Courtesy: instagram@arvindkejriwal
ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ ਤੇ ਬੈਠੇ ਵਿਦਿਆਰਥੀਆਂ ਦੀ ਆਖਰਕਾਰ ਜਿੱਤ ਹੋਈ। ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿਚਕਾਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਦੇ ਐਲਾਨ ਮਗਰੋਂ ਨਾ ਸਿਰਫ਼ ਵਿਦਿਆਰਥੀਆਂ, ਬਲਕਿ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਇੱਕ ਵੀਡਿਓ ਸਾਂਝਾ ਕੀਤਾ, ਜਿਸ ਵਿਚ ਉਹ ਕਹਿ ਰਹਿ ਹਨ- ''ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ, ਦੇਸ਼ ਦੇ ਨੌਜਵਾਨਾਂ ਨੂੰ ਵਧਾਈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਸੰਘਰਸ਼ ਰੰਗ ਲਿਆਇਆ। ਆਖਰਕਾਰ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ।''
ਉਨ੍ਹਾਂ ਅੱਗੇ ਕਿਹਾ- ''ਇਹ ਲੋਕਤੰਤਰ ਦੀ ਜਿੱਤ ਹੈ। ਸਾਡਾ ਤਾਂ ਦੇਸ਼ ਦੇ ਜਨਤੰਤਰ ਤੋਂ ਭਰੋਸਾ ਹੀ ਉੱਠ ਗਿਆ ਸੀ। ਲੋਕਾਂ ਨੂੰ ਲੱਗਣ ਲਗਾ ਸੀ ਕਿ ਸਰਕਾਰਾਂ ਸੁਣਦੀਆਂ ਹੀ ਨਹੀਂ ਹਨ। ਜਨਤਾ ਸਰਕਾਰ ਸਾਹਮਣੇ ਹੱਥ ਜੋੜਦੀ ਰਹਿੰਦੀ ਸੀ, ਪੈਰ ਫੜਦੀ ਰਹਿੰਦੀ ਸੀ, ਤਰਲੇ ਕੱਢਦੀ ਰਹਿੰਦੀ ਸੀ। ਸਰਕਾਰਾਂ ਕਦੇ ਸੁਣਦੀਆਂ ਨਹੀਂ ਸਨ। ਇੰਨਾ ਵੱਡਾ ਸੰਘਰਸ਼ ਹੋਇਆ ਤੇ ਆਖਰਕਾਰ ਸਰਕਾਰ ਨੂੰ ਝੁੱਕਣਾ ਪਿਆ। ਇਹ ਬਹੁਤ ਵੱਡੀ ਜਿੱਤ ਹੈ। ਹੁਣ ਸਰਕਾਰ ਨੂੰ ਵੀ ਸਮਝ ਲੈਣਾ ਚਾਹਦੀ ਹੈ ਕਿ ਤੁਹਾਨੂੰ ਜਨਤਾ ਦੀ ਸੁਣਨੀ ਪਵੇਗੀ। ਇਹ ਲੋਕਤੰਤਰ ਹੈ। ਇਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਲੋਕਤੰਤਰ ਹੈ। ਮੈਨੂੰ ਉਮੀਦ ਹੈ ਕਿ ਹੁਣ ਸਰਕਾਰ ਸਭ ਕੁੱਝ ਠੀਕ ਕਰੇਗੀ। ਹੁਣ ਪੇਪਰ ਲੀਕ ਹੋਣਾ ਬੰਦ ਹੋ ਜਾਣ। ਲੋਕਾਂ ਨੂੰ ਆਤਮ ਹੱਤਿਆ ਨਾ ਕਰਨੀ ਪਵੇ।''
ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਪੇਪਰ ਲੀਕ ਦੇ ਵਿਰੋਧ ਵਿੱਚ ਜੰਤਰ-ਮੰਤਰ 'ਤੇ ਚੱਲ ਰਿਹਾ CJP ਦਾ ਧਰਨਾ ਕਰੀਬ 36 ਦਿਨਾਂ ਤੱਕ ਚੱਲਿਆ। ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੀ ਤਿੰਨ ਮੁੱਖ ਮੰਗਾਂ ਤੇ ਜ਼ੋਰ ਦਿੱਤਾ, ਜਿਸ ਵਿੱਚ ਸਭ ਤੋਂ ਪਹਿਲੀ ਉਨ੍ਹਾਂ ਦੀ ਮੰਗ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਸੀ। ਇਸਤੋਂ ਇਲਾਵਾ ਨੀਟ-ਯੂਜੀ ਪੇਪਰ ਲੀਕ ਤੋਂ ਪ੍ਰਭਾਵਿਤ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਅੰਦੋਲਨ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਨ ਦੀ ਮੰਗ ਸ਼ਾਮਲ ਸੀ। ਹੁਣ ਵਿਦਿਆਰਥੀਆਂ ਦੀ ਪ੍ਰਧਾਨ ਦੇ ਅਸਤੀਫੇ ਨੂੰ ਲੈ ਕੇ ਮੰਗ ਮੰਨ ਲਈ ਗਈ ਹੈ, ਜਿਸ ਨਾਲ ਵਿਦਿਆਰਥੀਆਂ 'ਚ ਖੁਸ਼ੀ ਦੀ ਲਹਿਰ ਹੈ।
ਜ਼ਿਕਰਯੋਗ ਹੈ ਕਿ ਸੰਸਦ ਮਾਰਚ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਇਸਤੇਮਾਲ ਤੋਂ ਬਾਅਦ ਇਹ ਅੰਦੋਲਨ ਹੋਰ ਤੇਜ਼ ਹੋ ਗਿਆ ਸੀ। ਇਸ ਤੋਂ ਬਾਅਦ ਵੱਖ-ਵੱਖ ਵਿਦਿਆਰਥੀ ਸੰਗਠਨਾਂ ਅਤੇ ਸਮਾਜਿਕ ਕਾਰਕੁਨਾਂ ਨੇ ਵੀ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਹੋਰ ਜ਼ੋਰ ਨਾਲ ਉਠਾਈ ਗਈ ਸੀ।