Courtesy: @madanmitraoff
ਬੰਗਾਲ: ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਨੇਤਾਵਾਂ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਲਗਾਤਾਰ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲਾ ਉੱਤਰ 24 ਪਰਗਣਾ ਜ਼ਿਲ੍ਹੇ ਦੇ ਕਾਮਾਰਹਾਟੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਟੀਐਮਸੀ ਵਿਧਾਇਕ ਮਦਨ ਮਿਤ੍ਰਾ ਨੂੰ ਇੱਕ ਸਰਕਾਰੀ ਸਮਾਗਮ ਦੌਰਾਨ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇੰਨੇ ਤਣਾਓਪੂਰਨ ਹੋ ਗਏ ਕਿ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਅਧੂਰਾ ਛੱਡ ਕੇ ਵਾਪਸ ਜਾਣਾ ਪਿਆ।
ਪਹਿਲਾਂ ਵੀ ਟੀਐਮਸੀ ਨੇਤਾਵਾਂ ਖ਼ਿਲਾਫ਼ ਹੋ ਚੁੱਕਾ ਹੈ ਵਿਰੋਧ
ਰਾਜ ਵਿੱਚ ਟੀਐਮਸੀ ਨੇਤਾਵਾਂ ਦੇ ਵਿਰੁੱਧ ਇਸ ਤਰ੍ਹਾਂ ਦਾ ਵਿਰੋਧ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਮਈ ਦੇ ਅੰਤ ਵਿੱਚ ਟੀਐਮਸੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਉਹ ਚੋਣੀ ਹਿੰਸਾ ਤੋਂ ਪ੍ਰਭਾਵਿਤ ਇੱਕ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਸੋਨਾਰਪੁਰ ਦੇ ਕਮਰਾਬਾਦ ਇਲਾਕੇ ਵਿੱਚ ਪਹੁੰਚੇ ਸਨ। ਇਸ ਦੌਰਾਨ ਸਥਾਨਕ ਲੋਕਾਂ ਦੇ ਇੱਕ ਗਰੁੱਪ ਨੇ ਉਨ੍ਹਾਂ ਦੇ ਖ਼ਿਲਾਫ਼ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਵਿਰੋਧ ਪ੍ਰਗਟਾਇਆ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਅੰਡੇ ਫੜੇ ਹੋਏ ਸਨ।
ਸਿਆਸੀ ਚਰਚਾ ਦਾ ਵਿਸ਼ਾ ਬਣੀਆਂ ਘਟਨਾਵਾਂ
ਅਭਿਸ਼ੇਕ ਬੈਨਰਜੀ ਵਾਲੀ ਘਟਨਾ ਦੌਰਾਨ ਹਾਲਾਤ ਇੰਨੇ ਗੰਭੀਰ ਹੋ ਗਏ ਸਨ ਕਿ ਉਨ੍ਹਾਂ ਨੂੰ ਆਪਣਾ ਵਾਹਨ ਛੱਡ ਕੇ ਹੋਰ ਸਾਧਨ ਰਾਹੀਂ ਅੱਗੇ ਜਾਣਾ ਪਿਆ ਸੀ। ਹੁਣ ਕਾਮਾਰਹਾਟੀ ਵਿੱਚ ਮਦਨ ਮਿਤ੍ਰਾ ਨਾਲ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਬੰਗਾਲ ਦੀ ਰਾਜਨੀਤੀ ਵਿੱਚ ਲੋਕਾਂ ਦੇ ਵਧਦੇ ਅਸੰਤੋਸ਼ ਨੂੰ ਲੈ ਕੇ ਚਰਚਾਵਾਂ ਤੇਜ਼ ਕਰ ਦਿੱਤੀਆਂ ਹਨ।
ਹਾਲਾਂਕਿ ਇਸ ਮਾਮਲੇ ਤੇ ਹਜੇ ਤੱਕ ਸਬੰਧੀ ਪੁਲਿਸ ਜਾਂ ਤ੍ਰਿਣਮੂਲ ਕਾਂਗਰਸ ਵੱਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਫਿਰ ਵੀ ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਰਾਜ ਦੀ ਸਿਆਸੀ ਹਾਲਤ ਅਤੇ ਲੋਕਾਂ ਦੇ ਮਿਜ਼ਾਜ ਬਾਰੇ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ।