Courtesy: pinterest
ਨਵੀਂ ਦਿੱਲੀ: ਭਾਰਤ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਦੇ ਅਧਿਕਾਰਕ ਸਰਵੇ ਆਫ ਇੰਡੀਆ ਨਕਸ਼ੇ ਨੂੰ ਅਪਡੇਟ ਕੀਤਾ ਅਤੇ ਇਸ ਵਿੱਚ ਕਈ ਮਹੱਤਵਪੂਰਨ ਅਤੇ ਰਣਨੀਤਿਕ ਥਾਵਾਂ ਨੂੰ ਨਵੀਂ ਤਰ੍ਹਾਂ ਦਰਜ ਕੀਤਾ ਹੈ। ਇਸ ਅਪਡੇਟ ਤਹਿਤ ਚੀਨ ਨਾਲ ਲੱਗਦੀ ਸਰਹੱਦ ਦੇ ਨੇੜੇ ਸਥਿਤ ਪਹਾੜੀ ਦਰਰੇ, ਝੀਲਾਂ, ਬਸਤੀਆਂ ਅਤੇ ਇੱਕ ਜੰਗੀ ਯਾਦਗਾਰ ਸਮੇਤ ਕੁੱਲ 27 ਥਾਵਾਂ ਨੂੰ ਭਾਰਤੀ ਮਿਆਰੀ ਨਾਮਾਂ ਨਾਲ ਅਧਿਕਾਰਕ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।
ਭਾਰਤ
ਭਾਰਤ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਦੇ ਅਧਿਕਾਰਕ ਸਰਵੇ ਆਫ ਇੰਡੀਆ ਨਕਸ਼ੇ ਨੂੰ ਅਪਡੇਟ ਕੀਤਾ ਅਤੇ ਇਸ ਵਿੱਚ ਕਈ ਮਹੱਤਵਪੂਰਨ ਅਤੇ ਰਣਨੀਤਿਕ ਥਾਵਾਂ ਨੂੰ ਨਵੀਂ ਤਰ੍ਹਾਂ ਦਰਜ ਕੀਤਾ ਹੈ। ਇਸ ਅਪਡੇਟ ਤਹਿਤ ਚੀਨ ਨਾਲ ਲੱਗਦੀ ਸਰਹੱਦ ਦੇ ਨੇੜੇ ਸਥਿਤ ਪਹਾੜੀ ਦਰਰੇ, ਝੀਲਾਂ, ਬਸਤੀਆਂ ਅਤੇ ਇੱਕ ਜੰਗੀ ਯਾਦਗਾਰ ਸਮੇਤ ਕੁੱਲ 27 ਥਾਵਾਂ ਨੂੰ ਭਾਰਤੀ ਮਿਆਰੀ ਨਾਮਾਂ ਨਾਲ ਅਧਿਕਾਰਕ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।
ਭਾਰਤ ਦੇ ਇਸ ਕਦਮ ਨੂੰ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਨੂੰ ਵਾਰ-ਵਾਰ "ਦੱਖਣੀ ਤਿਬਤ" ਜਾਂ "ਜ਼ਾਂਗਨਾਨ" ਦੱਸਣ ਅਤੇ ਉੱਥੇ ਦੀਆਂ ਥਾਵਾਂ ਦੇ ਨਾਮ ਬਦਲਣ ਦੀ ਕੋਸ਼ਿਸ਼ਾਂ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਭਾਰਤ ਲੰਬੇ ਸਮੇਂ ਤੋਂ ਇਹ ਸਪੱਸ਼ਟ ਕਰਦਾ ਆ ਰਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇਸ਼ ਦਾ ਅਟੁੱਟ ਅਤੇ ਅਭਿੰਨ ਹਿੱਸਾ ਹੈ ਅਤੇ ਕਿਸੇ ਥਾਂ ਦਾ ਨਾਮ ਬਦਲਣ ਨਾਲ ਭੂਗੋਲਿਕ ਹਕੀਕਤ ਨਹੀਂ ਬਦਲਦੀ।
ਇਹ ਅਪਡੇਟ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਭਾਰਤ ਅਤੇ ਚੀਨ ਸਰਹੱਦੀ ਇਲਾਕਿਆਂ ਵਿੱਚ ਸਥਿਰਤਾ ਬਣਾਈ ਰੱਖਣ ਲਈ ਗੱਲਬਾਤ ਜਾਰੀ ਰੱਖੇ ਹੋਏ ਹਨ। ਹਾਲਾਂਕਿ, ਦੋਵੇਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦਾਂ ਦਾ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਨਿਕਲਿਆ ਹੈ। ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਦੇ ਮੱਦੇਨਜ਼ਰ ਵੀ ਇਸ ਕਦਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸੰਭਾਵਿਤ ਭਾਰਤ ਯਾਤਰਾ ਦੀਆਂ ਚਰਚਾਵਾਂ ਦਰਮਿਆਨ ਇਹ ਨਕਸ਼ਾ ਅਪਡੇਟ ਭਾਰਤ ਦੇ ਰੁਖ ਨੂੰ ਹੋਰ ਸਪੱਸ਼ਟ ਕਰਦੀ ਹੈ।
ਸਰਕਾਰ ਵੱਲੋਂ ਚਾਰ ਮਹੱਤਵਪੂਰਨ ਪਹਾੜੀ ਦਰਰਿਆਂ (ਦਜ਼ੋ ਲਾ, ਰਿਜਾ ਲਾ, ਪੁਕੁਰ ਲਾ ਅਤੇ ਥਗ ਲਾ) ਨੂੰ ਨਕਸ਼ੇ ਵਿੱਚ ਅਧਿਕਾਰਕ ਤੌਰ 'ਤੇ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਥਗ ਲਾ ਇਸ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ 1962 ਦੇ ਭਾਰਤ-ਚੀਨ ਯੁੱਧ ਦੇ ਸ਼ੁਰੂਆਤੀ ਪੜਾਅ ਵਿੱਚ ਇਸ ਖੇਤਰ ਵਿੱਚ ਭਾਰੀ ਝੜਪਾਂ ਹੋਈਆਂ ਸਨ। ਇਸ ਤੋਂ ਇਲਾਵਾ ਸਾਂਬੋ ਸਰੋਵਰ ਨਾਮਕ ਝੀਲ ਨੂੰ ਵੀ ਭਾਰਤੀ ਨਾਮ ਨਾਲ ਅਧਿਕਾਰਕ ਪਹਿਚਾਣ ਦਿੱਤੀ ਗਈ ਹੈ।
ਨਵੇਂ ਅਪਡੇਟ ਵਿੱਚ ਕਈ ਇਤਿਹਾਸਕ, ਰਣਨੀਤਿਕ ਅਤੇ ਪ੍ਰਸ਼ਾਸਕੀ ਮਹੱਤਵ ਵਾਲੀਆਂ ਬਸਤੀਆਂ ਅਤੇ ਖੇਤਰ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਸ਼ਾਮਲ ਹਨ- ਲੌਂਗਜੂ, ਮਾਜਾ, ਬੀਸਾ, ਵੱਡਾ ਕੁੰਦੁਨ, ਛੋਟਾ ਕੁੰਦੁਨ, ਧਨ ਬਾਰੀ, ਪ੍ਰਤੀਨਗਰ, ਬੁੱਧ ਮੰਦਰ, ਜੈਰਾਮਪੁਰ, ਤੇਰੀਤਨਗਰ, ਰਾਮਨਗਰ, ਜਸਵੰਤ ਗੜ੍ਹ, ਸਾਗਰ, ਪਦਮਾ, ਜੋਤਿਨਗਰ, ਬੈਸਾਖੀ, ਛੋਟਾ ਰੋਪੁਕ, ਵੱਡਾ ਰੋਪੁਕ, ਸ਼ਿਵਾਜੀ ਨਗਰ, ਸੁਨਪੁਰਾ ਅਤੇ ਕਾਮਲੰਗ ਨਗਰ।
ਇਨ੍ਹਾਂ ਤੋਂ ਇਲਾਵਾ 'ਸ਼ੇਰ-ਏ-ਥਾਪਾ ਮੈਮੋਰੀਅਲ' ਨੂੰ ਵੀ ਅਧਿਕਾਰਕ ਨਕਸ਼ੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਯਾਦਗਾਰ 1962 ਦੇ ਯੁੱਧ ਦੌਰਾਨ ਹਵਲਦਾਰ ਸ਼ੇਰ-ਏ-ਥਾਪਾ ਦੀ ਬਹਾਦਰੀ ਦੀ ਯਾਦ ਵਿੱਚ ਬਣਾਈ ਗਈ ਹੈ।
ਦੱਸ ਦੇਈਏ, ਨਕਸ਼ੇ ਵਿੱਚ ਸ਼ਾਮਲ ਕੀਤੀਆਂ ਗਈਆਂ ਕਈ ਥਾਵਾਂ ਭਾਰਤ-ਚੀਨ ਸੰਬੰਧਾਂ ਦੇ ਇਤਿਹਾਸ ਨਾਲ ਡੂੰਘਾ ਸਬੰਧ ਰੱਖਦੀਆਂ ਹਨ। ਲੌਂਗਜੂ ਅਸਲ ਨਿਯੰਤਰਣ ਰੇਖਾ (LAC) ਦੇ ਨੇੜੇ ਸਥਿਤ ਹੈ ਅਤੇ 1959 ਵਿੱਚ ਭਾਰਤ-ਚੀਨ ਵਿਚਾਲੇ ਹੋਏ ਸ਼ੁਰੂਆਤੀ ਟਕਰਾਵਾਂ ਵਿੱਚੋਂ ਇੱਕ ਦਾ ਕੇਂਦਰ ਰਿਹਾ ਸੀ। ਥਗ ਲਾ 1962 ਦੇ ਯੁੱਧ ਦੀ ਸ਼ੁਰੂਆਤ ਨਾਲ ਜੁੜਿਆ ਇੱਕ ਮਹੱਤਵਪੂਰਨ ਖੇਤਰ ਮੰਨਿਆ ਜਾਂਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਨਕਸ਼ੇ ਵਿੱਚ ਸ਼ਾਮਲ ਕੀਤੀਆਂ ਗਈਆਂ ਜ਼ਿਆਦਾਤਰ ਥਾਵਾਂ ਪੂਰਬੀ ਸੈਕਟਰ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਂਦੀਆਂ ਹਨ। ਇਹ ਉਹ ਖੇਤਰ ਹਨ ਜਿੱਥੇ 1962 ਦੇ ਯੁੱਧ ਦੌਰਾਨ ਭਾਰੀ ਲੜਾਈ ਹੋਈ ਸੀ ਅਤੇ ਜਿੱਥੇ ਅੱਜ ਵੀ ਚੀਨ ਆਪਣੇ ਦਾਅਵੇ ਕਰਦਾ ਹੈ।
ਪਤਾ ਹੋਵੇ ਕਿ ਪਿਛਲੇ ਕੁਝ ਸਾਲਾਂ ਦੌਰਾਨ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਨੂੰ ਨਵੇਂ ਚੀਨੀ ਨਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 2017, 2021 ਅਤੇ 2023 ਵਿੱਚ ਵੀ ਚੀਨ ਨੇ ਅਜਿਹੀਆਂ ਸੂਚੀਆਂ ਜਾਰੀ ਕੀਤੀਆਂ ਸਨ। ਹਾਲਾਂਕਿ, ਭਾਰਤ ਨੇ ਹਰ ਵਾਰ ਇਨ੍ਹਾੰ ਦਾਵਿਆਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਨਾਮ ਬਦਲਣ ਨਾਲ ਕੋਈ ਭੂਗੋਲਿਕ ਜਾਂ ਕਾਨੂੰਨੀ ਸਥਿਤੀ ਨਹੀਂ ਬਦਲਦੀ।
ਇਸ ਪੂਰੇ ਕਦਮ ਤੋਂ ਭਾਰਤ ਦਾ ਸੰਦੇਸ਼ ਸਾਫ਼ ਨਜ਼ਰ ਆਉਂਦਾ ਹੈ ਕਿ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਸੁਧਾਰ ਜਾਂ ਸਧਾਰਣਤਾ ਦਾ ਮਤਲਬ ਇਹ ਨਹੀਂ ਕਿ ਭਾਰਤ ਆਪਣੇ ਖੇਤਰੀ ਅਧਿਕਾਰਾਂ ਤੋਂ ਪਿੱਛੇ ਹਟੇਗਾ। ਅਰੁਣਾਚਲ ਪ੍ਰਦੇਸ਼ 'ਤੇ ਆਪਣਾ ਅਧਿਕਾਰ ਦੁਹਰਾਉਂਦੇ ਹੋਏ ਭਾਰਤ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਉਹ ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਚਾਹੁੰਦਾ ਹੈ, ਪਰ ਆਪਣੀ ਭੂਗੋਲਿਕ ਅਖੰਡਤਾ ਅਤੇ ਇਤਿਹਾਸਕ ਦਾਅਵਿਆਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਨਕਸ਼ੇ ਦੀ ਇਹ ਅਪਡੇਟ ਸਿਰਫ਼ ਭੂਗੋਲਿਕ ਦਸਤਾਵੇਜ਼ੀਕਰਨ ਨਹੀਂ, ਸਗੋਂ ਰਣਨੀਤਿਕ ਸਪੱਸ਼ਟਤਾ, ਪ੍ਰਸ਼ਾਸਕੀ ਮੌਜੂਦਗੀ ਅਤੇ ਇਤਿਹਾਸਕ ਯਾਦਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।