menu-icon
Punjabi Story Line
  • Home
  • News
  • Punjab
  • ਕਰੋੜਾਂ ਦੀ ਜਾਇਦਾਦ ਦਾ ਇੰਤਕਾਲ ਕਰਨ ਬਦਲੇ 34 ਲੱਖ 70 ਹਜ਼ਾਰ ਦੀ ਰਿਸ਼ਵਤ

ਕਰੋੜਾਂ ਦੀ ਜਾਇਦਾਦ ਦਾ ਇੰਤਕਾਲ ਕਰਨ ਬਦਲੇ 34 ਲੱਖ 70 ਹਜ਼ਾਰ ਦੀ ਰਿਸ਼ਵਤ

4 ਜਣਿਆਂ ਖਿਲਾਫ ਮੁੱਕਦਮਾ ਦਰਜ। ਪਟਵਾਰੀ ਦਾ ਪਿਤਾ ਤੇ ਭਰਾ ਵੀ ਨਿਕਲੇ ਮੁਲਜ਼ਮ।

Date Updated Last Updated : 24 November 2023, 07:50 PM IST
Share:

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਮਾਲ ਹਲਕਾ ਪੀਰੂਬੰਦਾ ਪੂਰਬੀ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ ਅਤੇ ਉਸਦੇ ਨਿੱਜੀ ਏਜੰਟ ਨਿੱਕੂ ਵਿਰੁੱਧ 34 ਲੱਖ 70 ਹਜ਼ਾਰ ਰੁਪਏ ਰਿਸ਼ਵਤ ਲੈਣ ਲਈ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ। ਇਸ ਕੇਸ 'ਚ ਪਟਵਾਰੀ ਦੇ ਭਰਾ ਅਤੇ ਪਿਤਾ ਨੂੰ ਵੀ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਸ਼ਾਮਲ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੱਬੂ ਤੰਵਰ ਵਾਸੀ ਕਸਬਾ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੇ ਉਕਤ ਪਟਵਾਰੀ ਅਤੇ ਉਸਦੇ ਪ੍ਰਾਈਵੇਟ ਏਜੰਟ ਖਿਲਾਫ਼ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ। 

ਸ਼ਿਕਾਇਤ ਦੀ ਪੜਤਾਲ ਦੌਰਾਨ ਖੁਲਾਸੇ 

ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦੀ ਟੀਮ ਵੱਲੋਂ ਸ਼ਿਕਾਇਤ ਦੀ ਪੜਤਾਲ ਕੀਤੀ ਗਈ। ਜਿਸ ਦੌਰਾਨ ਸਾਹਮਣੇ ਆਇਆ ਕਿ ਉਕਤ ਪਟਵਾਰੀ, ਉਸਦੇ ਏਜੰਟ ਨਿੱਕੂ, ਪਿਤਾ ਪਰਮਜੀਤ ਸਿੰਘ ਅਤੇ ਉਕਤ ਪਟਵਾਰੀ ਦੇ ਭਰਾ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਸ਼ਿਕਾਇਤਕਰਤਾ ਦੇ ਪਿਤਾ ਦੀ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸਥਿਤ ਜਾਇਦਾਦ ਦੇ ਇੰਤਕਾਲ ਨੂੰ ਮਨਜ਼ੂਰੀ ਦੇਣ ਬਦਲੇ ਵੱਖ-ਵੱਖ ਸਮਿਆਂ ‘ਤੇ ਚਾਰ ਵਾਰ ‘ਚ ਕੁੱਲ ਸਾਢੇ 27 ਲੱਖ  ਰੁਪਏ ਰਿਸ਼ਵਤ ਲਈ। 

ਆਈ-ਫੋਨ, ਘੜੀਆਂ, ਪਾਕਿਸਤਾਨੀ ਜੁੱਤੀਆਂ ਖਰੀਦੀਆਂ 

ਸ਼ਿਕਾਇਤਕਰਤਾ ਨੇ ਹੋਰ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਪਟਵਾਰੀ ਅਤੇ ਉਸਦੇ ਏਜੰਟ ਨਿੱਕੂ ਨੇ ਉਸ ਤੋਂ ਸਮਾਰਟ ਘੜੀਆਂ ਸਮੇਤ ਦੋ ’ਆਈ-ਫੋਨ’ ਅਤੇ 3 ਲੱਖ ਰੁਪਏ ਕੀਮਤ ਵਾਲੀਆਂ ਪਾਕਿਸਤਾਨੀ ਜੁੱਤੀਆਂ ਖਰੀਦਣ ਲਈ 3 ਲੱਖ 40 ਹਜ਼ਾਰ ਰੁਪਏ ਵੀ ਲਏ ਸਨ। ਇਸਤੋਂ ਇਲਾਵਾ ਸ਼ਿਕਾਇਤਕਰਤਾ ਵੱਲੋਂ ਉਕਤ ਪਟਵਾਰੀ ਦੇ ਵਿਚੋਲੀਏ ਨਿੱਕੂ ਦੀ ਜਨਮਦਿਨ ਪਾਰਟੀ ਮੌਕੇ 80 ਹਜ਼ਾਰ ਰੁਪਏ ਖਰਚ ਕੀਤੇ ਸਨ। ਤਫ਼ਤੀਸ਼ ਮੁਤਾਬਕ ਉਕਤ ਪਟਵਾਰੀ ਨੇ ਨਾ ਤਾਂ ਇਸ ਜਾਇਦਾਦ ਦਾ ਇੰਤਕਾਲ ਦਰਜ ਕੀਤਾ ਅਤੇ ਨਾ ਹੀ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ।  ਜਿਸਤੋਂ ਸਿੱਧ ਹੁੰਦਾ ਹੈ ਕਿ ਦੋਵਾਂ ਮੁਲਜ਼ਮਾਂ ਨੇ ਰਿਸ਼ਵਤ ਲੈਕੇ ਵੀ ਉਸ ਨਾਲ ਠੱਗੀ ਕੀਤੀ ਹੈ। 

ਭਰਾ ਤੇ ਪਿਤਾ ਵੀ ਪਟਵਾਰੀ ਨਾਲ ਰਲੇ 

ਵਿਜੀਲੈਂਸ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਪਟਵਾਰੀ ਗੁਰਵਿੰਦਰ ਸਿੰਘ, ਉਸਦੇ ਸਾਥੀ ਨਿੱਕੂ ਸਮੇਤ ਪਟਵਾਰੀ ਦੇ ਭਰਾ ਅਤੇ ਪਿਤਾ ਨੂੰ ਰਿਸ਼ਵਤ ਮੰਗਣ ਅਤੇ ਲੈਣ ਅਤੇ ਆਪਸੀ ਮਿਲੀਭੁਗਤ ਨਾਲ ਸਾਜ਼ਿਸ਼ ਰਚਣ ਵਿੱਚ ਦੋਸ਼ੀ ਪਾਉਂਦਿਆਂ ਇਨ੍ਹਾਂ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਅਤੇ ਆਈ.ਪੀ.ਸੀ. ਦੀ ਧਾਰਾ 420, 120-ਬੀ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਐਫ.ਆਈ.ਆਰ. ਨੰਬਰ 29 ਮਿਤੀ 24-11-2023 ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਪੁੱਛਗਿੱਛ ’ਚ ਸ਼ਾਮਿਲ ਹੋਣ ਲਈ ਨਹੀਂ ਆਏ ਅਤੇ ਇਸ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

Recent News