Courtesy: X@_jiddu
ਰਾਂਚੀ: JPSC ਅਤੇ JSSC ਦੁਆਰਾ ਕਰਵਾਈਆਂ ਗਈਆਂ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਮਾਰਚ ਕੀਤਾ। ਇਸ ਦੌਰਾਨ ਖੂਬ ਹੰਗਾਮਾ ਹੋਇਆ ਅਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਲਾਠੀਚਾਰਜ ਕੀਤਾ। ਇਸ ਘਟਨਾ ਦੇ ਵਿਰੋਧ 'ਚ ਅੱਜ ਭਾਜਪਾ ਆਗੂਆਂ ਨੇ 'ਝਾਰਖੰਡ ਬੰਦ' ਦਾ ਸੱਦਾ ਦਿੱਤਾ ਹੈ। ਇਸ ਵਿਚਾਲੇ ਖ਼ਬਰ ਸਾਹਮਣੇ ਆਈ ਹੈ ਕਿ ਪ੍ਰਦਰਸ਼ਨਕਾਰੀਆਂਂ ਨੂੰ ਰੋਕਣ ਲਈ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਮੁਤਾਬਕ BJP ਵਰਕਰਾਂ ਨੇ ਕਾਂਕੇ ਰੋਡ ਸਥਿਤ CMPDI ਗੇਟ ਦੇ ਨੇੜੇ ਸੜਕ ਰੋਕੀ। ਇਸ ਤੋਂ ਇਲਾਵਾ ਕਿਸ਼ਨਗੰਜ, ਅਰਗੋੜਾ ਅਤੇ ਕਾਂਕੇ ਇਲਾਕਿਆਂ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਵਿੱਚ ਰੁਕਾਵਟ ਪੈਦਾ ਕੀਤੀ। ਬੰਦ ਦੇ ਸਮਰਥਨ ਵਿੱਚ ਨਿਊਕਲੀਅਸ ਮਾਲ, ਹਰਮੂ ਚੌਕ ਅਤੇ ਕਿਸ਼ਨਗੰਜ ਚੌਕ ਦੇ ਨੇੜੇ ਟਾਇਰ ਸਾੜੇ ਗਏ। ਇਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਟ੍ਰੈਫਿਕ ਦੀ ਰਫ਼ਤਾਰ ਪ੍ਰਭਾਵਿਤ ਹੋਈ ਅਤੇ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਕੁਝ ਥਾਵਾਂ 'ਤੇ ਪੁਲਿਸ ਕਰਮਚਾਰੀਆਂ ਅਤੇ BJP ਵਰਕਰਾਂ ਵਿਚਾਲੇ ਹਲਕੀ ਝੜਪ ਵੀ ਦਿਖਾਈ ਦਿੱਤੀ।
ਬੰਦ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਦੇ ਵਰਕਰਾਂ ਨੇ ਵੀ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਉਹ ਪੁਰਾਣੀ ਵਿਧਾਨ ਸਭਾ ਇਮਾਰਤ ਤੋਂ ਨਵੀਂ ਵਿਧਾਨ ਸਭਾ ਇਮਾਰਤ ਵੱਲ ਜਾਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਣ ਅਤੇ ਬੱਸਾਂ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀ ਸੜਕ 'ਤੇ ਹੀ ਬੈਠ ਗਏ। ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ।
ਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਘੇਰ ਲਿਆ ਅਤੇ ਬਾਅਦ ਵਿੱਚ ਕਈ ABVP ਵਰਕਰਾਂ ਨੂੰ ਪੁਲਿਸ ਵੈਨਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲੈ ਲਿਆ।