Ram Mandir : 16ਵੀਂ ਸਦੀ ਤੋਂ ਲੈ ਕੇ 21ਵੀਂ ਸਦੀ ਤੱਕ ਭਗਵਾਨ ਸ਼੍ਰੀ ਰਾਮ ਦੀਆਂ ਮੂਰਤੀਆਂ ਦਾ ਜਾਣੋ ਇਤਿਹਾਸ

ਇਸਤੋਂ ਪਹਿਲਾਂ ਵੀ ਅਯੁੱਧਿਆ ਵਿਖੇ ਸ਼੍ਰੀਰਾਮ ਜਨਮ ਭੂਮੀ ਉਪਰ ਰਾਮਲਲਾ ਦੀਆਂ ਤਿੰਨ ਮੂਰਤੀਆਂ ਸਥਾਪਤ ਹੋ ਚੁੱਕੀਆਂ ਹਨ। 22 ਜਨਵਰੀ ਨੂੰ ਚੌਥੀ ਮੂਰਤੀ ਸਥਾਪਤ ਹੋਣ ਜਾ ਰਹੀ ਹੈ। ਪਹਿਲੀਆਂ ਮੂਰਤੀਆਂ ਕਿੱਥੇ ਹਨ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ..... 

Share:

ਹਾਈਲਾਈਟਸ

  • ਰਾਮ ਮੰਦਰ ਅੰਦੋਲਨ ਦੇ ਇਤਿਹਾਸ ਵਿੱਚ ਪ੍ਰਾਣ ਪ੍ਰਤਿਸ਼ਿਠਥ  ਕੀਤੀ ਜਾਣ ਵਾਲੀ ਇਹ ਚੌਥੀ ਮੂਰਤੀ ਹੋਵੇਗੀ
  • ਰਾਮਲਲਾ ਦੀਆਂ ਪਿਛਲੀਆਂ ਤਿੰਨ ਮੂਰਤੀਆਂ ਦੀ ਕਹਾਣੀ ਬਹੁਤ ਦਿਲਚਸਪ ਹੈ

Ayodhya ke ram ramlala moorti history. 22 ਜਨਵਰੀ ਸੋਮਵਾਰ ਨੂੰ ਅਯੁੱਧਿਆ 'ਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ।  ਰਾਮ ਜਨਮ ਭੂਮੀ 'ਤੇ ਬਣੇ ਵਿਸ਼ਾਲ ਮੰਦਰ ਦੇ ਪਾਵਨ ਅਸਥਾਨ 'ਚ ਰਾਮਲਲਾ ਦੀ 51 ਇੰਚ ਉੱਚੀ ਮੂਰਤੀ ਨੂੰ ਪ੍ਰਾਣ ਪ੍ਰਤਿਸ਼ਿਠ ਕੀਤਾ ਜਾਵੇਗਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਮ ਮੰਦਰ ਅੰਦੋਲਨ ਦੇ ਇਤਿਹਾਸ ਵਿੱਚ ਪ੍ਰਾਣ ਪ੍ਰਤਿਸ਼ਿਠਥ  ਕੀਤੀ ਜਾਣ ਵਾਲੀ ਇਹ ਚੌਥੀ ਮੂਰਤੀ ਹੋਵੇਗੀ। ਜੀ ਹਾਂ, ਇਸਤੋਂ ਪਹਿਲਾਂ ਰਾਮ ਮੰਦਰ ਵਿੱਚ ਰਾਮਲਲਾ ਦੀਆਂ ਤਿੰਨ ਮੂਰਤੀਆਂ ਸਥਾਪਤ ਹੋ ਚੁੱਕੀਆਂ ਹਨ। ਅੱਜ ਅਸੀਂ ਤੁਹਾਨੂੰ ਰਾਮਲਲਾ ਦੀਆਂ ਚਾਰ ਮੂਰਤੀਆਂ ਦਾ ਇਤਿਹਾਸ ਦੱਸਣ ਜਾ ਰਹੇ ਹਾਂ। ਇਹ ਦੱਸਿਆ ਜਾਵੇਗਾ ਕਿ ਰਾਮ ਮੰਦਰ ਵਿੱਚ ਪਿਛਲੀਆਂ ਤਿੰਨ ਮੂਰਤੀਆਂ ਕਦੋਂ ਸਥਾਪਿਤ ਕੀਤੀਆਂ ਗਈਆਂ? ਆਖ਼ਰਕਾਰ ਤਿੰਨ ਮੂਰਤੀਆਂ ਕਦੋਂ ਅਤੇ ਕਿਵੇਂ ਬਦਲ ਗਈਆਂ? ਇਸ ਵੇਲੇ ਇਹ ਤਿੰਨੇ ਮੂਰਤੀਆਂ ਕਿੱਥੇ ਹਨ? ਚੌਥੀ ਮੂਰਤੀ ਜੋ ਰਾਮ ਮੰਦਰ 'ਚ ਸਥਾਪਤ ਕੀਤੀ ਜਾਵੇਗੀ, ਉਸ ਮੂਰਤੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। 

ਦਿਲਚਸਪ ਹਨ ਕਹਾਣੀਆਂ 

ਰਾਮਲਲਾ ਦੀਆਂ ਪਿਛਲੀਆਂ ਤਿੰਨ ਮੂਰਤੀਆਂ ਦੀ ਕਹਾਣੀ ਬਹੁਤ ਦਿਲਚਸਪ ਹੈ। ਦਿਲਚਸਪ ਇਸ ਲਈ ਵੀ ਹੈ ਕਿਉਂਕਿ ਇਹ ਮੂਰਤੀਆਂ ਰਾਮ ਮੰਦਰ ਅੰਦੋਲਨ ਦੇ ਇਤਿਹਾਸ ਨਾਲ ਬਦਲਦੀਆਂ ਗਈਆਂ ਹਨ। ਹੁਣ ਇਤਿਹਾਸ ਇੱਕ ਵਾਰ ਫਿਰ ਕਰਵਟ ਲੈ ਕੇ ਵਰਤਮਾਨ 'ਚ ਆਇਆ ਹੈ। ਇੱਕ ਵਾਰ ਫਿਰ ਰਾਮਲਲਾ ਦੀ ਮੂਰਤੀ ਸਥਾਪਤ ਹੋਣ ਜਾ ਰਹੀ ਹੈ। ਰਾਮਲਲਾ ਦੇ ਪਾਵਨ ਅਸਥਾਨ ਵਿੱਚ ਜੋ ਮੂਰਤੀ ਵਿਰਾਜਮਾਨ ਹੋਵੇਗੀ, ਉਹ ਪਿਛਲੀਆਂ ਤਿੰਨ ਮੂਰਤੀਆਂ ਤੋਂ ਥੋੜੀ ਵੱਖਰੀ ਹੋਵੇਗੀ। ਹਾਲਾਂਕਿ ਇਹ ਮੂਰਤੀ ਵੀ ਬਾਲ ਰੂਪ ਵਿੱਚ ਹੀ ਹੋਵੇਗੀ। 

ਕਿੱਥੇ ਹੈ ਰਾਮਲਲਾ ਦੀ ਪਹਿਲੀ ਮੂਰਤੀ, ਜਾਣੋ ਇਤਿਹਾਸ 

ਆਓ ਪਹਿਲਾਂ ਜਾਣਦੇ ਹਾਂ ਭਗਵਾਨ ਰਾਮ ਮੰਦਰ ਦੇ ਇਤਿਹਾਸ ਬਾਰੇ। ਗੀਤਾ ਪ੍ਰੈਸ ਦੁਆਰਾ ਪ੍ਰਕਾਸ਼ਿਤ ਪੁਸਤਕ ‘ਅਯੁੱਧਿਆ ਦਰਸ਼ਨ’ ਅਨੁਸਾਰ ਪਹਿਲੀ ਸਦੀ ਈਸਾ ਪੂਰਵ ਵਿੱਚ ਮਹਾਰਾਜਾ ਵਿਕਰਮਾਦਿਤਿਆ ਨੇ ਰਾਮ ਜਨਮ ਭੂਮੀ ਵਿਖੇ 84 ਥੰਮ੍ਹਾਂ ਅਤੇ 7 ਕਲਸ਼ਾਂ ਵਾਲਾ ਇੱਕ ਵਿਸ਼ਾਲ ਰਾਮ ਮੰਦਰ ਬਣਵਾਇਆ ਸੀ। 16ਵੀਂ ਸਦੀ ਦੇ ਸ਼ੁਰੂ ਵਿੱਚ ਮੁਗਲਾਂ ਨੇ ਰਾਮ ਮੰਦਰ ਦੇ ਨਾਲ-ਨਾਲ ਅਯੁੱਧਿਆ ਉੱਤੇ ਹਮਲਾ ਕੀਤਾ। ਇਸ ਦੌਰਾਨ ਮੰਦਰ ਦੇ ਪੁਜਾਰੀ ਨੇ ਰਾਮਲਲਾ ਦੀ ਮੂਰਤੀ ਨੂੰ ਮੁਗਲਾਂ ਤੋਂ ਬਚਾਉਣ ਲਈ ਸਰਯੂ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤਾ। ਦਾਅਵਾ ਕੀਤਾ ਜਾਂਦਾ ਹੈ ਕਿ 18ਵੀਂ ਸਦੀ ਵਿੱਚ ਇੱਕ ਪੁਜਾਰੀ ਨੂੰ ਸੁਪਨਾ ਆਇਆ, ਜਿਸ ਤੋਂ ਬਾਅਦ ਇਸ ਮੂਰਤੀ ਨੂੰ ਕੱਢਿਆ ਗਿਆ। ਫਿਲਹਾਲ ਰਾਮਲਲਾ ਦੀ ਪਹਿਲੀ ਮੂਰਤੀ ਅਯੁੱਧਿਆ ਦੇ ਸਵਰਗਦਵਾਰ ਇਲਾਕੇ ਦੇ ਕਾਲੇਰਾਮ ਮੰਦਰ ਵਿੱਚ ਹੈ। 

ਰਾਮਲਲਾ ਦੀ ਦੂਜੀ ਮੂਰਤੀ ਕਿੱਥੇ ਹੈ, ਜਾਣੋ ਇਤਿਹਾਸ 

ਦੂਜੀ ਮੂਰਤੀ ਦੀ ਕਹਾਣੀ 22-23 ਦਸੰਬਰ 1949 ਦੀ ਰਾਤ ਨਾਲ ਸਬੰਧਤ ਹੈ। ਦਰਅਸਲ, ਇਹ ਉਹ ਤਾਰੀਕ ਸੀ, ਜਿਸ ਦਿਨ ਤੋਂ ਰਾਮ ਮੰਦਰ ਅੰਦੋਲਨ ਨੂੰ ਨਵਾਂ ਰੂਪ ਮਿਲਿਆ। ਕਥਾ ਅਨੁਸਾਰ ਇਸ ਰਾਤ ਵਿਵਾਦਤ ਢਾਂਚੇ ਵਿੱਚ ਰਾਮਲਲਾ ਦੀ ਮੂਰਤੀ ਪ੍ਰਗਟ ਹੋ ਗਈ ਅਤੇ ਉੱਥੇ ਮੌਜੂਦ ਕਰੀਬ 5000 ਰਾਮ ਭਗਤਾਂ ਦੀ ਭੀੜ ਜਾਪ ਕਰਨ ਲੱਗੀ। 23 ਦਸੰਬਰ ਦੀ ਸਵੇਰ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਅਤੇ ਕਰੀਬ ਇੱਕ ਹਫ਼ਤੇ ਬਾਅਦ 29 ਦਸੰਬਰ ਨੂੰ ਵਿਵਾਦਤ ਢਾਂਚੇ ਨੂੰ ਤਾਲਾ ਲਾ ਦਿੱਤਾ ਗਿਆ। ਦੂਜੀ ਮੂਰਤੀ ਵਿਵਾਦਿਤ ਢਾਂਚੇ ਦੇ ਅੰਦਰ ਹੀ ਰਹਿ ਗਈ। 

ਰਾਮਲਲਾ ਦੀ ਤੀਜੀ ਮੂਰਤੀ ਦਾ ਇਤਿਹਾਸ 

ਤੀਸਰੀ ਮੂਰਤੀ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜਾਣੋ ਦੂਜੀ ਮੂਰਤੀ ਦਾ ਕੀ ਹੋਇਆ? ਰਾਮਲਲਾ ਦੀ ਦੂਜੀ ਮੂਰਤੀ ਆਖਰਕਾਰ ਕਿੱਥੇ ਹੈ? ਰਿਪੋਰਟ ਮੁਤਾਬਕ ਜਦੋਂ ਵਿਵਾਦਿਤ ਢਾਂਚੇ 'ਚ ਰਾਮਲਲਾ ਪ੍ਰਗਟ ਹੋਏ ਅਤੇ ਫਿਰ ਇਸਨੂੰ ਤਾਲਾ ਲਗਾ ਦਿੱਤਾ ਗਿਆ ਤਾਂ ਵਿਵਾਦਿਤ ਢਾਂਚੇ ਦੇ ਅੰਦਰ ਮੌਜੂਦ ਰਾਮਲਲਾ ਦੀ ਪੂਜਾ ਕਰਨ ਦਾ ਅਧਿਕਾਰ ਸਿਰਫ ਇੱਕ ਪੁਜਾਰੀ ਨੂੰ ਹੀ ਸੀ। ਇਹ ਮੂਰਤੀ 1949 ਤੋਂ ਲੈ ਕੇ 6 ਦਸੰਬਰ 1992 ਤੱਕ ਤਾਲਾ ਬੰਦ ਹੋਣ ਤੋਂ ਬਾਅਦ ਵਿਵਾਦਤ ਢਾਂਚੇ ਵਿੱਚ ਹੀ ਰਹੀ। ਹੁਣ ਕਹਾਣੀ ਸ਼ੁਰੂ ਹੁੰਦੀ ਹੈ, ਤੀਜੀ ਮੂਰਤੀ ਦੀ... ਦਰਅਸਲ, 6 ਦਸੰਬਰ 1992 ਨੂੰ ਹਜ਼ਾਰਾਂ ਕਾਰ ਸੇਵਕਾਂ ਨੇ ਮਿਲ ਕੇ ਵਿਵਾਦਿਤ ਢਾਂਚੇ ਨੂੰ ਸਮਤਲ ਕਰ ਦਿੱਤਾ ਸੀ। ਜਦੋਂ ਵਿਵਾਦਿਤ ਢਾਂਚੇ ਨੂੰ ਪੱਧਰਾ ਕੀਤਾ ਗਿਆ ਤਾਂ ਆਖ਼ਰਕਾਰ ਭਗਵਾਨ ਰਾਮਲਲਾ ਦੀ ਬਾਲ-ਸਰੂਪ ਮੂਰਤੀ ਦੀ ਭਾਲ ਕੀਤੀ  ਜਾਣ ਲੱਗੀ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਮੂਰਤੀ ਨਾ ਮਿਲੀ ਤਾਂ ਇਸਦੀ ਸੂਚਨਾ ਅਯੁੱਧਿਆ ਦੇ ਰਾਜੇ ਦੇ ਘਰ ਭੇਜੀ ਗਈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਰਾਮਲਲਾ ਦੀ ਮੂਰਤੀ ਨੂੰ ਅਯੁੱਧਿਆ ਦੇ ਰਾਜੇ ਦੇ ਘਰੋਂ ਲਿਆ ਕੇ ਵਿਵਾਦਿਤ ਥਾਂ 'ਤੇ ਕਾਰ ਸੇਵਕਾਂ ਵੱਲੋਂ ਬਣਾਏ ਅਸਥਾਈ ਮੰਦਰ 'ਚ ਰੱਖਿਆ ਗਿਆ ਸੀ। ਰਾਮ ਜਨਮ ਭੂਮੀ 'ਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਤੀਜੀ ਮੂਰਤੀ ਸੀ। ਰਾਮ ਜਨਮਭੂਮੀ ਕੰਪਲੈਕਸ ਵਿੱਚ ਰਾਮਲਲਾ ਦੀ ਤੀਜੀ ਮੂਰਤੀ ਅੱਜ ਵੀ ਮੌਜੂਦ ਹੈ, ਜਿਸਦੀ ਅੱਜ ਵੀ ਪੂਜਾ ਕੀਤੀ ਜਾਂਦੀ ਹੈ। 

ਹੁਣ ਰਾਮਲਲਾ ਦੀ ਚੌਥੀ ਮੂਰਤੀ ਦੀ ਕਹਾਣੀ

9 ਨਵੰਬਰ 2019 ਨੂੰ ਜਦੋਂ ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਹਿੰਦੂ ਧਿਰ ਨੂੰ ਸੌਂਪ ਦਿੱਤੀ, ਉਦੋਂ ਚੌਥੀ ਮੂਰਤੀ ਦੀ ਤਿਆਰੀ ਸ਼ੁਰੂ ਹੋ ਗਈ। ਪਹਿਲਾਂ ਕਿਹਾ ਗਿਆ ਸੀ ਕਿ ਰਾਮਲਲਾ ਦੀ ਨਵੀਂ ਮੂਰਤੀ ਨੇਪਾਲ ਦੀ ਗੰਡਕੀ ਨਦੀ ਤੋਂ ਕੱਢੇ ਗਏ ਸ਼ਾਲੀਗ੍ਰਾਮ ਪੱਥਰ ਤੋਂ ਬਣਾਈ ਜਾਵੇਗੀ। ਪਰ ਬਾਅਦ ਵਿੱਚ ਮੈਸੂਰ ਅਤੇ ਰਾਜਸਥਾਨ ਸਮੇਤ ਕਈ ਥਾਵਾਂ ਤੋਂ ਪੱਥਰ ਲਿਆਂਦੇ ਗਏ। ਫੈਸਲਾ ਕੀਤਾ ਗਿਆ ਕਿ ਰਾਮਲਲਾ ਦੀ ਨਵੀਂ ਮੂਰਤੀ ਕਰਨਾਟਕ ਦੇ ਮੈਸੂਰ ਤੋਂ ਲਿਆਂਦੇ ਸ਼ਿਆਮਲ ਕ੍ਰਿਸ਼ਨ ਚੱਟਾਨ ਤੋਂ ਬਣਾਈ ਜਾਵੇਗੀ। ਹੁਣ ਰਾਮਲਲਾ ਦੀ ਚੌਥੀ ਮੂਰਤੀ ਤਿਆਰ ਹੈ, ਜਿਸਨੂੰ ਕਰਨਾਟਕ ਦੇ ਅਰੁਣ ਯੋਗੀਰਾਜ ਨੇ ਬਣਾਇਆ ਹੈ। ਇਸ ਮੂਰਤੀ ਨੂੰ 22 ਜਨਵਰੀ ਨੂੰ ਰਾਮ ਮੰਦਰ ਦੇ ਪਾਵਨ ਅਸਥਾਨ 'ਚ ਸਥਾਪਤ ਕੀਤਾ ਜਾਵੇਗਾ। ਰਿਪੋਰਟਾਂ ਮੁਤਾਬਕ ਭਗਵਾਨ ਰਾਮਲਲਾ ਦੀ ਚੌਥੀ ਮੂਰਤੀ 51 ਇੰਚ ਉੱਚੀ ਹੋਵੇਗੀ। ਇਹ ਮੂਰਤੀ ਰਾਮਲਲਾ ਦੇ 5 ਸਾਲ ਦੇ ਸਵਰੂਪ ਦੀ ਹੋਵੇਗੀ, ਜਿਹਨਾਂ ਦੇ ਹੱਥ 'ਚ ਧਨੁਸ਼ ਅਤੇ ਤੀਰ ਹੋਣਗੇ। 

 

 

ਇਹ ਵੀ ਪੜ੍ਹੋ