menu-icon
Punjabi Story Line
  • Home
  • News
  • Punjab
  • NEET ਪੇਪਰ ਲੀਕ ਮੁੱਦੇ 'ਤੇ ਪੰਜਾਬ 'ਚ ਵੀ ਗਰਮਾਏਗੀ 'ਕਾਕਰੋਚ ਜਨਤਾ ਪਾਰਟੀ', 13 ਜੂਨ ਨੂੰ ਅੰਮ੍ਰਿਤਸਰ 'ਚ ਪ੍ਰਦਰਸ਼ਨ

NEET ਪੇਪਰ ਲੀਕ ਮੁੱਦੇ 'ਤੇ ਪੰਜਾਬ 'ਚ ਵੀ ਗਰਮਾਏਗੀ 'ਕਾਕਰੋਚ ਜਨਤਾ ਪਾਰਟੀ', 13 ਜੂਨ ਨੂੰ ਅੰਮ੍ਰਿਤਸਰ 'ਚ ਪ੍ਰਦਰਸ਼ਨ

ਨਵੀਂ ਦਿੱਲੀ ਅਤੇ ਪੁਣੇ ਤੋਂ ਬਾਅਦ CJP ਨੇ ਲਖਨਊ ਵਿੱਚ ਆਪਣਾ ਤੀਜਾ ਵੱਡਾ ਪ੍ਰਦਰਸ਼ਨ 12 ਜੂਨ ਨੂੰ ਸਫ਼ਲਤਾਪੂਰਵਕ ਕਰਵਾਇਆ ਸੀ। ਹੁਣ ਪਾਰਟੀ ਨੇ ਪੰਜਾਬ ਦੇ ਅੰਮ੍ਰਿਤਸਰ ਨੂੰ ਆਪਣੇ ਵਿਰੋਧ ਦਾ ਚੌਥਾ ਅਹਿਮ ਕੇਂਦਰ ਬਣਾਇਆ ਹੈ। ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਮੰਚ X 'ਤੇ ਪੰਜਾਬੀ ਵਿੱਚ 'ਸਤ ਸ੍ਰੀ ਅਕਾਲ' ਲਿਖ ਕੇ ਪੋਸਟ ਸਾਂਝੀ ਕੀਤੀ

Date Updated Last Updated : 12 June 2026, 12:37 PM IST
Share:

ਕੇਂਦਰ ਸਰਕਾਰ ਖ਼ਿਲਾਫ਼ NEET ਪ੍ਰੀਖਿਆ ਵਿੱਚ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੇ ਰੋਸਾਂ ਦੇ ਸਿਲਸਿਲੇ ਵਿੱਚ ਵਿਅੰਗ-ਪਾਰਟੀ 'ਕਾਕਰੋਚ ਜਨਤਾ ਪਾਰਟੀ' (CJP) ਹੁਣ ਪੰਜਾਬ ਵਿੱਚ ਵੀ ਸਰਗਰਮ ਹੋਣ ਜਾ ਰਹੀ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਪਹੁੰਚਣਗੇ ਜਿੱਥੇ ਉਹ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਮਿਲ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਗੇ।

ਪੰਜਾਬ  ਵਿਰੋਧ ਦਾ ਚੌਥਾ ਅਹਿਮ ਕੇਂਦਰ

ਨਵੀਂ ਦਿੱਲੀ ਅਤੇ ਪੁਣੇ ਤੋਂ ਬਾਅਦ CJP ਨੇ ਲਖਨਊ ਵਿੱਚ ਆਪਣਾ ਤੀਜਾ ਵੱਡਾ ਪ੍ਰਦਰਸ਼ਨ 12 ਜੂਨ ਨੂੰ ਸਫ਼ਲਤਾਪੂਰਵਕ ਕਰਵਾਇਆ ਸੀ। ਹੁਣ ਪਾਰਟੀ ਨੇ ਪੰਜਾਬ ਦੇ ਅੰਮ੍ਰਿਤਸਰ ਨੂੰ ਆਪਣੇ ਵਿਰੋਧ ਦਾ ਚੌਥਾ ਅਹਿਮ ਕੇਂਦਰ ਬਣਾਇਆ ਹੈ। ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਮੰਚ X 'ਤੇ ਪੰਜਾਬੀ ਵਿੱਚ 'ਸਤ ਸ੍ਰੀ ਅਕਾਲ' ਲਿਖ ਕੇ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅੰਮ੍ਰਿਤਸਰ ਗੇਟ 'ਤੇ ਇਕੱਠਾ ਹੋਣ ਦੀ ਅਪੀਲ ਕੀਤੀ।

ਦੀਪਕੇ ਦਾ ਵਿਦਿਆਰਥੀਆਂ ਨੂੰ ਸੰਦੇਸ਼

ਦੀਪਕੇ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ NEET-CBSE ਵਿਦਿਆਰਥੀਆਂ ਨੂੰ ਇਨਸਾਫ਼ ਉਦੋਂ ਹੀ ਮਿਲ ਸਕਦਾ ਹੈ ਜਦੋਂ ਸਾਰੇ ਯੁਵਾ ਸੰਗਠਨ ਅਤੇ ਵਿਦਿਆਰਥੀ ਇਕਜੁੱਟ ਹੋ ਕੇ ਆਵਾਜ਼ ਉਠਾਉਣ। ਉਨ੍ਹਾਂ ਇਸ ਮੌਕੇ ਸਿਰਫ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਤੇ ਕਿਹਾ ਕਿ ਉਨ੍ਹਾਂ ਦਾ ਮੁੱਖ ਏਜੰਡਾ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਜ਼ੋਰ ਪਹੁੰਚਾਉਣਾ ਹੈ।

ਕੀ ਹੈ ਪਾਰਟੀ ਦਾ ਰੋਡ ਮੈਪ

ਪਾਰਟੀ ਵੱਲੋਂ ਜਾਰੀ ਯੋਜਨਾ ਅਨੁਸਾਰ ਹੁਣ ਅੰਮ੍ਰਿਤਸਰ ਤੋਂ ਇਲਾਵਾ ਜੈਪੁਰ (ਰਾਜਸਥਾਨ), ਬੈਂਗਲੁਰੂ (ਕਰਨਾਟਕ) ਅਤੇ ਹੈਦਰਾਬਾਦ (ਤੇਲੰਗਾਨਾ) ਵਿੱਚ ਵੀ ਅਜਿਹੇ ਵਿਰੋਧ ਪ੍ਰਦਰਸ਼ਨ ਕਰਨ ਦਾ ਰੋਡਮੈਪ ਤਿਆਰ ਕੀਤਾ ਗਿਆ ਹੈ। CJP ਦਾ ਕਹਿਣਾ ਹੈ ਕਿ ਉਹ NEET ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਮੁਹਿੰਮ ਚਲਾਉਣਗੇ।

ਕਿਸ ਤਰ੍ਹਾਂ ਹੌਂਦ ਵਿੱਚ ਆਈ ਕਾਕਰੋਚ ਪਾਰਟੀ

ਕਾਕਰੋਚ ਜਨਤਾ ਪਾਰਟੀ ਦਾ ਜਨਮ 5 ਮਈ 2026 ਨੂੰ ਚੀਫ਼ ਜਸਟਿਸ ਸੂਰਿਆਕਾਂਤ ਦੇ ਇੱਕ ਬਿਆਨ ਦੌਰਾਨ ਹੋਇਆ ਸੀ। ਜ਼ਿਕਰਯੋਗ ਹੈ ਕਿ ਮੁੱਖ ਨਿਆਂਧੀਸ਼ ਨੇ ਅਦਾਲਤ ਵਿੱਚ ਬੇਰੁਜ਼ਗਾਰ ਯੁਵਾਵਾਂ ਲਈ ਕਥਿਤ ਤੌਰ 'ਤੇ 'ਕਾਕਰੋਚ' ਅਤੇ 'ਸਮਾਜ ਦੇ ਪਰਜੀਵੀ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਆਪਣੇ ਬਿਆਨਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਸੋਸ਼ਲ ਮੀਡੀਆ 'ਤੇ ਬਹਿਸ ਆਪਣੇ ਸਿਖਰ 'ਤੇ ਪਹੁੰਚ ਚੁੱਕੀ ਸੀ।
ਇਸੇ ਦੌਰਾਨ ਅਭਿਜੀਤ ਦੀਪਕੇ ਨੇ X 'ਤੇ ਵਿਅੰਗ ਕਰਦਿਆਂ ਪੁੱਛਿਆ, "ਜੇਕਰ ਸਾਰੇ ਕਾਕਰੋਚ ਇਕੱਠੇ ਹੋ ਜਾਣ ਤਾਂ ਕੀ ਹੋਵੇਗਾ?" ਇਸ ਮਜ਼ਾਕੀਆ ਪੋਸਟ ਨੂੰ ਯੁਵਾਵਾਂ ਵਿੱਚ ਅਥਾਹ ਸਮਰਥਨ ਮਿਲਿਆ ਅਤੇ 16 ਮਈ 2026 ਨੂੰ ਦੀਪਕੇ ਨੇ ਔਨਲਾਈਨ ਪਾਰਟੀ ਰਜਿਸਟਰ ਕਰਵਾ ਲਈ। ਪਾਰਟੀ ਨੇ ਮੈਂਬਰ ਬਣਨ ਲਈ ਮਜ਼ਾਕੀਆ ਸ਼ਰਤ ਰੱਖੀ - "ਬੇਰੁਜ਼ਗਾਰ, ਆਲਸੀ ਅਤੇ ਹਮੇਸ਼ਾ ਔਨਲਾਈਨ ਰਹਿਣ ਵਾਲਾ।" ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਦੇ 2 ਕਰੋੜ ਤੋਂ ਵੱਧ ਫਾਲੋਅਰਜ਼ ਹੋ ਗਏ ਹਨ, ਜੋ ਕਈ ਵੱਡੀਆਂ ਪਾਰਟੀਆਂ ਦੇ ਫਾਲੋਇੰਗ ਤੋਂ ਵੀ ਕਿਤੇ ਅੱਗੇ ਹੈ।

Recent News