Courtesy: file photo
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ 12 ਅਪ੍ਰੈਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਸੂਬੇ ਦੇ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਨਗੇ। ਇਸ ਮਿਲਣੀ ਦਾ ਉਦੇਸ਼ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾਉਣ ਲਈ ਉਤਸ਼ਾਹਤ ਕਰਨਾ ਹੈ ਤਾਂ ਕਿ ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਨੂੰ ਬਚਾਇਆ ਜਾ ਸਕੇ। ਇਹ ਕਿਸਾਨ ਮਿਲਣੀ ਸ਼ਨਿਚਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਵੇਗੀ ਜਿੱਥੇ 1100 ਤੋਂ ਵੱਧ ਕਿਸਾਨ ਸ਼ਿਰਕਤ ਕਰਨਗੇ। ਇਸ ਮੌਕੇ ਵੱਖ-ਵੱਖ ਸਟਾਲ ਵੀ ਲਾਏ ਜਾਣਗੇ ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਸਰਕਾਰ ਦੁਆਰਾ ਖੇਤੀ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਇਸ ਵਿਸ਼ੇਸ਼ ਸਰਕਾਰ-ਕਿਸਾਨ ਮਿਲਣੀ ਦਾ ਮਨੋਰਥ ਝੋਨੇ ਦੀ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਝੋਨੇ ਦੀ ਫਸਲ ਬਾਰੇ ਜਾਗਰੂਕ ਕਰਨਾ ਹੈ।
ਇਸ ਮਿਲਣੀ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਲਈ ਪਾਣੀ ਦੀ ਘੱਟ ਖਪਤ ਵਾਲੀਆਂ ਤਕਨੀਕਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਅਕਤੂਬਰ ਵਿੱਚ ਝੋਨਾ ਵੱਢਣ ਉਪਰੰਤ ਵੱਧ ਨਮੀ ਕਾਰਨ ਫਸਲ ਵੇਚਣ ਮੌਕੇ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਬਚਾਉਣ ਲਈ ਇਸ ਸਾਲ ਸੂਬਾ ਸਰਕਾਰ ਨੇ ਝੋਨੇ ਦੀ ਲੁਆਈ ਦਾ ਸੀਜ਼ਨ ਇਕ ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਝੋਨੇ ਦੀ ਫਸਲ ਲਈ ਜੋਨ ਅਧਾਰਿਤ ਕਾਸ਼ਤ ਯਕੀਨੀ ਬਣਾਈ ਜਾਵੇਗੀ ਅਤੇ ਇਸ ਮਕਸਦ ਲਈ ਸੂਬਾ ਸਰਕਾਰ ਨੇ ਲੋੜੀਂਦੀ ਵਿਉਂਤਬੰਦੀ ਅਤੇ ਬੰਦੋਬਸਤ ਪਹਿਲਾਂ ਹੀ ਕਰ ਲਏ ਹਨ। ਝੋਨੇ ਦੀ ਲੁਆਈ ਨੂੰ ਅਸਰਦਾਰ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਸੂਬੇ ਨੂੰ ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਝੋਨੇ ਦੀ ਪੜਾਅਵਾਰ ਕਾਸ਼ਤ ਬਾਰੇ ਤਰੀਕਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ ਤਾਂ ਕਿ ਕਿਸਾਨ ਇਸ ਦਾ ਲਾਭ ਲੈ ਸਕਣ। ਸੂਬਾ ਸਰਕਾਰ ਇਸ ਮਿਲਣੀ ਦੌਰਾਨ ਖੇਤੀਬਾੜੀ ਮਾਹਿਰਾਂ ਨੂੰ ਵੀ ਨਾਲ ਜੋੜੇਗੀ ਤਾਂ ਕਿ ਇਸ ਦਾ ਫਾਇਦਾ ਕਿਸਾਨਾਂ ਨੂੰ ਮਿਲ ਸਕੇ। ਇਹ ਮਿਲਣੀ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਉਤੇ ਕੇਂਦਰਿਤ ਹੋਵੇਗੀ।