Courtesy: pinterest
ਅੰਮ੍ਰਿਤਸਰ: ਪੰਜਾਬ ਵਿੱਚ ਆਉਣ ਵਾਲੇ ਅਗਲੇ ਕੁੱਝ ਦਿਨਾਂ ਤੱਕ ਬਾਰਿਸ਼ ਦੀ ਸੰਭਾਵਨਾ ਹੈ। ਅੱਜ ਸੂਬੇ ਦੇ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 6 ਜ਼ਿਲ੍ਹਿਆਂ ‘ਚ ਯੈਲੋ ਅਲਰਟ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸਾਰੇ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਹੈ। ਤਾਂ ਆਓ ਜਾਣਦੇ ਹਾਂ ਅੱਜ ਪੰਜਾਬ ਦੇ ਕਿਹੜੇ ਜ਼ਿਲਿਆਂ 'ਚ ਤੇਜ਼ ਬਾਰਿਸ਼ ਦੇ ਆਸਾਰ ਹਨ ਅਤੇ ਕਿਨ੍ਹਾਂ ਜ਼ਿਲ੍ਹਿਆਂ 'ਚ ਹਲਕੀ ਬੂੰਦਾਬਾਂਦੀ ਹੋਵੇਗੀ।
ਪੰਜਾਬ ਵਿੱਚ ਬੀਤੇ ਦਿਨ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਰਪੋਰਟ) ਜ਼ਿਲ੍ਹੇ ਦਾ ਦਰਜ ਕੀਤਾ ਗਿਆ, ਜੋ ਕਿ 37.1 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਨੇ ਸੂਬੇ 'ਚ ਅੱਜ ਭਾਰੀ ਬਾਰਿਸ਼, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਨਾਲ ਲੋਕਾਂ ਨੂੰ ਬੇਵਜ੍ਹਾ ਬਾਹਰ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਮੱਧ ਪ੍ਰਦੇਸ਼ ਅਤੇ ਵਿਦਰਭ ਉੱਤੇ ਬਣੇ ਦਬਾਅ ਕਾਰਨ ਇਸ ਸਮੇਂ ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਵਿੱਚ ਮੀਂਹ ਪਾ ਰਿਹਾ ਹੈ। ਇਸ ਕਾਰਨ, ਮਾਨਸੂਨ ਟ੍ਰਫ ਪੰਜਾਬ ਦੇ ਦੱਖਣ ਵੱਲ ਬਣਿਆ ਹੋਇਆ ਹੈ। ਇਸ ਦੌਰਾਨ, ਪੰਜਾਬ ਉੱਤੇ ਸਰਗਰਮ ਪੱਛਮੀ ਗੜਬੜੀ ਉੱਤਰੀ ਹਰਿਆਣਾ ਵੱਲ ਵਧ ਗਈ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰੁਕ-ਰੁਕ ਕੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੂਫਾਨ ਦੀ ਸੰਭਾਵਨਾ ਹੈ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ‘ਚ ਆਰੇਂਜ ਅਲਰਟ ਹੈ, ਇੱਥੇ ਦੂਰ-ਦੁਰਾਡੇ ਇਲਾਕਿਆਂ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਦੇ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ।
1 ਅਗਸਤ ਲਈ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ, ਐਸਏਐਸ ਨਗਰ (ਮੁਹਾਲੀ) ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਇੱਥੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਨਾਲ ਬਿਜਲੀ ਚਮਕਣ ਤੇ ਬਦਲ ਗਰਜਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਹੈ।
ਪੰਜਾਬ ਵਿੱਚ 2 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ‘ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਨਾ ਹੀ ਬਦਲ ਗਰਜਣ ਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।
3 ਅਤੇ 4 ਅਗਸਤ ਵੀ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਾਜ਼ਿਲਕਾ, ਮੁਕਤਸਰ ਤੇ ਬਠਿੰਡਾ ‘ਚ ਯੈਲੋ ਅਲਰਟ ਹੈ। ਦੂਰ-ਦੁਰਾਡੇ ਇਲਾਕਿਆਂ 'ਚ ਭਾਰੀ ਮੀਂਹ ਦੇ ਨਾਲ ਬਦਲ ਗਰਜਣ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।