ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਸਥਿਤ ਪੁਰਸ਼ੋਤਮਪੁਰੀ ਵਿਖੇ ਇੱਕ ਬੇਹੱਦ ਦੁਖਦਾਈ ਕਿਸ਼ਤੀ ਹਾਦਸਾ ਵਾਪਰ ਗਿਆ। ਗੋਦਾਵਰੀ ਨਦੀ ਵਿੱਚ ਲਗਭਗ 50 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਅਚਾਨਕ ਪਲਟ ਗਈ, ਜਿਸ ਨਾਲ ਦੋ ਔਰਤਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਔਰਤ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੇ ਸਮੇਂ ਮੌਜੂਦ ਲੋਕਾਂ ਅਨੁਸਾਰ, ਕਿਸ਼ਤੀ ਵਿੱਚ ਸਮਰੱਥਾ ਤੋਂ ਕਾਫ਼ੀ ਵੱਧ ਯਾਤਰੀ ਸਵਾਰ ਸਨ, ਜਿਸ ਨੂੰ ਇਸ ਦੁਰਘਟਨਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਔਰਤਾਂ ਦੀ ਪਛਾਣ 55 ਸਾਲਾ ਪ੍ਰਮਿਲਾ ਸ਼ੇਸ਼ਰਾਓ ਰਾਠੌੜ (ਬੁਲਢਾਣਾ ਦੇ ਲੋਣਾਰ ਦੀ ਰਹਿਣ ਵਾਲੀ) ਅਤੇ 70 ਸਾਲਾ ਪ੍ਰਯਾਗਾਬਾਈ ਗਿਆਨਦੇਵ ਡੋਕੇ ਵਜੋਂ ਹੋਈ ਹੈ। ਇਸ ਤੋਂ ਇਲਾਵਾ, 75 ਸਾਲਾ ਸਿੰਧੂਬਾਈ ਅਰਜੁਨ ਮਵਾਲ਼, ਜੋ ਵਾਸ਼ਿਮ ਜ਼ਿਲ੍ਹੇ ਦੇ ਮਹਾਗਾਉਂ ਦੀ ਰਹਿਣ ਵਾਲੀ ਹੈ, ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਜਾਰੀ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਕਿਸ਼ਤੀ ਪਲਟਣ ਤੋਂ ਬਾਅਦ ਮੌਕੇ 'ਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਅਤੇ ਡੁੱਬ ਰਹੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਸ਼ਰਧਾਲੂ ਅਧਿਕ ਮਾਸ ਦੀ ਯਾਤਰਾ ਦੌਰਾਨ ਦੇਸ਼ ਦੇ ਇਕਲੌਤੇ ਭਗਵਾਨ ਪੁਰਸ਼ੋਤਮ ਮੰਦਰ ਵਿੱਚ ਦਰਸ਼ਨ ਕਰਨ ਲਈ ਜਾ ਰਹੇ ਸਨ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਛਾ ਗਿਆ ਹੈ। ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਜੁਟ ਗਈਆਂ ਹਨ। ਸਥਾਨਕ ਨਿਵਾਸੀਆਂ ਅਤੇ ਸ਼ਰਧਾਲੂਆਂ ਨੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯਾਤਰਾ ਸਥਾਨਾਂ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਵੀ ਮੰਗ ਉਠ ਰਹੀ ਹੈ।