ਕਾਊਂਟਰ ਇੰਟੈਲੀਜੈਂਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਕਾਊਂਟਰ ਇੰਟੈਲੀਜੈਂਸ ਨੇ ਪੰਜਾਬ ਦੇ ਬਠਿੰਡਾ 'ਚ ਪਾਕਿਸਤਾਨ ਸਥਿਤ ਅੱਤਵਾਦੀ ਮਾਡਿਊਲ ਨਾਲ ਜੁੜੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅੱਤਵਾਦੀ ਮਾਡਿਊਲ ਨੂੰ ਪਾਕਿ ਖੁਫੀਆ ਏਜੰਸੀ ਆਈਐਸਆਈ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ 8 ਪਿਸਤੌਲ, 9 ਮੈਗਜ਼ੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਗੋਬਿੰਦਪੁਰਾ ਨਹਿਰ ਨੇੜਿਓਂ ਕੀਤਾ ਕਾਬੂ
ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਰਾਜ ਭੁਪਿੰਦਰ ਸਿੰਘ ਉਰਫ਼ ਭਿੰਦਾ ਵਾਸੀ ਢਿੱਖ ਜ਼ਿਲ੍ਹਾ ਬਠਿੰਡਾ, ਰਮਨ ਕੁਮਾਰ ਰਮਣੀ ਵਾਸੀ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਜਗਜੀਤ ਸਿੰਘ ਟੈਣਾ ਵਾਸੀ ਢਿਲਵਾ ਖੁਰਦ ਜ਼ਿਲ੍ਹਾ ਫ਼ਰੀਦਕੋਟ ਚੋਰੀ ਦੀ ਆਲਟੋ ਕਾਰ ਵਿੱਚ ਘੁੰਮ ਰਹੇ ਹਨ। ਉਹ ਗੋਬਿੰਦਪੁਰਾ ਤੋਂ ਬਠਿੰਡਾ ਆ ਰਹੇ ਹਨ। ਜਿਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੋਬਿੰਦਪੁਰਾ ਨਹਿਰ ਨੇੜੇ ਨਾਕਾਬੰਦੀ ਕਰ ਦਿੱਤੀ। ਜਿੱਥੋਂ ਆਲਟੋ ਕਾਰ ਨੂੰ ਘੇਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ।
ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਸੰਪਰਕ ਵਿੱਚ ਸਨ ਮੁਲਜ਼ਮ
ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਤਿੰਨੇ ਮੁਲਜ਼ਮ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਕੁਲਵਿੰਦਰ ਸਿੰਘ ਕਿੰਦਾ ਖਾਨਪੁਰੀਆ, ਹਰਚਰਨ ਸਿੰਘ ਦਿੱਲੀ ਅਤੇ ਸੁਲਤਾਨ ਸਿੰਘ ਅੰਮ੍ਰਿਤਸਰ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੇ ਨਿਰਦੇਸ਼ਾਂ 'ਤੇ ਉਹ ਇਕ ਧਾਰਮਿਕ ਆਗੂ ਨੂੰ ਮਾਰਨ ਜਾ ਰਹੇ ਸਨ।
ਫਿਲਹਾਲ ਪੁਲਿਸ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਪੂਰੀ ਪਲਾਨਿੰਗ ਦਾ ਪਤਾ ਲੱਗ ਸਕੇ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਗੈਂਗਸਟਰਾਂ ਰਾਹੀਂ ਉਹ ਪਾਕਿਸਤਾਨੀ ਅੱਤਵਾਦੀ ਮਾਡਿਊਲ ਨਾਲ ਜੁੜੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਹੋਏ।