ਚੰਡੀਗੜ੍ਹ. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਲਕਸ਼ ਨਾਲ ਨਿਵੇਸ਼ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਮੁੰਬਈ ਨਿਵੇਸ਼ ਰੋਡ ਸ਼ੋਅ ਦੇ ਦੂਜੇ ਦਿਨ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਉਸਦਾ ਮਕਸਦ ਸਿਰਫ਼ ਪੂੰਜੀ ਨਿਵੇਸ਼ ਲਿਆਉਣਾ ਨਹੀਂ, ਸਗੋਂ ਉਸ ਨਿਵੇਸ਼ ਨੂੰ ਸਿੱਧਾ ਨੌਕਰੀਆਂ ਅਤੇ ਉਦਯੋਗਿਕ ਵਿਕਾਸ ਵਿੱਚ ਤਬਦੀਲ ਕਰਨਾ ਹੈ। ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ ਤਹਿਤ ਹੋ ਰਹੀਆਂ ਉੱਚ-ਪੱਧਰੀ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਨੇ ਐਮਐਸਐਮਈ ਸੈਕਟਰ ਨੂੰ ਮਜ਼ਬੂਤ ਕਰਨ, ਛੋਟੇ ਉਦਯੋਗਾਂ ਨੂੰ ਵੱਡੇ ਉੱਦਮਾਂ ਵਿੱਚ ਬਦਲਣ ਅਤੇ ਨਿਰਮਾਣ, ਲੌਜਿਸਟਿਕਸ ਤੇ ਉੱਭਰਦੇ ਖੇਤਰਾਂ ਵਿੱਚ ਵਿਸ਼ਵ ਪੱਧਰੀ ਨਿਵੇਸ਼ ਆਕਰਸ਼ਿਤ ਕਰਨ ਦੀ ਆਪਣੀ ਰਣਨੀਤੀ ਪੇਸ਼ ਕੀਤੀ।
ਵਫ਼ਦ ਨੇ ਸਨਾਤਨ ਟੈਕਸਟਾਈਲ, ਮਹਿੰਦਰਾ ਗਰੁੱਪ ਸਮੇਤ ਕਈ ਪ੍ਰਮੁੱਖ ਉਦਯੋਗ ਸਮੂਹਾਂ ਨਾਲ ਮੀਟਿੰਗਾਂ ਕਰਕੇ ਟੈਕਸਟਾਈਲ, ਆਟੋਮੋਟਿਵ, ਖੇਤੀ ਉਪਕਰਣ, ਰੱਖਿਆ ਨਿਰਮਾਣ ਅਤੇ ਸਪਲਾਈ-ਚੇਨ ਏਕੀਕਰਨ ’ਚ ਨਵੇਂ ਨਿਵੇਸ਼ ਮੌਕਿਆਂ ’ਤੇ ਚਰਚਾ ਕੀਤੀ। ਮੀਟਿੰਗਾਂ ਦੌਰਾਨ ਪੰਜਾਬ ਦੇ ਹੁਨਰਮੰਦ ਕਾਰਜਬਲ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਸਥਿਰ ਨੀਤੀਆਂ ਨੂੰ ਨਿਵੇਸ਼ਕਾਂ ਲਈ ਵੱਡੀ ਤਾਕਤ ਵਜੋਂ ਪੇਸ਼ ਕੀਤਾ ਗਿਆ।
ਸੀਐਕਸਓ ਰਾਊਂਡਟੇਬਲ ਮੀਟਿੰਗ ਦੌਰਾਨ ਪ੍ਰਾਈਵੇਟ ਇਕੁਇਟੀ ਫਰਮਾਂ ਅਤੇ ਵਿੱਤੀ ਸੰਸਥਾਵਾਂ ਨਾਲ ਐਮਐਸਐਮਈਜ਼ ਨੂੰ ਵੱਡੇ ਅਤੇ ਗਲੋਬਲ ਪੱਧਰ ’ਤੇ ਮੁਕਾਬਲੇਯੋਗ ਬਣਾਉਣ ਲਈ ਪੂੰਜੀ ਨਿਵੇਸ਼, ਵਿੱਤੀ ਸਹਾਇਤਾ ਅਤੇ ਮਾਰਕੀਟ ਪਹੁੰਚ ’ਤੇ ਵਿਸਥਾਰਪੂਰਕ ਵਿਚਾਰ-ਵਟਾਂਦਰਾ ਹੋਇਆ। ਇਸ ਵਿੱਚ ਬੇਰਿੰਗ ਪ੍ਰਾਈਵੇਟ ਇਕੁਇਟੀ, ਜੇਐਮ ਫਾਈਨੈਂਸ਼ੀਅਲ, ਐਵੇਂਡਸ, ਨਿਓ ਵੈਲਥ, ਓਏਕੇਐਸ ਅਤੇ ਅਲਵਾਰੇਜ਼ ਐਂਡ ਮਾਰਸਲ ਵਰਗੀਆਂ ਪ੍ਰਮੁੱਖ ਸੰਸਥਾਵਾਂ ਸ਼ਾਮਲ ਹੋਈਆਂ।
ਇਨਵੈਸਟ ਪੰਜਾਬ ਦੇ ਸੀਈਓ ਨੇ ਸੂਬੇ ਦੀ ਰੀਫਾਰਮ-ਅਧਾਰਿਤ ਸ਼ਾਸਨ ਪ੍ਰਣਾਲੀ, ਫਾਸਟਟ੍ਰੈਕ ਸਿੰਗਲ-ਵਿੰਡੋ ਕਲੀਅਰੈਂਸ ਅਤੇ ਸਮਾਂ-ਬੱਧ ਮਨਜ਼ੂਰੀ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਪ੍ਰਸ਼ਾਸਕੀ ਸਕੱਤਰ ਨੇ ਨਿਵੇਸ਼ਕ-ਦੋਸਤ ਨੀਤੀਆਂ ਅਤੇ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।
ਡੀਪੀ ਵਰਲਡ ਨਾਲ ਮੀਟਿੰਗ ਦੌਰਾਨ ਲੌਜਿਸਟਿਕਸ, ਇਨਲੈਂਡ ਟਰਮੀਨਲਾਂ ਅਤੇ ਮਲਟੀਮੋਡਲ ਢਾਂਚੇ ’ਤੇ ਗੱਲਬਾਤ ਹੋਈ, ਜਦਕਿ ਐਵੇਨਿਊ ਸੁਪਰਮਾਰਟਸ, ਯੂਪੀਐਲ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਮੈਨੇਜਮੈਂਟ ਨਾਲ ਖੇਤੀ-ਇਨਪੁਟਸ, ਪ੍ਰਚੂਨ, ਭੋਜਨ ਪ੍ਰਣਾਲੀ ਅਤੇ ਖੇਡ ਸਿੱਖਿਆ ਖੇਤਰ ਵਿੱਚ ਨਿਵੇਸ਼ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਗਿਆ।
ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਇਹ ਨਿਵੇਸ਼ ਮੁਹਿੰਮ ਸੂਬੇ ਨੂੰ ਸਿਰਫ਼ ਉਦਯੋਗਿਕ ਹੱਬ ਨਹੀਂ, ਸਗੋਂ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਮਾਡਲ ਵਿੱਚ ਬਦਲਣ ਵੱਲ ਇਕ ਠੋਸ ਕਦਮ ਹੈ। ਮੁੰਬਈ ਰੋਡ ਸ਼ੋਅ ਨੇ ਦਰਸਾ ਦਿੱਤਾ ਕਿ ਆਉਣ ਵਾਲੇ ਸਮੇਂ ’ਚ ਪੰਜਾਬ ’ਚ ਨਵੇਂ ਉਦਯੋਗ, ਹੁਨਰਮੰਦ ਨੌਕਰੀਆਂ ਅਤੇ ਲੰਬੇ ਸਮੇਂ ਦਾ ਰੋਜ਼ਗਾਰ ਪੈਦਾ ਹੋਣ ਦੀ ਪੂਰੀ ਸੰਭਾਵਨਾ ਹੈ।