ਕੇਂਦਰ ਨੇ ਪੰਜਾਬ ਦੀ ਰੋਕੀ 350 ਕਰੋੜ ਰੁਪਏ ਦੀ ਸਬਸਿਡੀ, ਜਾਣੋ ਕੀ ਹੈ ਕਾਰਣ

140 ਕਰੋੜ ਦੇ ਘਪਲੇ ਦੀ ਸਰਵੇ ਰਿਪੋਰਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਹੁਣ ਪੰਜਾਬ ਵਿੱਚ ਵੀ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Nishant Singhi
Calendar

Share:

ਕੇਂਦਰ ਸਰਕਾਰ ਨੇ ਪਰਾਲੀ ਦੀ ਮਸ਼ੀਨਰੀ 'ਤੇ ਪੰਜਾਬ ਨੂੰ ਦਿੱਤੀ ਜਾਣ ਵਾਲੀ 350 ਕਰੋੜ ਰੁਪਏ ਦੀ ਸਬਸਿਡੀ ਰਾਸ਼ੀ ਰੋਕ ਦਿੱਤੀ ਹੈ। ਇਸਦਾ ਇਕ ਵੱਡਾ ਕਾਰਣ ਸਾਹਮਣੇ ਆਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਰਾਲੀ ਦੀ ਮਸ਼ੀਨਾਂ ਦੀ ਖਰੀਦ-ਵੇਚ ਤੋਂ ਬਿਨਾਂ ਹੀ 140 ਕਰੋੜ ਰੁਪਏ ਦੀ ਸਬਸਿਡੀ ਦਾ ਘਪਲਾ ਹੋਇਆ ਹੈ। ਜਿੱਥੇ ਪੰਜਾਬ ਸਰਕਾਰ ਵਲੋਂ ਪਰਾਲੀ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਇਹ ਘਪਲਾ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜੇ ਹੋਣ ਲਗ ਪਏ ਹਨ। ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ ਕਰਨ ਲਈ ਟੀਮਾਂ ਵੀ ਪੰਜਾਬ ਵਿੱਚ ਭੇਜੀਆਂ ਗਈਆਂ ਹਨ। ਇਸ ਤੋਂ ਪਹਿਲਾਂ ਕੇਂਦਰ ਨੇ 2018-19 ਤੋਂ 2021-22 ਦੌਰਾਨ ਪਰਾਲੀ ਦੀ ਮਸ਼ੀਨਰੀ 'ਤੇ ਸਬਸਿਡੀ ਦੇ ਬਦਲੇ 1178 ਕਰੋੜ ਰੁਪਏ ਜਾਰੀ ਕੀਤੇ ਹਨ। 140 ਕਰੋੜ ਦੇ ਘਪਲੇ ਦੀ ਸਰਵੇ ਰਿਪੋਰਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਹੁਣ ਪੰਜਾਬ ਵਿੱਚ ਵੀ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

11 ਹਜ਼ਾਰ ਤੋਂ ਵੱਧ ਮਸ਼ੀਨਾਂ ਕਿਸਾਨਾਂ ਤੱਕ ਨਹੀਂ ਪਹੁੰਚੀਆਂ 

ਸੂਬਾ ਸਰਕਾਰ ਦੀ ਸਰਵੇ ਰਿਪੋਰਟ 2021-22 ਅਤੇ 2022-23 ਦੌਰਾਨ ਪਰਾਲੀ ਮਸ਼ੀਨਾਂ 'ਤੇ ਜਾਰੀ ਕੀਤੀ ਗਈ ਸਬਸਿਡੀ 'ਚ ਹੋਈਆਂ ਬੇਨਿਯਮੀਆਂ ਨਾਲ ਸਬੰਧਤ ਹੈ। ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 11 ਹਜ਼ਾਰ ਤੋਂ ਵੱਧ ਮਸ਼ੀਨਾਂ ਕਿਸਾਨਾਂ ਤੱਕ ਨਹੀਂ ਪਹੁੰਚੀਆਂ ਅਤੇ ਜਾਅਲੀ ਬਿੱਲ ਬਣਾ ਕੇ ਸਬਸਿਡੀ ਦੀ ਰਕਮ ਹੜੱਪ ਲਈ ਗਈ। ਹਾਲ ਹੀ ਵਿੱਚ ਫਾਜ਼ਿਲਕਾ ਅਤੇ ਫਰੀਦਕੋਟ ਵਿੱਚ ਜਾਂਚ ਦੌਰਾਨ ਪੰਜਾਬ ਸਰਕਾਰ ਨੂੰ 1800 ਦੇ ਕਰੀਬ ਅਜਿਹੇ ਕਿਸਾਨਾਂ ਦਾ ਪਤਾ ਲੱਗਾ, ਜਿਨ੍ਹਾਂ ਦੇ ਨਾਂ ’ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਖਰੀਦ ਦੇ ਰਿਕਾਰਡ ਸਨ, ਪਰ ਜਾਂਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਖੇਤਾਂ ਅਤੇ ਘਰਾਂ ਵਿੱਚ ਮਸ਼ੀਨਾਂ ਨਹੀਂ ਮਿਲੀਆਂ।

ਕਿਸਾਨਾਂ ਦੇ ਘਰ ਪਹੁੰਚ ਕੇ ਟੀਮਾਂ ਕਰ ਰਹੀਆਂ ਮਸ਼ੀਨਰੀ ਦੀ ਪਛਾਣ 

ਜਾਣਕਾਰੀ ਦੇ ਮੁਤਾਬਿਕ 16 ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੇ ਘਰ ਪਹੁੰਚ ਕੇ ਕੇਂਦਰੀ ਟੀਮਾਂ ਮਸ਼ੀਨਰੀ ਦੀ ਪਛਾਣ ਕਰ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਕੇਂਦਰੀ ਟੀਮਾਂ ਨੇ ਇਸ ਜਾਂਚ ਪ੍ਰਕਿਰਿਆ ਵਿੱਚ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਹੈ। ਟੀਮਾਂ ਸਿੱਧੇ ਪਿੰਡਾਂ ਵਿੱਚ ਪਹੁੰਚ ਕੇ ਸਬੰਧਤ ਕਿਸਾਨਾਂ ਦੇ ਘਰਾਂ ਅਤੇ ਖੇਤਾਂ ਵਿੱਚ ਮਸ਼ੀਨਰੀ ਦੀ ਸ਼ਨਾਖਤ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਕੇਂਦਰੀ ਟੀਮਾਂ 20 ਨਵੰਬਰ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪਣਗੀਆਂ। ਪੰਜਾਬ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਕੇਂਦਰੀ ਟੀਮਾਂ ਸਰਕਾਰ ਨੂੰ ਰਿਪੋਰਟ ਸੌਂਪਣਗੀਆਂ, ਜਿਸ ਤੋਂ ਬਾਅਦ ਕੇਂਦਰ ਵੱਲੋਂ ਇਸ ਸਾਲ ਲਈ ਪੰਜਾਬ ਨੂੰ ਸਬਸਿਡੀ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਕੇਂਦਰੀ ਟੀਮਾਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਖਰੀਦੀ ਗਈ ਮਸ਼ੀਨਰੀ ਦਾ ਨਿਰੀਖਣ ਕਰ ਰਹੀਆਂ ਹਨ। 

ਇਹ ਵੀ ਪੜ੍ਹੋ