menu-icon
Punjabi Story Line
  • Home
  • News
  • Punjab
  • ਬਰਨਾਲਾ ਲਾਠੀਚਾਰਜ ਤੋਂ ਬਾਅਦ ਪੰਜਾਬ ਬੰਦ ਦਾ ਅਸਰ! ਜਲੰਧਰ ਦੇ ਕਈ ਸਕੂਲਾਂ ਨੇ ਸ਼ੁਰੂ ਕੀਤੀਆਂ ਆਨਲਾਈਨ ਕਲਾਸਾਂ

ਬਰਨਾਲਾ ਲਾਠੀਚਾਰਜ ਤੋਂ ਬਾਅਦ ਪੰਜਾਬ ਬੰਦ ਦਾ ਅਸਰ! ਜਲੰਧਰ ਦੇ ਕਈ ਸਕੂਲਾਂ ਨੇ ਸ਼ੁਰੂ ਕੀਤੀਆਂ ਆਨਲਾਈਨ ਕਲਾਸਾਂ

ਬਰਨਾਲਾ ਵਿੱਚ ਸਫਾਈ ਕਰਮਚਾਰੀਆਂ 'ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅਸਰ ਜਲੰਧਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੁਰੱਖਿਆ ਅਤੇ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਕਈ ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ।

Date Updated Last Updated : 27 July 2026, 12:53 PM IST
Share:

ਪੰਜਾਬ ਬੰਦ ਦੇ ਮੱਦੇਨਜ਼ਰ ਜਲੰਧਰ ਦੇ ਐਮਜੀਐਨ ਸਕੂਲ, ਸੇਠ ਹੁਕਮ ਚੰਦ ਸਕੂਲ, ਇਨੋਸੈਂਟ ਹਾਰਟਸ ਸਕੂਲ ਅਤੇ ਸ਼ਿਵ ਜੋਤੀ ਸਕੂਲ ਸਮੇਤ ਕਈ ਸਿੱਖਿਆ ਸੰਸਥਾਵਾਂ ਨੇ ਵਿਦਿਆਰਥੀਆਂ ਨੂੰ ਸਕੂਲ ਨਾ ਬੁਲਾ ਕੇ ਆਨਲਾਈਨ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਸੂਚਨਾ ਭੇਜ ਦਿੱਤੀ ਗਈ ਹੈ।

ਬੰਦ ਦੇ ਸਮਰਥਨ ਲਈ ਲੋਕਾਂ ਨੂੰ ਕੀਤੀ ਅਪੀਲ

ਵਾਲਮੀਕਿ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਆਮ ਲੋਕਾਂ, ਵਪਾਰਕ ਸੰਗਠਨਾਂ, ਸਮਾਜਿਕ ਸੰਸਥਾਵਾਂ ਅਤੇ ਹੋਰ ਵਰਗਾਂ ਨੂੰ ਪੰਜਾਬ ਬੰਦ ਦੇ ਸਮਰਥਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਾਜ਼ਾਰ, ਵਪਾਰਕ ਅਦਾਰੇ ਅਤੇ ਆਵਾਜਾਈ ਸੇਵਾਵਾਂ ਪ੍ਰਭਾਵਿਤ ਰਹਿ ਸਕਦੀਆਂ ਹਨ।

ਹਾਲੇ ਅਧਿਕਾਰਤ ਸਮਰਥਨ ਦੀ ਪੁਸ਼ਟੀ ਨਹੀਂ

ਭਾਵੇਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਪਰ ਹੁਣ ਤੱਕ ਕਿਸੇ ਵੱਡੇ ਵਪਾਰਕ ਜਾਂ ਸਮਾਜਿਕ ਸੰਗਠਨ ਵੱਲੋਂ ਇਸ ਦੇ ਸਮਰਥਨ ਦੀ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ। ਗੌਰਤਲਬ ਹੈ ਕਿ 22 ਜੁਲਾਈ ਨੂੰ ਬਰਨਾਲਾ ਵਿੱਚ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ 'ਤੇ ਕਥਿਤ ਪੁਲਿਸ ਲਾਠੀਚਾਰਜ ਹੋਇਆ ਸੀ। ਇਸ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਬਰਨਾਲਾ ਦੇ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ, ਪਰ ਵਾਲਮੀਕਿ ਭਾਈਚਾਰੇ ਦਾ ਰੋਸ ਅਜੇ ਵੀ ਜਾਰੀ ਹੈ।

ਭਾਈਚਾਰੇ ਨੇ ਕੀਤੀਆਂ ਇਹ ਮੰਗਾਂ

ਜਲੰਧਰ ਦੇ ਵਾਲਮੀਕਿ ਆਗੂ ਸੋਮਾ ਨੇ ਕਿਹਾ ਕਿ ਭਾਈਚਾਰਾ ਇਸ ਘਟਨਾ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਚਾਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਿਹੱਥੇ ਪ੍ਰਦਰਸ਼ਨਕਾਰੀਆਂ 'ਤੇ ਬਲ ਦੀ ਵਰਤੋਂ ਕਰਨ ਵਾਲੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪ੍ਰਭਾਵਿਤ ਸਫਾਈ ਕਰਮਚਾਰੀਆਂ ਨੂੰ ਜਲਦ ਇਨਸਾਫ਼ ਮਿਲੇ।

ਸਰਕਾਰ ਦੀ ਕਾਰਵਾਈ ਤੋਂ ਬਾਅਦ ਵੀ ਨਹੀਂ ਠੰਢਾ ਹੋਇਆ ਮਾਮਲਾ

ਡੀਐਸਪੀ ਦੀ ਮੁਅੱਤਲੀ ਨੂੰ ਸਰਕਾਰ ਦੀ ਸ਼ੁਰੂਆਤੀ ਕਾਰਵਾਈ ਮੰਨਿਆ ਜਾ ਰਿਹਾ ਹੈ, ਪਰ ਵਾਲਮੀਕਿ ਭਾਈਚਾਰਾ ਇਸ ਨੂੰ ਕਾਫ਼ੀ ਨਹੀਂ ਮੰਨਦਾ। ਭਾਈਚਾਰੇ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹਿ ਸਕਦਾ ਹੈ। ਇਸੇ ਕਾਰਨ ਪੰਜਾਬ ਬੰਦ ਨੂੰ ਲੈ ਕੇ ਸੂਬੇ ਦੇ ਕਈ ਸ਼ਹਿਰਾਂ ਵਿੱਚ ਹਾਲਾਤਾਂ 'ਤੇ ਪ੍ਰਸ਼ਾਸਨ ਦੀ ਵੀ ਨਜ਼ਰ ਬਣੀ ਹੋਈ ਹੈ।

Recent News