਜੋ ਧਰਮ ਦਾ ਜ਼ਿਆਦਾ ਪਾਲਣ ਨਹੀਂ ਕਰਦੀ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਸਾਡੀ ਜਿੰਦਗੀ ਹੋਰ ਵੀ ਮਜ਼ੇਦਾਰ ਹੁੰਦੀ ਜਾ ਰਹੀ ਹੈ।
ਅੱਗੇ ਉਨ੍ਹਾਂ ਨੇ ਕਿਹਾ- ''ਸਾਡੇ ਰਿਸ਼ਤੇ ਹਮੇਸ਼ਾ ਸਨਮਾਨ ਅਤੇ ਨਿੱਜੀ ਪਸੰਦ ਤੇ ਆਧਾਰਿਤ ਰਹੇ ਹਨ, ਨਾ ਕਿ ਧਾਰਮਿਕ ਗੱਲਾਂ ਤੇ। ਇਸ ਦੌਰਾਨ ਐਕਟਰ ਨੇ ਦੂਸਰੇ ਧਰਮਾਂ 'ਚ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਦੀ ਸੋਚ ਨੂੰ ਲੈ ਕੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਅਜਿਹੇ ਰਿਸ਼ਤਿਆਂ ਨੂੰ ਲੰਬੇ ਸਮੇਂ ਤੋ ਸਵੀਕਾਰ ਕੀਤਾ ਜਾਂਦਾ ਹੈ।''
ਆਮਿਰ ਖਾਨ ਨੇ ਕਿਹਾ, ''ਸੱਚ ਤਾਂ ਇਹ ਹੈ ਕਿ ਸਾਡਾ ਪਰਿਵਾਰ ਬਹੁਤ ਹੀ ਮਿਲਨਸਾਰ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ। ਮੇਰੀ ਦੋਵਾਂ ਭੈਣਾਂ ਦਾ ਵਿਆਹ ਹਿੰਦੂਆਂ ਨਾਲ ਹੋਇਆ ਹੈ। ਮੇਰੀ ਬੇਟੀ ਦਾ ਵਿਆਹ ਵੀ ਹਿੰਦੂ ਲੜਕੇ ਨਾਲ ਹੋਇਆ ਹੈ। ਮੇਰੇ ਕਜ਼ਨ ਮੰਸੂਰ ਦਾ ਵਿਆਹ ਇਕ ਕ੍ਰਿਸਚਨ ਨਾਲ ਹੋਇਆ ਹੈ।''
ਦੱਸ ਦੇਈਏ ਇਸਤੋਂ ਪਹਿਲਾਂ ਪੀਠਾਧੀਸ਼ਵਰ ਜਗਦਗੁਰੂ ਪਰਮਹੰਸ ਆਚਾਰੀਆ ਨੇ ਆਮਿਰ ਖਾਨ ਦੇ ਵਿਆਹ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ ਤੇ ਕਿਹਾ ਕਿ ਉਹ ਅਦਾਕਾਰ ਨੂੰ ਮਾਰਨ ਵਾਲੇ ਨੂੰ 5 ਕਰੋੜ ਦਾ ਇਨਾਮ ਦੇਣਗੇ। ਉਨ੍ਹਾਂ ਨੇ ਕਿਹਾ ਸੀ ਕਿ ਮੈਂ 5 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰ ਰਿਹਾ ਹਾਂ, ਜੋ ਵੀ ਆਮਿਰ ਖਾਨ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰੇਗਾ। ਉਸਦੇ ਕਾਨੂੰਨੀ ਖਰਚੇ ਸਾਡੇ ਦੁਆਰਾ ਪੂਰੇ ਕੀਤੇ ਜਾਣਗੇ ਅਤੇ ਉਸਦੇ ਪਰਿਵਾਰ ਨੂੰ 5 ਕਰੋੜ ਰੁਪਏ ਦਾ ਇਨਾਮ ਮਿਲੇਗਾ।
ਦੱਸ ਦੇਈਏ, ਯੂਪੀ ਦੇ ਦਾਰੁਲ ਇਫਤਾ ਦੇ ਸ਼ਾਹੀ ਮੁਖੀ ਮੁਫਤੀ ਮੌਲਾਨਾ ਚੌਧਰੀ ਇਬਰਾਹਿਮ ਹੁਸੈਨ ਨੇ ਆਮਿਰ ਵਿਰੁੱਧ ਫਤਵਾ ਜਾਰੀ ਕੀਤਾ ਹੈ। ਉਨ੍ਹਾਂ ਦੇ ਅਨੁਸਾਰ, ਇੱਕ ਮੁਸਲਿਮ ਆਦਮੀ ਨੂੰ ਇੱਕ ਗੈਰ-ਮੁਸਲਿਮ ਔਰਤ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ ਜਦੋਂ ਤੱਕ ਉਹ ਇਸਲਾਮ ਨਹੀਂ ਅਪਣਾਉਂਦੀ।